”ਅਪਰਾਧਿਕ ਕਾਰਵਾਈਆਂ ਰੋਕਣ ਤੇ ਸੁਰੱਖ਼ਿਅਤ ਕਮਿਊਨਿਟੀਆਂ ਲਈ ਸਰਕਾਰ ਵੱਲੋਂ ਲਏ ਗਏ ਨਵੇਂ ਕਦਮ”
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ-ਵਾਸੀਆਂ ਦੀ ਸੁਰੱਖ਼ਿਆ ਨੂੰ ਮਜ਼ਬੂਤ ਕਰਨ ਅਤੇ ਦੇਸ਼-ਭਰ ਵਿਚ ਸੁਰੱਖ਼ਿਅਤ ਕਮਿਊਨਿਟੀਆਂ ਬਨਾਉਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇਕ ਵਿਆਪਕ ਤੇ ਦਲੇਰਾਨਾ ਯੋਜਨਾ ਦਾ ਐਲਾਨ ਕੀਤਾ ਗਿਆ। ਇਸ ਬਾਰੇ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਲਏ ਗਏ ਇਨ੍ਹਾਂ ਫ਼ੈਸਲਿਆਂ ਨੂੰ ਲੋੜੀਂਦੇ ਬਦਲਾਅ ਮੰਨਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਬਦਲਾਅ ਜਲਦੀ ਅਮਲ ਵਿੱਚ ਲਿਆਂਦੇ ਜਾਣ ਤਾਂ ਜੋ ਦੇਸ਼ ਵਿੱਚ ਵੱਸਦੀਆਂ ਕਮਿਊਨਿਟੀਆਂ ਨੂੰ ਹੋਰ ਸੁਰੱਖਿਅਤ ਅਤੇ ਅਨੁਕੂਲ ਬਣਾਇਆ ਜਾ ਸਕੇ।
ਸਰਕਾਰ ਵੱਲੋਂ ਲਏ ਜਾ ਰਹੇ ਇਨ੍ਹਾਂ ਨਵੇਂ ਕਦਮਾਂ ਵਿਚ ਹਿੰਸਕ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਣ ਲਈ ‘ਨਵਾਂ ਜ਼ਮਾਨਤ ਸੁਧਾਰ ਬਿੱਲ’ ਲਿਆਉਣਾ ਸ਼ਾਮਲ ਹੈ।
ਇਸ ਬਿੱਲ ਅਨੁਸਾਰ ਉਨ੍ਹਾਂ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ, ਜਿਹੜੇ ਹਿੰਸਕ ਕਾਰਵਾਈਆਂ ਕਰਦੇ ਹਨ, ਗੱਡੀਆਂ ਚੋਰੀ ਕਰਦੇ ਹਨ, ਚੋਰੀ-ਛੁਪੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੁੰਦੇ ਹਨ, ਮਨੁੱਖੀ ਤਸਕਰੀ ਕਰਦੇ ਹਨ ਅਤੇ ਲੋਕਾਂ ‘ਤੇ ਜਿਨਸੀ ਤੇ ਹਿੰਸਕ ਹਮਲੇ ਕਰਦੇ ਹਨ।
ਮੌਜੂਦਾ ਕਾਨੂੰਨ ਵਿਚ ਸੋਧ ਕਰਨ ਲਈ ਕੈਨੇਡਾ-ਵਾਸੀਆਂ ਵੱਲੋਂ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ।
ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਇਹ ਤਬਦੀਲੀਆਂ ਲੋਕਾਂ ਤੇ ਕਮਿਊਨਿਟੀਆਂ ਦੀ ਸੁਰੱਖ਼ਿਆ ਪਹਿਲ ਦੇ ਆਧਾਰ ‘ਤੇ ਕਰਨਗੀਆਂ ਅਤੇ ਇਹ ਸੋਧਾਂ ਹੇਠ-ਲਿਖੇ ਅਨੁਸਾਰ ਹਨ :
1. ਸੰਗੀਨ ਅਪਰਾਧਾਂ ਲਈ ‘ਰਿਵਰਸ ਓਨਸ ਬੇਲ’ ਲਿਆਉਣਾ, ਜਿਸ ਅਨੁਸਾਰ ਅਪਰਾਧੀਆਂ ਵੱਲੋਂ ਆਪਣੀ ਰਿਹਾਈ ਦੇ ਅਧਿਕਾਰ ਨੂੰ ਸਾਬਤ ਕਰਨਾ ਪਵੇਗਾ,ਜਦਕਿ ਮੌਜੂਦਾ ਕਾਨੂੰਨ ਅਨੁਸਾਰ ਇਸ ਸਮੇਂ ‘ਪ੍ਰਾਸੀਕਿਊਸ਼ਨ’ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਦੋਸ਼ੀ ਨੂੰ ਹਿਰਾਸਤ ਵਿਚ ”ਕਿਉਂ ਰੱਖਿਆ ਜਾਣਾ ਚਾਹੀਦਾ ਹੈ?”
2. ਲਗਾਤਾਰ ਸਜ਼ਾ ਦੇਣ ਦੀ ਵਿਵਸਥਾ ਬਨਾਉਣੀ, ਜਿਸ ਨਾਲ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ ਲੰਮਾ ਸਮਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ।
3. ਯੋਜਨਾ-ਬੱਧ ਚੋਰੀਆਂ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣੀਆਂ।
4. ਜਿਨਸੀ ਅਪਰਾਧਾਂ ਲਈ ਸ਼ਰਤਾਂ ਦੇ ਆਧਾਰਿਤ ਸਜ਼ਾ ਦੀ ਸੀਮਾ ਨਿਰਧਾਰਤ ਕਰਨਾ।
ਇਸ ਤੋਂ ਇਲਾਵਾ ਫ਼ੈੱਡਰਲ ਸਰਕਾਰ ਆਰ.ਸੀ.ਐੱਮ.ਪੀ. ਦੀ ਸਮਰੱਥਾ ਵਧਾਉਣ ਲਈ ਆਉਂਦੇ ਚਾਰ ਸਾਲਾਂ ਵਿਚ 1.8 ਬਿਲੀਅਨ ਡਾਲਰ ਪੂੰਜੀ ਨਿਵੇਸ਼ ਕਰੇਗੀ, ਜਿਸ ਵਿਚ 1,000 ਨਵੇਂ ਸੁਰੱਖ਼ਿਆ ਅਫ਼ਸਰ ਭਰਤੀ ਕਰਨਾ ਅਤੇ ਵਿੱਤੀ ਅਪਰਾਧ ਰੋਕਣ ਲਈ ਉਪਰਾਲੇ ਕਰਨਾ, ‘ਔਨ-ਲਾਈਨ’ ਤੇ ਯੋਜਨਾ-ਬੱਧ ਅਪਰਾਧਿਕ ਨੈੱਟਵਰਕਸ ਉੱਪਰ ਕੰਟਰੋਲ ਕਰਨਾ, ਆਦਿ ਸ਼ਾਮਲ ਹਨ।
ਇਸ ਪੂੰਜੀ ਨਿਵੇਸ਼ ਨਾਲ ਲਾਅ ਐੱਨਫ਼ਰਸਮੈਂਟ ਏਜੰਸੀਆਂ ਲੋਕਾਂ ਨੂੰ ਦਰਪੇਸ਼ ਨਿੱਤ ਨਵੀਆਂ ਧਮਕੀਆਂ ਨਾਲ ਨਜਿੱਠਣ ਅਤੇ ਅਰਥ-ਵਿਵਸਥਾ ਤੇ ਕੌਮੀ ਸੁਰੱਖ਼ਿਆ ਲਈ ਵਧੇਰੇ ਸੁਚਾਰੂ ਢੰਗ ਨਾਲ ਕੰਮ ਕਰ ਸਕਣਗੀਆਂ।
ਵੱਖ-ਵੱਖ ਪ੍ਰੋਵਿੰਸਾਂ, ਟੈਰੀਟਰੀਆਂ ਤੇ ਮਿਉਂਨਿਸਿਪਲਿਟੀਆਂ ਦੇ ਸਹਿਯੋਗ ਨਾਲ ਸਰਕਾਰ ਅਪਰਾਧ ਦੀਆਂ ਜੜ੍ਹਾਂ ਤੱਕ ਪਹੁੰਚੇਗੀ ਤੇ ਇਸ ਨੂੰ ਦੂਰ ਕਰਨ ਦਾ ਹਰੇਕ ਯਤਨ ਕਰੇਗੀ। ਉਹ ਉਨ੍ਹਾਂ ਨੂੰ ਯਥਾਯੋਗ ਘਰ ਬਨਾਉਣ, ਮੈਂਟਲ ਹੈੱਲਥ ਤੇ ਯੁਵਕ ਪ੍ਰੋਗਰਾਮਾਂ ਵਿਚ ਸਹਿਯੋਗ ਕਰੇਗੀ। ਸਰਹੱਦਾਂ ‘ਤੇ ਗੰਨ ਤੇ ਡਰੱਗ ਸਮੱਗਲਿੰਗ ਰੋਕਣ ਤੋਂ ਲੈ ਕੇ ਨਫ਼ਰਤੀ ਤੇ ਹਿੰਸਕ ਘਟਨਾਵਾਂ ਨੂੰ ਨੱਥ ਪਾਉਣ ਤੱਕ ਕੈਨੇਡਾ ਦੀ ਨਵੀਂ ਸਰਕਾਰ ਸਾਰਿਆਂ ਲਈ ਸੁਰੱਖ਼ਿਅਤ ਭਵਿੱਖ ਯਕੀਨੀ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਸਾਊਥ ਤੇ ਸਮੁੱਚੇ ਕੈਨੇਡਾ ਵਿਚ ਪਰਿਵਾਰਾਂ ਨੂੰ ਆਪਣੇ ਘਰਾਂ ਤੇ ਕਮਿਊਨਿਟੀਆਂ ਵਿਚ ਸੁਰੱਖ਼ਿਅਤ ਰਹਿਣ ਦਾ ਹੱਕ ਹੈ। ਮੈਂ ਪ੍ਰਧਾਨ ਮੰਤਰੀ ਕਾਰਨੀ ਦੇ ਨਿਆਂ-ਪ੍ਰਬੰਧ, ਪੁਲਿਸ ਵਿਚ ਪੂੰਜੀ-ਨਿਵੇਸ਼ ਅਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਦੇ ਵਿਚਾਰ ਦਾ ਭਰਪੂਰ ਸਮਰਥਨ ਕਰਦੀ ਹਾਂ। ਇਨ੍ਹਾਂ ਨਵੇਂ ਕਦਮਾਂ ਨਾਲ ਅਸੀਂ ਆਪਣੇ ਦੇਸ਼ਂ ਕੈਨੇਡਾ ਨੂੰ ਆਪਣੀ ਇੱਛਾ ਦੇ ਅਨੁਸਾਰ ਬਣਾ ਸਕਦੇ ਹਾਂ ਜਿਸ ਵਿਚ ਹਰੇਕ ਦੇ ਲਈ ਰੋਜ਼ਗਾਰ ਦੇ ਮੌਕੇ, ਸੁਰੱਖ਼ਿਆ ਅਤੇ ਇਨਸਾਫ਼ ਯਕੀਨੀ ਹੋਣਗੇ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਸ ਬਾਰੇ ਕਹਿਣਾ ਹੈ, ”ਕੈਨੇਡਾ ਵਿਚ ਤੁਸੀਂ ਸਵੇਰੇ ਉੱਠੋ, ਆਪਣੀ ਕਾਰ ਲਓ ਤੇ ਕੰਮ ‘ਤੇ ਜਾਓ, ਅਤੇ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਖਾ ਪੀ ਕੇ ਆਰਾਮ ਨਾਲ ਗੂੜ੍ਹੀ ਨੀਂਦੇ ਸੰਵੋਂ।
ਮੌਜੂਦਾ ਕਾਨੂੰਨ ਜਦੋਂ ਲੋਕਾਂ ਨੂੰ ਇਸ ਸੱਭ ਨਾ ਦੇ ਸਕਣ ਤਾਂ ਫਿਰ ਨਵੇਂ ਕਾਨੂੰਨ ਬਨਾਉਣ ਦੀ ਲੋੜ ਪੈਂਦੀ ਹੈ। ਅਪਰਾਧਾਂ ਨੂੰ ਰੋਕਣ ਅਤੇ ਕਮਿਊਨਿਟੀਆਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੀ ਨਵੀਂ ਸਰਕਾਰ ਕਈ ਸਖ਼ਤ ਫ਼ੈਸਲੇ ਲੈ ਰਹੀ ਹੈ ਜਿਨ੍ਹਾਂ ਨਾਲ ਕੈਨੇਡਾ-ਵਾਸੀ ਆਪਣੇ ਘਰਾਂ ਤੇ ਆਂਢ-ਗਵਾਂਢ ਵਿਚ ਆਰਾਮ ਨਾਲ ਸੁਰੱਖ਼ਿਅਤ ਰਹਿ ਸਕਣਗੇ ਅਤੇ ਆਪਣੇ ਭਵਿੱਖ ‘ਤੇ ਪੂਰਾ ਕੰਟਰੋਲ ਕਰ ਸਕਣਗੇ।”

