30 ਸਤੰਬਰ ਤੱਕ ਬੈਂਕਾਂ ’ਚ ਬਦਲੇ ਜਾਂ ਜਮ੍ਹਾਂ ਕਰਵਾਏ ਜਾ ਸਕਣਗੇ ਦੋ ਹਜ਼ਾਰ ਦੇ ਨੋਟ
ਨਵੀਂ ਦਿੱਲੀ/ਬਿਊਰੋ ਨਿਊਜ਼
2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਅੱਜ ਯਾਨੀ 23 ਮਈ, ਮੰਗਲਵਾਰ ਤੋਂ ਭਾਰਤ ਦੇ ਸਾਰੇ ਬੈਂਕਾਂ ਵਿਚ ਸ਼ੁਰੂ ਹੋ ਗਈ ਹੈ। ਲੰਘੀ 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ ਨੇ 2000 ਦਾ ਨੋਟ ਸਰਕੂਲੇਸ਼ਨ ਵਿਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹੁਣ ਲੋਕ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ਵਿਚ ਬਦਲ ਸਕਦੇ ਹਨ ਜਾਂ ਬੈਂਕ ਖਾਤਿਆਂ ਵਿਚ ਜਮ੍ਹਾਂ ਵੀ ਕਰਵਾ ਸਕਦੇ ਹਨ। ਇਕ ਦਿਨ ਵਿਚ ਇਕ ਵਿਅਕਤੀ ਸਿਰਫ 2000 ਦੇ 10 ਨੋਟ (ਯਾਨੀ 20,000 ਰੁਪਏ) ਹੀ ਬਦਲ ਜਾਂ ਜਮ੍ਹਾਂ ਕਰਵਾ ਸਕਦਾ ਹੈ। ਆਰ.ਬੀ.ਆਈ. ਦੀ ਡੈਡਲਾਈਨ ਤੋਂ ਬਾਅਦ ਵੀ 2000 ਦਾ ਨੋਟ ਲੀਗਲ ਰਹੇਗਾ। ਇਹ ਡੈਡਲਾਈਨ ਸਿਰਫ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਹੈ, ਤਾਂਕਿ ਉਹ ਨੋਟ ਬੈਂਕਾਂ ਨੂੰ ਜਲਦ ਵਾਪਸ ਕਰ ਦੇਣ। ਇਸੇ ਦੌਰਾਨ ਬੈਂਕ ਹੁਣ 2000 ਦੇ ਨੋਟ ਇਸ਼ੂ ਨਹੀਂ ਕਰਨਗੇ। ਸਾਲ 2018-19 ਤੋਂ ਇਨ੍ਹਾਂ ਨੋਟਾਂ ਦੀ ਛਪਾਈ ਬੰਦ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਰਾਤ 8 ਵਜੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸਦੀ ਜਗ੍ਹਾ ਨਵੇਂ ਪੈਟਰਨ ਵਿਚ 500 ਦਾ ਨਵਾਂ ਨੋਟ ਅਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। ਆਰ.ਬੀ.ਆਈ. ਦੇ ਅਨੁਸਾਰ 2000 ਦਾ ਨੋਟ ਕਰੰਸੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਛਾਪਿਆ ਗਿਆ ਸੀ।