Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ ‘ਚ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਹੋਈ ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ ‘ਚ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਹੋਈ ਚਰਚਾ

ਪ੍ਰੋ. ਰਾਮ ਸਿੰਘ, ਡਾ. ਸਾਧੂ ਬਿਨਿੰਗ ਤੇ ਕਈ ਹੋਰਨਾਂ ਨੇ ਵਿਚਾਰ ਪੇਸ਼ ਕੀਤੇ – ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਈ ਜਾਂਦੀ ਜ਼ੂਮ-ਮੀਟਿੰਗ ਵਿਚ ਇਸ ਵਾਰ ਵੀਹਵੀਂ ਸਦੀ ਦੇ ਮਹਾਨ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਬਾਰੇ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਮੁੱਖ-ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਸਨ। ਉਨ੍ਹਾਂ ਤੋਂ ਇਲਾਵਾ ਪ੍ਰੋ. ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸਾਧੂ ਸਿੰਘ ਬਿਨਿੰਗ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਵੀ ਇਸ ਮੀਟਿੰਗ ਵਿਚ ਚਾਤ੍ਰਿਕ ਜੀ ਦੀ ਕਵਿਤਾ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਮੀਟਿੰਗ ਵਿਚ ਸ਼ਾਮਲ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੀਟਿੰਗ ਦੇ ਸੰਚਾਲਕ ਤਲਵਿੰਦਰ ਮੰਡ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿਤਾ ਗਿਆ।
ਚਾਤ੍ਰਿਕ ਜੀ ਦੇ ਮੁੱਢਲੇ ਜੀਵਨ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਡਾ. ਝੰਡ ਨੇ ਉਨ੍ਹਾਂ ਦੇ ਪ੍ਰਿਟਿੰਗ ਦੇ ਖ਼ੇਤਰ ਵਿਚ ਲਾਈਨੋਟਾਈਪ ਟਾਈਪੋਗ੍ਰਾਫ਼ੀ ਬਾਰੇ ਸਿਖਲਾਈ ਲੈਣ ਲਈ ਬੰਬਈ ਜਾਣ, ਉੱਥੋਂ ਵਾਪਸ ਆ ਕੇ ਭਾਈ ਵੀਰ ਸਿੰਘ ਜੀ ਦੀ ਪ੍ਰਿਟਿੰਗ ਪਰੈੱਸ ‘ਵਜ਼ੀਰ ਹਿੰਦ ਪਰੈੱਸ’ ਵਿਚ ਕੰਪੋਜ਼ੀਟਰ ਵਜੋਂ ਕੰਮ ਕਰਦਿਆਂ ਉਨ੍ਹਾਂ ਨਾਲ ਹੋਈ ਨੇੜਤਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਕਾਵਿ-ਕਲਾ ਦਾ ਚਾਤ੍ਰਿਕ ਹੋਰਾਂ ਉੱਪਰ ਪਏ ਡੂੰਘੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਚਾਤ੍ਰਿਕ ਜੀ ਦੀਆਂ ਛਪੀਆਂ ਪੁਸਤਕਾਂ ਅਤੇ ਉਨ੍ਹਾਂ ਵਿਚਲੀਆਂ ਚੋਣਵੀਆਂ ਕਵਿਤਾਵਾਂ ‘ਮੇਲੇ ਵਿਚ ਜੱਟ’, ‘ਪੰਜਾਬ’, ਰਾਧਾ ਸੰਦੇਸ਼’, ‘ਗ਼ਰੀਬ ਕਿਰਸਾਨ’ ਅਤੇ ਕਈ ਹੋਰ ਕਵਿਤਾਵਾਂ ਬਾਰੇ ਵਿਸਥਾਰ ਵਿਚ ਦੱਸਿਆ।
ਉਨ੍ਹਾਂ ਕਿਹਾ ਕਿ ਚਾਤ੍ਰਿਕ ਜੀ ਨੇ ਲੋਕ-ਮਨਾਂ ਵਿਚ ਰਮੀ ਰੋਈ ਪੰਜਾਬੀ ਸੱਭਿਆਚਾਰ ਨਾਲ ਜੁੜੀ ਕਵਿਤਾ ਤੋਂ ਬਿਨਾਂ ਕਈ ਗੀਤ, ਗ਼ਜ਼ਲਾਂ ਤੇ ਰੁਬਾਈਆਂ ਵੀ ਲਿਖੀਆਂ। ਕਹਾਣੀ ਤੇ ਵਾਰਤਕ ਵਿਚ ਵੀ ਕਲਮ-ਅਜ਼ਮਾਈ ਕੀਤੀ, ਭਾਵੇਂ ਇਹ ਪੁਸਤਕ ਰੂਪ ਵਿਚ ਨਹੀਂ ਆ ਸਕੇ। ਉਨ੍ਹਾਂ ਦੱਸਿਆ ਕਿ ਚਾਤ੍ਰਿਕ ਜੀ ਪਹਿਲੇ ਸ਼ਖ਼ਸ ਹਨ ਜਿਨ੍ਹਾਂ ਨੇ ਗੁਰਮੁਖੀ ਫ਼ੌਟਾਂ ਨੂੰ ਮਿਆਰੀ ਦਰਜੇ ਦੇ ਬਣਾਇਆ ਅਤੇ ਏਸੇ ਕਰਕੇ ਉਨ੍ਹਾਂ ਦੇ ਨਾਂ ਉੱਪਰ ਚੱਲ ਰਿਹਾ ਡੀ.ਆਰ. ਚਾਤ੍ਰਿਕ ਗਰੁਮੁਖੀ ਫ਼ੌਂਟ ਅੱਜਕੱਲ੍ਹ ਸੱਭ ਤੋਂ ਉੱਤਮ ਮੰਨਿਆਂ ਜਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਸੱਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿਚ ਸਥਾਪਿਤ ਕੀਤੀ ਗਈ ‘ਸੁਦਰਸ਼ਨ ਪਰੈੱਸ’ ਵਿਚ ਹੋਈ ਇੱਥੇ ਹੀ ਉਨ੍ਹਾਂ ਪਹਿਲੀ ਪੰਜਾਬੀ ਡਿਕਸ਼ਨਰੀ ਛਾਪੀ। ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ‘ਮਹਾਨ ਕੋਸ਼’ ਸੱਭ ਤੋਂ ਪਹਿਲਾਂ ਏਸੇ ਪਰੈੱਸ ਵਿਚ ਛਪਿਆ। ਇਸ ਦੇ ਨਾਲ ਹੀ ਪੰਜਾਬੀ ਸਾਹਿਤ ਸਭਾ ਦੇ ਪਹਿਲੇ ਪ੍ਰਧਾਨ ਵੀ ਧਨੀ ਰਾਮ ਚਾਤ੍ਰਿਕ 1926 ਵਿਚ ਬਣੇ। ਇਸ ਦੇ ਨਾਲ ਹੀ ਡਾ. ਝੰਡ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ ਤੇ ਕਈ ਹੋਰ ਕਵੀਆਂ ਤੇ ਸਾਹਿਤਕਾਰਾਂ ਵਾਂਗ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਦੀ ਅੰਮ੍ਰਿਤਸਰ ਵਿਖੇ ਜਾਂ ਕਿਸੇ ਹੋਰ ਜਗ੍ਹਾ ઑਤੇ ਕੋਈ ਯਾਦਗਾਰ ਸਥਾਪਿਤ ਨਹੀਂ ਕੀਤੀ ਗਈ।
ਪ੍ਰੋ. ਰਾਮ ਸਿੰਘ ਨੇ ਉਪਰੋਕਤ ਜਾਣਕਾਰੀ ਵਿਚ ਵਾਧਾ ਕਰਦਿਆਂ ਹੋਇਆਂ ਦੱਸਿਆ ਕਿ ਚਾਤ੍ਰਿਕ ਜੀ ਭਾਈ ਵੀਰ ਸਿੰਘ ਜੀ ਦੇ ਨਾਲ ਨਾਲ ਕਵੀਆਂ ਡਾ. ਕਿਰਪਾ ਸਾਗਰ ਤੇ ਪ੍ਰੋ.ਪੂਰਨ ਸਿੰਘ ਜੀ ਦੇ ਵੀ ਸਮਕਾਲੀ ਸਨ ਅਤੇ ਉਨ੍ਹਾਂ ਦਾ ਵੀ ਇਕ ਦੂਸਰੇ ਉੱਪਰ ਕੁਝ ਹੱਦ ਤੱਕ ਪ੍ਰਭਾਵ ਹੈ ਪਰ ਚਾਤ੍ਰਿਕ ਹੋਰਾਂ ਦੀ ਕਵਿਤਾ ਲੋਕ-ਮਨਾਂ ਦੇ ਵਧੇਰੇ ਨੇੜੇ ਹੈ।
ਉਨ੍ਹਾਂ ਕਿਹਾ ਕਿ ਚਾਤ੍ਰਿਕ ਜੀ ਬਚਪਨ ਵਿਚ ਆਪਣੇ ਚਾਚੇ ਦੇ ਮੋਢਿਆਂ ‘ਤੇ ਬੈਠ ਕੇ ਮੇਲਿਆਂ ਵਿਚ ਜਾਂਦੇ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਕਵਿਤਾ ਵਿਚ ਪੰਜਾਬੀ ਮੇਲਿਆਂ ਅਤੇ ਪੰਜਾਬੀ ਸੱਭਿਆਚਾਰ ਦਾ ਜ਼ਿਕਰ ਵਧੇਰੇ ਮਿਲਦਾ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਵੀ ਚਾਤ੍ਰਿਕ ਜੀ ਦੀ ਕਵਿਤਾ ਨੂੰ ਪੰਜਾਬ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਈ ਕਵਿਤਾ ਕਿਹਾ, ਜਦਕਿ ਇਸ ਦੇ ਮੁਕਾਬਲੇ ਭਾਈ ਵੀਰ ਸਿੰਘ ਦੀ ਕਵਿਤਾ ਪੰਜਾਬ ਨਾਲੋਂ ਕਸ਼ਮੀਰ ਦੇ ਪਹਾੜਾਂ ਤੇ ਵਾਦੀਆਂ ਦੇ ਵਧੇਰੇ ਨੇੜੇ ਹੈ। ਡਾ. ਸਾਧੂ ਸਿੰਘ ਬਿਨਿੰਗ ਨੇ ਵੀ ਚਾਤ੍ਰਿਕ ਹੋਰਾਂ ਨੂੰ ਲੋਕ-ਕਵੀ ਗਰਦਾਨਿਆਂ ਅਤੇ ਉਨ੍ਹਾਂ ਦੀ ਕਵਿਤਾ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ ਦੀ ਸਹੀ ਤਸਵੀਰ ਕਿਹਾ। ਕਰਨ ਅਜਾਇਬ ਸਿੰਘ ਸੰਘਾ ਨੇ ਚਾਤ੍ਰਿਕ ਜੀ ਨੂੰ ਪੰਜਾਬ ਦਾ ‘ਅਣਗੌਲਿਆ ਕਵੀ’ ਮੰਨਦਿਆਂ ਹੋਇਆਂ ਉਨ੍ਹਾਂ ਦੇ ਹਿੰਦੂ ਹੋਣ ਕਰਕੇ ਉਨ੍ਹਾਂ ਨੂੰ ਸਿੱਖਾਂ ਵੱਲੋਂ ਅਣਗੌਲੇ ਜਾਣ ਅਤੇ ਪੰਜਾਬੀ ਵਿਚ ਲਿਖਣ ਕਾਰਨ ਉਨ੍ਹਾਂ ਦੇ ਹਿੰਦੂਆਂ ਵੱਲੋਂ ਅਣਗੌਲੇ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਸਭਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਅਜਿਹੇ ਸਮਾਗ਼ਮਾਂ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਸਾਰੂ ਪ੍ਰੋਗਰਾਮ ਉਲੀਕਣ ਲਈ ਕਿਹਾ।
ਮੀਟਿੰਗ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਵਿਚ ਇਕਬਾਲ ਬਰਾੜ, ਪਰਮਜੀਤ ਸਿੰਘ ਗਿੱਲ, ਰਿੰਟੂ ਭਾਟੀਆ ਅਤੇ ਪਰਮਜੀਤ ਢਿੱਲੋਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਗਾ ਕੇ ਵਧੀਆ ਸੰਗੀਤਕ ਮਾਹੌਲ ਸਿਰਜਿਆ ਗਿਆ। ਇਸ ਦੌਰਾਨ ਜਨਾਬ ਮਕਸੂਦ ਚੌਧਰੀ, ਅਨੰਤ ਕੌਰ, ਹਰਜਸਪ੍ਰੀਤ ਗਿੱਲ, ਕਰਨ ਅਜਾਇਬ ਸੰਘਾ, ਡਾ. ਸਾਧੂ ਬਿਨਿੰਗ, ਡਾ. ਜਗਮੋਹਨ ਸੰਘਾ, ਮਲੂਕ ਸਿੰਘ ਕਾਹਲੋਂ, ਜਗੀਰ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਕਾਵਿ-ਰੰਗ ਬੰਨ੍ਹਿਆਂ। ਮੀਟਿੰਗ ਦੇ ਇਸ ਹਿੱਸੇ ਦਾ ਸੰਚਾਲਨ ਪਰਮਜੀਤ ਢਿੱਲੋਂ ਵੱਲੋਂ ਬਾਖ਼ੂਬੀ ਕੀਤਾ ਗਿਆ। ਸਮੁਚੀ ਮੀਟਿੰਗ ਦੇ ਤਕਨੀਕੀ ਪੱਖ ਨੂੰ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਬਾਖ਼ੂਬੀ ਸੰਭਾਲਿਆ ਗਿਆ। ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿਚ ਵੈਨਕੂਵਰ (ਬੀ.ਸੀ.) ਤੋਂ ਡਾ. ਸਾਧੂ ਬਿਨਿੰਗ ਅਤੇ ਅਮਰੀਕਾ ਤੋਂ ਅਨੰਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਆਪਣੀ ਹਾਜ਼ਰੀ ਲਵਾਈ। ਅਖ਼ੀਰ ਵਿਚ ਬਲਰਾਜ ਚੀਮਾ ਜੀ ਵੱਲੋਂ ਇਸ ਜ਼ੂਮ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …