ਸੱਤਾ ਹੰਕਾਰ ਦੀ ਵਸਤੂ ਨਹੀਂ : ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2019 ਦੀਆਂ ਚੋਣਾਂ ਲਈ ‘ਅਜੈ ਭਾਰਤ ਅਟਲ ਭਾਜਪਾ’ ਦਾ ਨਵਾਂ ਨਾਅਰਾ ਦਿੰਦੇ ਹੋਏ ਕਿਹਾ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਨੀਤੀ, ਅਗਵਾਈ, ਵਿਕਾਸ ਪ੍ਰੋਗਰਾਮਾਂ ਅਤੇ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੇ ਵਿਸ਼ਵਾਸ ਦੀ ਬਦੌਲਤ ਜਿੱਤੇਗੀ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਆਪਣੇ ਨਾਅਰੇ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸੱਤਾ ਹੰਕਾਰ ਕਰਨ ਦੀ ਵਸਤੂ ਨਹੀਂ ਹੈ। ਇਹ ਕੁਰਸੀ ਲਈ ਨਹੀਂ ਬਲਕਿ ਜਨਤਾ ਲਈ ਕੰਮ ਕਰਨ ਦਾ ਯੰਤਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਕਲਪ ਲਈ ਜਿਊਂਦੀ ਹੈ ਅਤੇ ਸਾਡੇ ਕੋਲ ਨੀਤੀ ਅਤੇ ਰਣਨੀਤੀ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬੰਦ ਕਮਰਾ ਮੀਟਿੰਗ ਵਿਚ ਮੋਦੀ ਵਲੋਂ ਦਿੱਤੇ ਭਾਸ਼ਣ ਬਾਰੇ ਮੀਡੀਆ ਨੂੰ ਦੱਸਿਆ ਕਿ ਨਵੇਂ ਨਾਅਰੇ ‘ਅਜੈ ਭਾਰਤ ਅਟਲ ਭਾਜਪਾ’ ਦਾ ਅਰਥ ਹੈ ਕਿ ਭਾਰਤ, ਜਿਹੜਾ ਜੇਤੂ ਹੈ ਅਤੇ ਕਿਸੇ ਵਲੋਂ ਵੀ ਇਸ ਨੂੰ ਅਧੀਨ ਨਹੀਂ ਕੀਤਾ ਜਾ ਸਕਦਾ ਅਤੇ ਪਾਰਟੀ, ਜਿਹੜੀ ਆਪਣੇ ਸਿਧਾਂਤਾਂ ਪ੍ਰਤੀ ਪ੍ਰਤੀਬੱਧ ਹੈ। ਵਿਰੋਧੀ ਪਾਰਟੀਆਂ ਵਲੋਂ ਭਾਜਪਾ ਦੇ ਖ਼ਿਲਾਫ਼ ਵੱਡਾ ਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ‘ਤੇ ਵਿਅੰਗ ਕੱਸਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਇਕ ਦੂਜੇ ਨੂੰ ਦੇਖ ਨਹੀਂ ਸਕਦੇ, ਅੱਜ ਉਹ ਗਲੇ ਲੱਗਣ ਲਈ ਮਜਬੂਰ ਹਨ, ਇਹ ਹੀ ਸਾਡੀ ਕਾਮਯਾਬੀ ਹੈ। ਇਹ ਸਾਡੇ ਕੰਮ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੱਠਜੋੜ ਵਿਚ ਕੋਈ ਵੀ ਨਹੀਂ, ਬਲਕਿ ਛੋਟੀ ਜਿਹੀ ਪਾਰਟੀ ਵੀ ਕਾਂਗਰਸ ਦੀ ਅਗਵਾਈ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਦੇਸ਼ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਅਮੀਰ ਹੋਵੇ ਪਰ ਇਸ ਦਾ ਆਧਾਰ ਸਾਦਗੀ ਹੋਣਾ ਚਾਹੀਦਾ ਹੈ। ਭਾਜਪਾ ਨੇ ਹੋਈ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਰਾਜਨੀਤਕ ਪ੍ਰਸਤਾਵ ਪਾਸ ਕਰ ਕੇ 2022 ਤੱਕ ਨਵਾਂ ਭਾਰਤ ਬਣਾਉਣ ਦੇ ਪਾਰਟੀ ਦੇ ਸੰਕਲਪ ਨੂੰ ਮੁੜ ਦੁਹਰਾਇਆ ਅਤੇ ਕਿਹਾ ਕਿ ਵਿਰੋਧੀ ਧਿਰ ਕੋਲ ਨਾ ਤਾਂ ਆਗੂ ਹੈ ਅਤੇ ਨਾ ਹੀ ਨੀਤੀ ਜਦਕਿ ਪ੍ਰਧਾਨ ਮੰਤਰੀ ਮੋਦੀ ਚਾਰ ਸਾਲ ਸੱਤਾ ਵਿਚ ਰਹਿਣ ਦੇ ਬਾਅਦ ਵੀ ਬਹੁਤ ਹਰਮਨ ਪਿਆਰੇ ਹਨ। ਰਾਜਨੀਤਕ ਪ੍ਰਸਤਾਵ ਸੀਨੀਅਰ ਪਾਰਟੀ ਆਗੂ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਪੇਸ਼ ਕੀਤਾ ਗਿਆ। ਭਾਜਪਾ ਨੇ ਕਿਹਾ ਕਿ ਵਿਰੋਧੀ ਧਿਰ ਦੀ ਭਾਜਪਾ ਨੂੰ ਹਰਾਉਣ ਦੀ ਉਮੀਦ ਦਿਨ ਵੇਲੇ ਦੇਖਿਆ ਸੁਪਨਾ ਹੈ।
ਮੋਦੀ ਸਰਕਾਰ ਹਰ ਮੋਰਚੇ ‘ਤੇ ਫੇਲ੍ਹ : ਡਾ. ਮਨਮੋਹਨ ਸਿੰਘ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੀ ਕਿਤਾਬ ‘ਸ਼ੇਡਸ ਆਫ ਟਰੁੱਥ’ ਨੂੰ ਸਾਬਕਾ ਉਪ ਰਾਸ਼ਟਰੀ ਹਾਮਿਦ ਅੰਸਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿਚ ਰਿਲੀਜ਼ ਕੀਤਾ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋ ਰਹੀ ਹੈ। ਕਪਿਲ ਸਿੱਬਲ ਨੇ ਆਪਣੀ ਪੂਰੀ ਕਿਤਾਬ ਵਿਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਦੋ ਕਰੋੜ ਬੇਰੁਜ਼ਗਾਰ ਨੌਜਵਾਨ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਪਿਛਲੇ ਚਾਰ ਸਾਲਾਂ ਵਿਚ ਰੋਜ਼ਗਾਰ ਦੇ ਵਾਧੇ ਦੀ ਦਰ ‘ਚ ਭਾਰੀ ਕਮੀ ਹੋਈ ਹੈ। ਇਕ ਪਾਸੇ ਕਿਸਾਨ ਸੜਕਾਂ ‘ਤੇ ਹਨ ਤਾਂ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਵਿਚ ਮੋਦੀ ਸਰਕਾਰ ਅਸਫਲ ਰਹੀ ਹੈ। ਇਸ ਦੀ ਵਿਦੇਸ਼ ਨੀਤੀ ਵੀ ਠੀਕ ਨਹੀਂ ਹੈ। ਕੁੱਲ ਮਿਲਾ ਕੇ ਮੋਦੀ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …