ਗੁਜਰਾਤ ਅਤੇ ਹਿਮਾਚਲ ’ਚ ਪਈਆਂ ਵੋਟਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਗੁਜਰਾਤ ਵਿਚ ਦੂਜੇ ਪੜਾਅ ਤਹਿਤ ਅੱਜ 5 ਦਸੰਬਰ ਨੂੰ ਵੋਟਾਂ ਪਈਆਂ ਹਨ। ਇਹ ਵੋਟਾਂ ਸਵੇਰੇ 8 ਵਜੇ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮ 5 ਵਜੇ ਤੱਕ ਪਈਆਂ। ਉੁਤਰ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ’ਤੇ ਇਹ ਵੋਟਾਂ ਪਈਆਂ ਹਨ। ਦੂਜੇ ਪੜਾਅ ਵਿਚ 833 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਰਾਣਿਪ ਇਲਾਕੇ ਵਿਚ ਬਣੇ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਪੀਐਮ ਜਦੋਂ ਵੋਟ ਪਾਉਣ ਲਈ ਰਾਣਿਪ ਪਹੁੰਚੇ ਤਾਂ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਬਾਹਰ ਆ ਕੇ ਸਿਆਹੀ ਦਾ ਨਿਸ਼ਾਨ ਵੀ ਦਿਖਾਇਆ। ਇਸ ਦੌਰਾਨ ਮੋਦੀ-ਮੋਦੀ ਦੇ ਨਾਅਰੇ ਵੀ ਗੂੰਜੇ। ਧਿਆਨ ਰਹੇ ਕਿ ਗੁਜਰਾਤ ਵਿਚ ਪਹਿਲੇ ਪੜਾਅ ਦੌਰਾਨ ਲੰਘੀ 1 ਦਸੰਬਰ ਨੂੰ ਵੋਟਾਂ ਪਈਆਂ ਸਨ ਅਤੇ ਹਿਮਾਚਲ ਵਿਚ ਵੀ ਲੰਘੀ 12 ਨਵੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ। ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਵੋਟਾਂ ਦੇ ਨਤੀਜੇ ਆਉਂਦੀ 8 ਦਸੰਬਰ ਨੂੰ ਐਲਾਨੇ ਜਾਣਗੇ। ਇਸ ਵਾਰ ਇਨ੍ਹਾਂ ਦੋਵੇਂ ਸੂਬਿਆਂ ਵਿਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਮੁਕਾਬਲਾ ਹੈ।