ਕਰਜ਼ਾ ਹੋਵੇਗਾ ਮਹਿੰਗਾ
ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਅੱਜ ਮੁੱਖ ਨੀਤੀਗਤ ਦਰ ਰੈਪੋ ਨੂੰ 0.5 ਫੀਸਦੀ ਵਧਾ ਕੇ 4.9 ਫੀਸਦੀ ਕਰ ਦਿੱਤਾ ਹੈ। ਆਰਬੀਆਈ ਦੇ ਇਸ ਕਦਮ ਨਾਲ ਕਰਜ਼ਾ ਮਹਿੰਗਾ ਹੋ ਜਾਵੇਗਾ ਅਤੇ ਕਰਜ਼ੇ ਦੀ ਮਹੀਨਾਵਾਰ ਕਿਸ਼ਤ ਭਾਵ ਈਐੱਮਆਈ ਵੱਧ ਜਾਵੇਗੀ। ਇਸ ਤੋਂ ਪਹਿਲਾਂ ਲੰਘੀ 4 ਮਈ ਨੂੰ ਆਰਬੀਆਈ ਨੇ ਅਚਾਨਕ ਰੈਪੋ ਰੇਟ ’ਚ 0.4 ਫੀਸਦੀ ਦਾ ਵਾਧਾ ਕੀਤਾ ਸੀ। ਮੁਦਰਾ ਨੀਤੀ ਕਮੇਟੀ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐੱਮਪੀਸੀ ਨੇ ਸਰਬਸੰਮਤੀ ਨਾਲ ਨੀਤੀਗਤ ਦਰ ਵਿੱਚ 0.5 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੈਪੋ ਰੇਟ ਉਹ ਦਰ ਹੁੰਦੀ ਹੈ, ਜਿਸ ’ਤੇ ਆਰ.ਬੀ.ਆਈ. ਕੋਲੋਂ ਬੈਂਕਾਂ ਨੂੰ ਕਰਜ਼ਾ ਮਿਲਦਾ ਹੈ, ਜਦਕਿ ਰਿਵਰਸ ਰੈਪੋ ਰੇਟ ਉਸ ਦਰ ਨੂੰ ਕਹਿੰਦੇ ਹਨ ਜਿਸ ਦਰ ’ਤੇ ਬੈਂਕਾਂ ਨੂੰ ਆਰ.ਬੀ.ਆਈ. ਪੈਸਾ ਰੱਖਣ ’ਤੇ ਵਿਆਜ਼ ਦਿੰਦੀ ਹੈ।