Breaking News
Home / ਭਾਰਤ / ਉਪ ਚੋਣਾਂ : ਯੂਪੀ ਤੇ ਬਿਹਾਰ ‘ਚ ਤਿੰਨ ਲੋਕ ਸਭਾ ਸੀਟਾਂ ‘ਤੇ ਹੋਈ ਉਪ ਚੋਣ, ਤਿੰਨਾਂ ‘ਤੇ ਭਾਜਪਾ ਹਾਰੀ

ਉਪ ਚੋਣਾਂ : ਯੂਪੀ ਤੇ ਬਿਹਾਰ ‘ਚ ਤਿੰਨ ਲੋਕ ਸਭਾ ਸੀਟਾਂ ‘ਤੇ ਹੋਈ ਉਪ ਚੋਣ, ਤਿੰਨਾਂ ‘ਤੇ ਭਾਜਪਾ ਹਾਰੀ

ਮੁਰਝਾਉਣ ਲੱਗਾ ‘ਕਮਲ’
ਨਵੀਂ ਦਿੱਲੀ/ਬਿਊਰੋ ਨਿਊਜ਼ : 2019 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਜਬਰਦਸਤ ਝਟਕਾ ਲੱਗਾ ਅਤੇ ਮੋਦੀ ਦਾ ਜਾਦੂ ਵੀ ਫਿੱਕਾ ਪੈ ਗਿਆ, ਜਦੋਂ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਤੇ ਫੂਲਪੁਰ ਅਤੇ ਬਿਹਾਰ ਦੀ ਅਰਰੀਆ ਲੋਕ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਇਸ ਨੂੰ ਮੂੰਹ ਦੀ ਖਾਣੀ ਪਈ। ਗੋਰਖਪੁਰ ਸੀਟ ਦੀ ਹਾਰ ਹੋਰ ਵੀ ਨਮੋਸ਼ੀਜਨਕ ਹੈ ਕਿਉਂਕਿ ਇੱਥੋਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਲਗਾਤਾਰ ਪੰਜ ਵਾਰ ਜਿੱਤਦੇ ਰਹੇ ਹਨ ਜਦਕਿ ਫੂਲਪੁਰ ਸੀਟ ਤੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ 2014 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ। ਦੋਵਾਂ ਨੇ ਤਿੰਨ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਗੋਰਖਪੁਰ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਵੀਨ ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਦੱਤ ਸ਼ੁਕਲਾ ਨੂੰ 21961 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ਫੂਲਪੁਰ ਸੀਟ ‘ਤੇ ਸਪਾ ਦੇ ਹੀ ਨਗੇਂਦਰ ਪ੍ਰਤਾਪ ਸਿੰਘ ਨੇ ਭਾਜਪਾ ਦੇ ਕੌਸ਼ਲੇਂਦਰ ਸਿੰਘ ਪਟੇਲ ਨੂੰ 59460 ਵੋਟਾਂ ਨਾਲ ਮਾਤ ਦਿੱਤੀ। ਬਿਹਾਰ ਦੀ ਅਰਰੀਆ ਲੋਕ ਸਭਾ ਸੀਟ ‘ਤੇ ਲਾਲੂ ਪ੍ਰਸ਼ਾਦ ਦੀ ਰਾਸ਼ਟਰੀ ਜਨਤਾ ਦਲ ਦੇ ਸਰਫ਼ਰਾਜ਼ ਆਲਮ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਗਵੀਂ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਅਦ ਜੇਡੀਯੂ-ਭਾਜਪਾ ਗੱਠਜੋੜ ਨੂੰ ਪਹਿਲਾ ਵੱਡਾ ਚੁਣਾਵੀ ਝਟਕਾ ਲੱਗਿਆ ਹੈ। ਭਾਜਪਾ ਲਈ ਤਸੱਲੀ ਦੀ ਗੱਲ ਇਹੀ ਰਹੀ ਕਿ ਪਾਰਟੀ ਉਮੀਦਵਾਰ ਰਿੰਕੀ ਰਾਣੀ ਪਾਂਡੇ ਭਭੂਆ ਵਿਧਾਨ ਸਭਾ ਦੀ ਸੀਟ ਕਾਂਗਰਸ ਦੇ ਸ਼ੰਭੂ ਸਿੰਘ ਪਟੇਲ ਨੂੰ 14000 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਾਰਟੀ ਦੀ ਇੱਜਤ ਬਚਾਉਣ ਵਿੱਚ ਕਾਮਯਾਬ ਰਹੀ। ਜਹਾਨਾਬਾਦ ਵਿਧਾਨ ਸਭਾ ਸੀਟ ‘ਤੇ ਰਾਸ਼ਟਰੀ ਜਨਤਾ ਦਲ ਦੇ ਸੁਦਯ ਯਾਦਵ ਨੇ ਜਨਤਾ ਦਲ-ਯੂ ਦੇ ਅਭਿਰਾਮ ਸ਼ਰਮਾ ਨੂੰ 30000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੋਰਖਪੁਰ ਵਿੱਚ ਓਬੀਸੀ-ਦਲਿਤ-ਮੁਸਲਿਮ ਵੋਟਾਂ ਦੀ ਇਕਜੁੱਟਤਾ ਨੇ ਰੰਗ ਲਿਆਂਦਾ ਜੋ ਪਹਿਲਾਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿੱਚ ਵੰਡੀਆਂ ਜਾਂਦੀਆਂ ਸਨ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਕਿਹਾ ਕਿ ਬਸਪਾ ਦੇ ਵੋਟ ਤਬਦੀਲ ਹੋਣ ਕਰਕੇ ਫਰਕ ਪਿਆ ਹੈ।
ਸਭ ਤੋਂ ਵੱਡੀ ਹਾਰ : 27 ਸਾਲ ਬਾਅਦ ਭਾਜਪਾ ਗੋਰਖਪੁਰ ਹਾਰੀ
ਗੋਰਖਪੁਰ ਸੀਟ ‘ਤੇ ਪਿਛਲੇ ਸਮੇਂ ‘ਚ ਹੋਈਆਂ ਅੱਠ ਚੋਣਾਂ ਵਿਚ ਗੋਰਖਨਾਥ ਮੱਠ ਦਾ ਕਬਜ਼ਾ ਸੀ। ਯੋਗੀ ਅਦਿੱਤਿਆਨਾਥ ਇੱਥੋਂ ਲਗਾਤਾਰ 5 ਵਾਰ ਜਿੱਤੇ। ਭਾਜਪਾ ਨੂੰ 27 ਸਾਲਾਂ ਵਿਚ ਪਹਿਲੀ ਵਾਰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਜਪਾ 8 ਵਿਚੋਂ 6 ਸੀਟਾਂ ਹਾਰੀ
2014 ਲੋਕ ਸਭਾ ਚੋਣਾਂ ਤੋਂ ਬਾਅਦ 11 ਰਾਜਾਂ ਵਿਚ 19 ਲੋਕ ਸਭਾ ਸੀਟਾਂ ‘ਤੇ ਉਪ ਚੋਣ ਹੋਈ ਹੈ। ਇਨ੍ਹਾਂ ਵਿਚੋਂ 8 ਸੀਟਾਂ ਭਾਜਪਾ ਕੋਲ ਸਨ। ਪਰ ਭਾਜਪਾ ਸਿਰਫ ਦੋ ਸੀਟਾਂ ਹੀ ਬਰਕਰਾਰ ਰੱਖ ਸਕੀ ਹੈ। ਪੰਜਾਬ ਵਿਚ ਗੁਰਦਾਸਪੁਰ ਦੀ ਸੀਟ ਵੀ ਭਾਜਪਾ ਕੋਲੋਂ ਖੁੱਸ ਗਈ ਸੀ। ਛੇ ਸੀਟਾਂ ‘ਤੇ ਉਸ ਨੂੰ ਹਾਰ ਮਿਲੀ ਹੈ। ਭਾਜਪਾ ਸਿਰਫ ਵਡੋਦਰਾ ਅਤੇ ਸ਼ਹਡੋਲ ਸੀਟ ਹੀ ਜਿੱਤ ਸਕੀ ਹੈ।
ਰਾਹੁਲ ਦਾ ਨਿਸ਼ਾਨਾ
ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਲੋਕਾਂ ਅੰਦਰ ਭਾਜਪਾ ਪ੍ਰਤੀ ਗੁੱਸਾ ਹੈ। ਇਸੇ ਲਈ ਗੈਰ-ਭਾਜਪਾ ਉਮੀਦਵਾਰਾਂ ਨੂੰ ਵੋਟ ਪਾਈ ਗਈ ਹੈ। ਕਾਂਗਰਸ ਉਤਰ ਪ੍ਰਦੇਸ਼ ਵਿਚ ਨਵ-ਨਿਰਮਾਣ ਲਈ ਤਿਆਰ ਹੈ, ਪਰ ਇਹ ਅਜੇ ਰਾਤੋ-ਰਾਤ ਨਹੀਂ ਹੋਵੇਗਾ।
ਅੱਗੇ ਕੀ ਹੋਵੇਗਾ : 2019 ਵਿਚ ਸਪਾ ਅਤੇ ਬਸਪਾ ਦਾ ਗਠਜੋੜ ਹੋ ਸਕਦਾ ਹੈ
ਇਸ ਜਿੱਤ ਨਾਲ ਯੂਪੀ ਵਿਚ ਨਵੇਂ ਰਾਜਨੀਤਕ ਸਮੀਕਰਨ ਬਣਦੇ ਦਿਸ ਰਹੇ ਹਨ। 2019 ਵਿਚ ਸਪਾ, ਕਾਂਗਰਸ ਅਤੇ ਬਸਪਾ ਮਿਲ ਕੇ ਭਾਜਪਾ ਦੇ ਖਿਲਾਫ ਚੋਣਾਂ ਲੜ ਸਕਦੀ ਹੈ। ਜੇਕਰ ਹੁਣ ਯੂਪੀ ਵਿਚ ਸਪਾ ਅਤੇ ਬਸਪਾ ਦੀਆਂ ਵੋਟਾਂ ਮਿਲਾ ਕੇ ਦੇਖੀਆਂ ਜਾਣ ਤਾਂ ਭਾਜਪਾ ਦੀਆਂ ਸੀਟਾਂ ਦੀ ਗਿਣਤੀ 73 ਤੋਂ ਘਟ ਕੇ 37 ਰਹਿ ਜਾਂਦੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ ਤੋਂ ਲੈ ਕੇ ਸਮੁੱਚੀ ਭਾਜਪਾ ਨੂੰ ਚਿੰਤਾ ‘ਚ ਪਾ ਦਿੱਤਾ ਹੈ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …