ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਬੱਚਿਆਂ ਦੀ ਹੋ ਰਹੀ ਸਾਂਭ-ਸੰਭਾਲ ਬਾਰੇ ਪਿਛਲੇ ਦਿਨੀਂ ਇਕ ਨਵੀਂ ਅਹਿਮ ਰਿਪੋਰਟ ਸਾਹਮਣੇ ਆਈ ਹੈ। ਕਿਸੇ ਏਜੰਸੀ ਵੱਲੋਂ ”ਅਰਲੀ ਚਾਈਲਡ ਐਜੂਕੇਸ਼ਨ ਐਂਡ ਕੇਅਰ ਇਨ ਕੈਨੇਡਾ 2023” ਦੇ ਨਾਂ ਹੇਠ ਆਜ਼ਾਦਾਨਾ ਤੌਰ ‘ਤੇ ਕਰਵਾਈ ਗਈ ਇਹ ਰਿਪੋਰਟ ਹੈ। ਇਸ ਰਿਪੋਰਟ ਵਿਚ ਕੈਨੇਡਾ ਦੇ ਸਮੁੱਚੇ ਵਿਕਾਸ, ਦੇਸ਼-ਭਰ ਵਿਚ ਮਾਪਿਆਂ ਵੱਲੋਂ ਭਰੀਆਂ ਜਾ ਰਹੀਆਂ ਫ਼ੀਸਾਂ, ਕਿਫ਼ਾਇਤ, ਪਹੁੰਚ, ਫ਼ੈਲਾਅ, ਕਵਰੇਜ, ਬੱਚਿਆਂ ਲਈ ਸੇਵਾਵਾਂ, ਚਾਈਲਡ ਕੇਅਰ ਵਰਕ ਫੋਰਸ, ਰੈਗੂਲੇਟਿਡ ਚਾਈਲਡ ਕੇਅਰ, ਆਦਿ ਅਹਿਮ ਮੁੱਦਿਆਂ ਨੂੰ ਲਿਆ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਮੁੱਢਲੀ ਸਿੱਖਿਆ ਉੱਪਰ ਕੀਤੇ ਜਾ ਰਹੇ ਖ਼ਰਚਿਆਂ ਵਿਚ ਕਾਫ਼ੀ ਕਮੀ ਆਈ ਹੈ ਅਤੇ ਇਸ ਦਾ ਕਾਰਨ ਇਨ੍ਹਾਂ ਖ਼ਰਚਿਆਂ ਦਾ ਭਾਰ ਸਰਕਾਰ ਵੱਲੋਂ ਚੁੱਕੇ ਜਾਣਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ-ਭਰ ਵਿਚ ਚਲਾਇਆ ਜਾ ਰਿਹਾ ‘ਅਰਲੀ ਲਰਨਿੰਗ ਚਾਈਲਡ ਕੇਅਰ ਸਿਸਟਮ’ ਪਰਿਵਾਰਾਂ ਨੂੰ ਆਪਣੇ ਬੱਚਿਆਂ ਲਈ ਉੱਚ ਦਰਜੇ ਦੀ ਮੁੱਢਲੀ ਕਿਫ਼ਾਇਤੀ ਪੜ੍ਹਾਈ ਅਤੇ ਸਿਹਤ-ਸੰਭਾਲ ਪ੍ਰਦਾਨ ਕਰੇਗਾ ਤਾਂ ਜੋ ਉਨ੍ਹਾਂ ਨੂੰ ਜੀਵਨ ਵਿਚ ਵਧੀਆ ਸ਼ੁਰੂਆਤ ਮਿਲ ਸਕੇ। ਇਸ ਪ੍ਰੋਗਰਾਮ ਦਾ ਉਦੇਸ਼ ਕੈਨੇਡੀਅਨ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਦੇ ਆਰੰਭ ਵਿਚ ਹਰੇਕ ਕਿਸਮ ਦੀਆਂ ਸੁੱਖ-ਸਹੂਲਤਾਂ ਮੁਹੱਈਆ ਕਰਨਾ ਹੈ।”
ਇਸ ਸਮੇਂ ਕੈਨੇਡਾ ਵਿਚ ਪਰਿਵਾਰ ਆਪਣੇ ਬੱਚਿਆਂ ਲਈ ਓਨਟਾਰੀਓ ਵਿਚ ਸਲਾਨਾ 8,500 ਡਾਲਰ ਪ੍ਰਤੀ ਬੱਚਾ ਬੱਚਤ ਕਰ ਰਹੇ ਹਨ ਅਤੇ ਕੈਨੇਡਾ ਦੇ ਬਾਕੀ ਸੂਬਿਆਂ ਤੇ ਟੈਰੀਟਰੀਆਂ ਵਿਚ ਵੀ ਇਹ ਸਥਿਤੀ ਲਗਭਗ ਏਹੀ ਹੈ। ਪਰਿਵਾਰਾਂ ਦੇ ਵਿੱਤੀ ਹਾਲਾਤ ਵਿਚ ਬੇਹਤਰੀ ਦੀ ਸ਼ੁਰੂਆਤ ਫ਼ੈਡਰਲ ਸਰਕਾਰ ਵੱਲੋਂ 2021 ਦੇ ਬੱਜਟ ਵਿਚ ਬੱਚਿਆਂ ਦਾ ਜੀਵਨ ਨੂੰ ਬੇਹਤਰ ਤੇ ਕਿਫ਼ਾਇਤੀ ਬਨਾਉਣ ਲਈ ਰੱਖੀ ਗਈ 27 ਬਿਲੀਅਨ ਡਾਲਰ ਦੀ ਭਾਰੀ ਰਕਮ ਨਾਲ ਹੋਈ ਸੀ। ਪੰਜ ਸਾਲ ਤੱਕ ਦੀਆਂ 25 ਤੋਂ 54 ਸਾਲ ਉਮਰ-ਵਰਗ ਦੀਆਂ ਮਾਵਾਂ ਦੀ ਕੰਮਾਂ ‘ਤੇ ਆਉਣ ਦੀ 79.4% ਦਰ ਹੁਣ ਇਸ ਵੇਲੇ ਆਪਣੇ ਆਪ ਵਿਚ ਰਿਕਾਰਡ ਹੈ। ਇਸ ਦਾ ਭਾਵ ਹੈ ਕਿ ਹੁਣ ਪਹਿਲਾਂ ਨਾਲੋਂ ਵਧੇਰੇ ਪਰਿਵਾਰ ਕੰਮ ਕਰਕੇ ਅਤੇ ਬੱਚਿਆਂ ਦੀ ਸਾਂਭ-ਸੰਭਾਲ ਦੇ ਖ਼ਰਚਿਆਂ ਵਿਚ ਬੱਚਤ ਕਰਕੇ ਆਪਣੀ ਪਰਿਵਾਰਕ ਆਮਦਨ ਵਿਚ ਵਾਧਾ ਕਰ ਰਹੇ ਹਨ ਅਤੇ ਕੈਨੇਡਾ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਰਹੇ ਹਨ। ਇਸ ਉਦੇਸ਼ ਦੀ ਪੂਰਤੀ ਲਈ ਫ਼ੈੱਡਰਲ ਸਰਕਾਰ ਵੱਲੋਂ ਪਹਿਲਾਂ ”ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫਰਾਸਟਰੱਕਚਰ ਫ਼ੰਡ” ਦਾ ਐਲਾਨ ਕੀਤਾ ਗਿਆ ਸੀ। ਇਹ ਫ਼ੰਡ ਸੂਬਿਆਂ ਤੇ ਟੈਰੀਟਰੀਆਂ ਨੂੰ ‘ਨਾੱਟ ਫ਼ਾਰ ਪਰਾਫ਼ਿਟ’ ਸੰਸਥਾਵਾਂ ਲਈ ਪੇਂਡੂ ਤੇ ਹੋਰ ਦੂਰ-ਦੁਰਾਢੇ ਵਾਲੇ ਖ਼ੇਤਰਾਂ, ਘੱਟ ਆਮਦਨ ਤੇ ਵਧੇਰੇ ਖ਼ਰਚਿਆਂ ਵਾਲੇ ਪਰਿਵਾਰਾਂ, ਇੰਡੀਜੀਨੀਅਸ ਤੇ ਘੱਟ-ਭਾਸ਼ਾਈ ਕਮਿਊਨਿਟੀਆਂ, ਕੈਨੇਡਾ ਵਿਚ ਨਵੇਂ ਆਉਣ ਵਾਲੇ ਵਿਅੱਕਤੀਆਂ, ਕੇਅਰ ਗਿਵਰਜ਼ ਅਤੇ ਅਪੰਗ ਲੋਕਾਂ ਉੱਪਰ ਖ਼ਰਚ ਕੀਤਾ ਜਾਣਾ ਹੈ। ਇਸ ਕਾਰਜ ਨੂੰ ਹੋਰ ਤੇਜ਼ ਕਰਨ ਲਈ 2024 ਦੇ ਬੱਜਟ ਵਿਚ ਨਵੇਂ ‘ਚਾਈਲਡ ਕੇਅਰ ਐਕਪੈੱਨਸ਼ਨ ਲੋਨ ਪ੍ਰੋਗਰਾਮ’ ਲਈ ਇਕ ਬਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ ਤਾਂ ਜੋ ਇਨ੍ਹਾਂ ਸੰਸਥਾਵਾਂ ਵੱਲੋਂ ਇਸ ਸ਼ੁਭ-ਕੰਮ ਲਈ ਹੋਰ ਲੋੜਵੰਦ ਲੋਕਾਂ ਤੀਕ ਪਹੁੰਚ ਕੀਤੀ ਜਾ ਸਕੇ।
ਇਹ ਰਿਪੋਰਟ ਦਰਸਾ ਰਹੀ ਹੈ ਕਿ ਇਸ ਮੰਤਵ ਲਈ ਸੂਬਿਆਂ ਤੇ ਟੈਰੀਟਰੀਆਂ ਵੱਲੋਂ ਬੇਸ਼ੱਕ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਇਸ ਦਿਸ਼ਾ ਉਨ੍ਹਾਂ ਨੂੰ ਹੋਰ ਕਦਮ ਉਠਾਉਣ ਦੀ ਲੋੜ ਹੈ। ਕੈਨੇਡਾ ਸਰਕਾਰ ਬੱਚਿਆਂ ਦੀ ਭਲਾਈ ਲਈ ਆਪਣੇ ਸਾਥੀਆਂ ਨਾਲ ਮਿਲਕੇ ਹਰੇਕ ਲੋੜੀਂਦਾ ਕਾਰਜ ਕਰਨ ਲਈ ਵਚਨਬੱਧ ਹੈ।