ਸੀਏਏ ਅਤੇ ਐਨਪੀਆਰ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ
ਨਵੀਂ ਦਿੱਲੀ : ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਨੇ ਸੋਧੇ ਨਾਗਰਿਕਤਾ ਐਕਟ (ਸੀਏਏ) ਨੂੰ ਵਾਪਸ ਲੈਣ ਅਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਾਰੀਆਂ ਗਤੀਵਿਧੀਆਂ ‘ਗ਼ੈਰ-ਸੰਵਿਧਾਨਕ ਪੈਕੇਜ’ ਦਾ ਹਿੱਸਾ ਹਨ ਜੋ ਕਿ ਗਰੀਬਾਂ, ਅਨੁਸੂਚਿਤ ਜਾਤਾਂ ਤੇ ਆਦਿਵਾਸੀ ਕਬੀਲਿਆਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣਗੀਆਂ। ਵਿਰੋਧੀ ਪਾਰਟੀਆਂ ਦੀ ਬੈਠਕ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਤੇ ਇਸ ਵਿਚ 20 ਸਿਆਸੀ ਧਿਰਾਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਐਕਟ ‘ਚ ਸੋਧ ਅਤੇ ਯੂਨੀਵਰਸਿਟੀਆਂ ਦੇ ਕੈਂਪਸ ਵਿਚ ਹੋਈ ਹਿੰਸਾ ਮਗਰੋਂ ਬਣੀ ਮੁਲਕ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ ਗਈ। ਬਸਪਾ, ‘ਆਪ’ ਅਤੇ ਟੀਐੱਮਸੀ ਦੇ ਆਗੂਆਂ ਨੇ ਬੈਠਕ ਵਿਚ ਹਿੱਸਾ ਨਹੀਂ ਲਿਆ। ਵਿਰੋਧੀ ਧਿਰਾਂ ਨੇ ਇਸ ਮੌਕੇ ਸਾਂਝੇ ਮਤੇ ਵਿਚ ਕਿਹਾ ‘ਸੀਏਏ, ਐੱਨਪੀਆਰ ਤੇ ਐੱਨਆਰਸੀ ਸੰਵਿਧਾਨਕ ਘੇਰੇ ਤੋਂ ਬਾਹਰ ਹਨ ਤੇ ਵਿਸ਼ੇਸ਼ ਤੌਰ ‘ਤੇ ਗਰੀਬ ਤਬਕੇ, ਦਬੇ-ਕੁਚਲੇ ਵਰਗ, ਐੱਸਸੀ-ਐੱਸਟੀਜ਼, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।’ ਇਕ ਸੁਰ ਵਿਚ ਵਿਰੋਧੀ ਧਿਰਾਂ ਨੇ ਕਿਹਾ ਕਿ ਐੱਨਪੀਆਰ ਹੀ ਐੱਨਆਰਸੀ ਵੱਲ ਵਧਾਇਆ ਗਿਆ ਕਦਮ ਹੈ। ਸੀਏਏ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਹੈ। ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਰਾਜਾਂ ਨੇ ਐੱਨਆਰਸੀ ਲਾਗੂ ਨਾ ਕਰਨ ਦਾ ਐਲਾਨ ਕੀਤਾ ਹੈ, ਉਨ੍ਹਾਂ ਨੂੰ ਐੱਨਪੀਆਰ ਦੀ ਪ੍ਰਕਿਰਿਆ ਰੋਕਣ ਬਾਰੇ ਵੀ ਸੋਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੜੀ ਨਿਖੇਧੀ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਦੋਵੇਂ ਲੋਕਾਂ ਨੂੰ ਸੋਧੇ ਨਾਗਰਿਕਤਾ ਐਕਟ ਤੇ ਐੱਨਆਰਸੀ ਬਾਰੇ ਗੁਮਰਾਹ ਕਰ ਰਹੇ ਹਨ। ਸੋਨੀਆ ਨੇ ਕਿਹਾ ਕਿ ਮੋਦੀ ਸਰਕਾਰ ਸੁਚੱਜਾ ਰਾਜ ਪ੍ਰਬੰਧ ਤੇ ਲੋਕਾਂ ਨੂੰ ਸੁਰੱਖਿਆ ਦੇਣ ‘ਚ ਨਾਕਾਮ ਸਾਬਿਤ ਹੋਈ ਹੈ ਤੇ ਇਸ ਬਾਰੇ ਹੁਣ ਕੁਝ ਲੁਕਿਆ ਨਹੀਂ ਰਹਿ ਗਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁਲਕ ‘ਚ ‘ਹੈਰਾਨੀਜਨਕ ਢੰਗ ਨਾਲ ਅਸ਼ਾਂਤੀ ਫ਼ੈਲੀ ਹੋਈ ਹੈ।’ ਮੋਦੀ ਤੇ ਸ਼ਾਹ ਉੱਤੇ ਤਿੱਖਾ ਸ਼ਬਦੀ ਹੱਲਾ ਬੋਲਦਿਆਂ ਸੋਨੀਆ ਨੇ ਕਿਹਾ ਕਿ ਸਰਕਾਰ ਨੇ ਜਬਰ-ਜ਼ੁਲਮ ਦੀ ਲਗਾਮ ਖੁੱਲ੍ਹੀ ਛੱਡ ਦਿੱਤੀ ਹੈ, ਨਫ਼ਰਤ ਫ਼ੈਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਫਿਰਕੂ ਅਧਾਰ ‘ਤੇ ਵੰਡਿਆ ਜਾ ਰਿਹਾ ਹੈ। ਸੋਨੀਆ ਨੇ ਕਿਹਾ ਕਿ ਦੇਸ਼ ਨੇ ਭਾਜਪਾ ਦੀ ਸ਼ਹਿ ‘ਤੇ ਜੇਐੱਨਯੂ ਵਿਚ ਹਿੰਸਾ ਹੁੰਦੀ ਦੇਖੀ ਹੈ। ਇਸ ਤੋਂ ਪਹਿਲਾਂ ਜਾਮੀਆ ‘ਵਰਸਿਟੀ, ਬੀਐੱਚਯੂ, ਅਲਾਹਾਬਾਦ ਤੇ ਅਲੀਗੜ੍ਹ ਦੀਆਂ ‘ਵਰਸਿਟੀਆਂ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਇਕਜੁੱਟ ਹੋ ਕੇ ਸਰਕਾਰ ਦੀਆਂ ਇਨ੍ਹਾਂ ਸਾਜਿਸ਼ ਨੂੰ ਕਾਮਯਾਬ ਹੋਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਮੁਲਕ ਭਰ ‘ਚ ਹੋ ਰਹੇ ਰੋਸ ਮੁਜ਼ਾਹਰਿਆਂ ਵਿਚ ਲੋਕਾਂ ਦਾ ਰੋਹ ਝਲਕ ਰਿਹਾ ਹੈ। ਯੂਪੀ ਵਿਚ ਪੁਲੀਸ ਨੇ ਤਸ਼ੱਦਦ ਢਾਹਿਆ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਪਣੇ ਹੀ ਬਿਆਨਾਂ ਤੋਂ ਮੁੱਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਦਾ ਅਸਾਮ ਵਿਚ ਜ਼ੋਰਦਾਰ ਵਿਰੋਧ ਹੋਇਆ ਹੈ ਤੇ ਮੋਦੀ-ਸ਼ਾਹ ਹੁਣ ਐੱਨਪੀਆਰ ‘ਤੇ ਧਿਆਨ ਕੇਂਦਰਤ ਕਰ ਰਹੇ ਹਨ। ਬੈਠਕ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ, ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਤੋਂ ਇਲਾਵਾ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ, ਖੱਬੇ ਪੱਖੀ ਆਗੂ ਸੀਤਾਰਾਮ ਯੇਚੁਰੀ ਤੇ ਡੀ. ਰਾਜਾ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਐੱਲਜੇਡੀ ਮੁਖੀ ਸ਼ਰਦ ਯਾਦਵ, ਰਾਸ਼ਟਰੀ ਲੋਕ ਸਮਤਾ ਪਾਰਟੀ ਆਗੂ ਉਪੇਂਦਰ ਕੁਸ਼ਵਾਹਾ, ਆਰਜੇਡੀ ਆਗੂ ਮਨੋਜ ਝਾਅ, ਐੱਨਸੀ ਦੇ ਆਗੂ ਵੀ ਹਾਜ਼ਰ ਸਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …