Breaking News
Home / ਦੁਨੀਆ / ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ ਬਿਡੇਨ

ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ ਬਿਡੇਨ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਹੋ ਕੇ ਕੰਮ ਕਰਨ ਦੇ ਇੱਛੁਕ ਹਨ। ਬਿਡੇਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਕੋਵਿਡ-19 ਨੂੰ ਠੱਲ੍ਹ ਪਾਉਣ, ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਖ਼ੁਸ਼ਹਾਲ ਤੇ ਸੁਰੱਖਿਅਤ ਬਣਾਉਣ ਅਤੇ ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਸਮੇਤ ਹੋਰਨਾਂ ਸਾਂਝੀਆਂ ਆਲਮੀ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨਗੇ। ਕਾਬਿਲੇਗੌਰ ਹੈ ਕਿ ਬਿਡੇਨ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਅਮਰੀਕੀ ਸਦਰ ਖ਼ਿਲਾਫ਼ ਮਿਲੀ ਜਿੱਤ ਮਗਰੋਂ ਬਿਡੇਨ ਤੇ ਮੋਦੀ ਦਰਮਿਆਨ ਹੋਇਆ ਇਹ ਪਲੇਠਾ ਸੰਵਾਦ ਸੀ। ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਸਮੇਤ ਕੋਵਿਡ ਮਹਾਮਾਰੀ, ਵਾਤਾਵਰਨ ਤਬਦੀਲੀ ਤੇ ਹਿੰਦ-ਪ੍ਰਸ਼ਾਂਤ ਮੁੱਦੇ ‘ਤੇ ਚਰਚਾ ਕੀਤੀ ਸੀ।
ਇਸ ਦੌਰਾਨ ਕੌਮੀ ਸੁਰੱਖਿਆ ਨਾਲ ਜੁੜੇ ਮਾਹਿਰਾਂ ਨੇ ਬਿਡੇਨ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ ਨੂੰ ਮੁਲਕ ਨੂੰ ਦਰਪੇਸ਼ ਕੂਟਨੀਤਕ, ਰੱਖਿਆ ਤੇ ਇੰਟੈਲੀਜੈਂਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਅਮਰੀਕਾ ਵਿੱਚ ਸੱਤਾ ਤਬਦੀਲੀ ਦੇ ਅਮਲ ਤੋਂ ਪਹਿਲਾਂ ਦੇਸ਼ ਦੇ ਨਵੇਂ ਚੁਣੇ ਮੁਖੀਆਂ ਲਈ ਇਹ ਜਾਣਕਾਰੀ ਕਾਫੀ ਅਹਿਮ ਹੁੰਦੀ ਹੈ।
ਬਿਡੇਨ-ਹੈਰਿਸ ਦੀ ਸੱਤਾ ਤਬਦੀਲੀ ਟੀਮ ਨੇ ਕਿਹਾ ਕਿ ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਨੂੰ ਠੱਲ੍ਹਣ ਤੇ ਭਵਿੱਖ ਵਿੱਚ ਸਿਹਤ ਸੰਕਟਾਂ ਤੋਂ ਬਚਾਅ ਲਈ ਤਿਆਰੀ ਕਰਨ, ਵਾਤਾਵਰਨ ਤਬਦੀਲੀ ਦੇ ਖ਼ਤਰੇ ਨਾਲ ਨਜਿੱਠਣ, ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਪੇਸ਼ਕਦਮੀ, ਦੇਸ਼ ਵਿਦੇਸ਼ ਵਿੱਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਅਤੇ ਇਕ ਸੁਰੱਖਿਅਤ ਤੇ ਖ਼ੁਸ਼ਹਾਲ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਬਣਾਏ ਰੱਖਣ ਸਮੇਤ ਸਾਰੀਆਂ ਸਾਂਝੀਆਂ ਆਲਮੀ ਚੁਣੌਤੀਆਂ ਨਾਲ ਸਿੱਝਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ।
ਦੋ ਭਾਰਤੀਆਂ ਨੂੰ ਮਿਲ ਸਕਦੀ ਹੈ ਵਜ਼ਾਰਤ ‘ਚ ਥਾਂ
ਵਾਸ਼ਿੰਗਟਨ: ਸਾਬਕਾ ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਸਣੇ ਦੋ ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਅਗਲੇ ਬਿਡੇਨ-ਹੈਰਿਸ ਪ੍ਰਸ਼ਾਸਨ ਦੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋ ਬਿਡੇਨ ਦੇ ਭਾਰਤੀ-ਅਮਰੀਕੀ ਸਲਾਹਕਾਰ ਮੂਰਤੀ ਨੂੰ ਸਿਹਤ ਤੇ ਮਨੁੱਖੀ ਸੇਵਾਵਾਂ ਦਾ ਮੰਤਰੀ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਰੁਣ ਮਜੂਮਦਾਰ ਨੂੰ ਊਰਜਾ ਮੰਤਰੀ ਬਣਾਇਆ ਜਾ ਸਕਦਾ ਹੈ। ਮੂਰਤੀ (43) ਸੱਤਾ ਦੇ ਤਬਾਦਲੇ ਬਾਰੇ ਕੋਵਿਡ-19 ਸਲਾਹਕਾਰ ਬੋਰਡ ਦੇ ਸਹਿ-ਚੇਅਰਮੈਨ ਹਨ।

Check Also

ਚੀਨ ‘ਚੋਂ ਗਰੀਬੀ ਖਤਮ ਹੋਣਾ ਇਕ ਚਮਤਕਾਰ ਬਰਾਬਰ

ਰਾਸ਼ਟਰਪਤੀ ਸ਼ੀ ਦਾ ਦਾਅਵਾ ਪੇਈਚਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ …