Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਬਿੱਲ ਸੀ-403 ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਪਾਰਲੀਮੈਂਟ ਵਿਚ ਕੀਤਾ ਪੇਸ਼

ਸੋਨੀਆ ਸਿੱਧੂ ਨੇ ਬਿੱਲ ਸੀ-403 ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਪਾਰਲੀਮੈਂਟ ਵਿਚ ਕੀਤਾ ਪੇਸ਼

ਔਟਵਾ/ਬਿਊਰੋ ਨਿਊਜ਼ : 24 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਬਨਾਉਣ ਲਈ ਬਿੱਲ ਸੀ-403 ਪੇਸ਼ ਕੀਤਾ ਗਿਆ। ਇਸ ਬਿੱਲ ਦੀ ਭੂਮਿਕਾ ਵਿਚ ਇਹ ਦੱਸਿਆ ਗਿਆ ਕਿ ਡਾਇਬੇਟੀਜ਼ ਬਾਰੇ ਜਾਗਰੂਕਤਾ ਅਤੇ ਲੋੜੀਂਦੀ ਜਾਣਕਾਰੀ ਲੋਕਾਂ ਲਈ ਇਸ ਰੋਗ ਦੀਆਂ ਮੁੱਢਲੀਆਂ ਅਲਾਮਤਾਂ ਬਾਰੇ ਜਾਨਣ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ ਅਤੇ ਇਸ ਦੇ ਨਾਲ ਅੱਗੋਂ ਡਾਇਬੇਟੀਜ਼ ਹੋਣ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਬਿੱਲ ਸੀ-403 ਕੈਨੇਡਾ-ਭਰ ਵਿਚ ਨਵੰਬਰ ਮਹੀਨੇ ਨੂੰ ਡਾਇਬੇਟੀਜ਼ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਬਹੁਤ ਵਧੀਆ ਵਸੀਲਾ ਬਣਾਏਗਾ।
ਸਿਹਤ ਸਬੰਧੀ ਹਰ ਤੀਸਰੇ ਮਹੀਨੇ ਕੀਤੀ ਜਾਂਦੀ ਜਾਂਚ ਦੇ ਅਨੁਸਾਰ ਅੱਜਕੱਲ੍ਹ ਲੱਗਭੱਗ 11 ਮਿਲੀਅਨ ਕੈਨੇਡਾ-ਵਾਸੀ ਡਾਇਬੇਟੀਜ਼ ਜਾਂ ਇਸ ਦੇ ਸ਼ੁਰੂਆਤੀ ਦੌਰ ਵਿੱਚੋਂ ਗ਼ੁਜ਼ਰ ਰਹੇ ਹਨ। ਡਾਇਬੇਟੀਜ਼ ਹਾਰਟ ਸਟਰੋਕ, ਹਾਰਟ ਅਟੈਕ, ਕਿਡਨੀਆਂ ਦੇ ਖ਼ਰਾਬ ਹੋਣ ਅਤੇ ਲੱਤਾਂ ਜਾਂ ਬਾਹਾਂ ਦੇ ਕੱਟੇ ਜਾਣ ਦਾ ਮੁੱਖ ਕਾਰਨ ਬਣਦੀ ਹੈ। ਇਹ ਕੈਨੇਡਾ ਦੇ ਹੈੱਲਥ ਕੇਅਰ ਸਿਸਟਮ ਉੱਤੇ ਇਕ ਵੱਡਾ ਬੋਝ ਹੈ ਅਤੇ ਇਸ ਉੱਪਰ 2010 ਵਿਚ 11.7 ਬਿਲੀਅਨ ਡਾਲਰ ਦੇ ਮੁਕਾਬਲੇ 2020 ਵਿਚ 15.9 ਬਿਲੀਅਨ ਡਾਲਰ ਖ਼ਰਚ ਹੋਵੇਗਾ।
ਇਸ ਮੌਕੇ ਹਾਊਸ ਆਫ਼ ਕਾਮਨਜ਼ ਵਿਚ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ,”ਮੈਂ ਅਤੇ ਮੇਰੇ ਸਾਥੀਆਂ ਨੇ ਡਾਇਬੇਟੀਜ਼ ਨਾਲ ਸਾਡੇ ਹੈੱਲਥ ਕੇਅਰ ਸਿਸਟਮ ਵਿਚ ਪੈਦਾ ਹੋਈਆਂ ਬੇ-ਹੱਦ ਮੁਸ਼ਕਲਾਂ ਅਤੇ ਅਣਗਿਣਤ ਜ਼ਰੂਰਤਾਂ ਬਾਰੇ ਚੰਗੀ ਤਰ੍ਹਾਂ ਸੁਣਿਆਂ ਹੈ। ਕੋਈ ਕਾਰਨ ਨਹੀਂ ਹੈ ਕਿ ਜਿਸ ਦੇਸ਼ ਨੇ ਇਸ ਬੀਮਾਰੀ ਲਈ ਦੁਨੀਆਂ ਨੂੰ ‘ਇਨਸੂਲੀਨ’ ਦਿੱਤੀ ਹੈ, ਉਹ ਇਸ ਰੋਗ ਨਾਲ ਲੜ ਕੇ ਇਸ ਨੂੰ ਚਿੱਤ ਕਰਨ ਲਈ ਦੂਸਰੇ ਦੇਸ਼ਾਂ ਦੀ ਅਗਵਾਈ ਨਾ ਕਰ ਸਕੇ।”
ਆਲ-ਪਾਰਟੀ ਡਾਇਬੇਟੀਜ਼ ਕਾੱਕਸ ਦੀ ਚੇਅਰਪਰਸਨ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਇਹ ਬਿੱਲ ਸੀ-403 ਸੋਨੀਆ ਸਿੱਧੂ ਵੱਲੋਂ ਡਾਇਬੇਟੀਜ਼ ਨਾਲ ਲੜੀ ਜਾ ਰਹੀ ਲਗਾਤਾਰ ਲੜਾਈ ਦਾ ਅਹਿਮ ਭਾਗ ਹੈ। ਕੈਨੇਡਾ-ਵਾਸੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਨਾਉਣ ਅਤੇ ਇਸ ਰੋਗ ਦੀਆਂ ਮੁੱਢਲੀਆਂ ਨਿਸ਼ਾਨੀਆਂ ਤੋਂ ਜਾਣੂੰ ਕਰਾਉਣ ਲਈ ਇਹ ਬਿੱਲ ਐੱਮ.ਪੀ. ਸਿੱਧੂ ਵੱਲੋਂ ਪਿਛਲੇ ਸਾਲ 2017 ਵਿਚ ਬਰੈਂਪਟਨ ਵਿਚ ਬਰੈਂਪਟਨ ਦੀ ਮੇਅਰ, ਮਿਊਂਨਿਸਿਪਲ ਕਾਊਂਸਲਰਾਂ ਅਤੇ ਅਧਿਕਾਰੀਆਂ ਦੇ ਨਾਲ ਨਵੰਬਰ ਮਹੀਨੇ ਨੂੰ ‘ਡਾਇਬੇਟੀਜ਼ ਮੰਥ’ ਅਤੇ 14 ਨਵੰਬਰ ਨੂੰ ‘ਡਾਇਬੇਟੀਜ਼-ਦਿਵਸ’ ਐਲਾਨਣ ਤੋਂ ਬਾਅਦ ਅਗਲਾ ਪੜਾਅ ਹੈ।
ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਵਜੋਂ ਸੋਨੀਆ ਵੱਲੋਂ ਕੈਨੇਡਾ ਵਿਚ ‘ਐਂਟੀ-ਡਾਇਬੇਟੀਜ਼ ਸਟਰੈਟਿਜੀਜ਼ ਐਂਡ ਅੱਦਰ ਜੁਰਿਸਡਿਕਸ਼ਨਜ਼’ ਮੋਸ਼ਨ 2017 ਵਿਚ ਲਿਆਂਦਾ ਗਿਆ ਸੀ ਜਿਸ ਦੀ ਹਮਾਇਤ ਕਮੇਟੀ ਕਮੇਟੀ ਦੇ ਸਾਰੇ ਹੀ ਸਾਥੀ ਮੈਂਬਰਾਂ ਨੇ ਕੀਤੀ ਸੀ। ਨਤੀਜੇ ਵਜੋਂ, ਕਮੇਟੀ ਨੇ ਬੀਤੇ ਹਫ਼ਤੇ ਇਸ ਦਾ ਅਧਿਐੱਨ ਸ਼ੁਰੂ ਕੀਤਾ ਅਤੇ ਇਸ ਦੇ ਬਾਰੇ ਡਾਇਬੇਟੀਜ਼ ਕੈਨੇਡਾ, ਜੇ.ਡੀ.ਆਰ.ਐੱਫ਼. ਡਾਇਬੇਟੀਜ਼ ਐਕਸ਼ਨ ਕੈਨੇਡਾ ਅਤੇ ਕੈਨੇਡੀਅਨ ਇੰਡੀਜੀਨੀਅਸ ਨਰਸਿਜ਼ ਐਸੋਸੀਏਸ਼ਨ ਦੇ ਮਾਹਿਰਾਂ ਦੇ ਵਿਚਾਰ ਵੀ ਸੁਣੇ। ਐੱਮ.ਪੀ. ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ਦੇ ਸਾਥੀ ਪਾਰਲੀਮੈਂਟ ਮੈਂਬਰਾਂ ਅਤੇ ਕੈਨੇਡਾ-ਵਾਸੀਆਂ ਨੂੰ ਇਸ ਬਿੱਲ ਸੀ-403 ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …