-6.1 C
Toronto
Sunday, December 14, 2025
spot_img
Homeਕੈਨੇਡਾਬਰੈਂਪਟਨ ਸਿਟੀ ਕੌਂਸਲ ਵੱਲੋਂ ਸਮਾਜ-ਸੇਵੀ ਕਰਮਜੀਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਸਿੱਧੂ...

ਬਰੈਂਪਟਨ ਸਿਟੀ ਕੌਂਸਲ ਵੱਲੋਂ ਸਮਾਜ-ਸੇਵੀ ਕਰਮਜੀਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਸਿੱਧੂ ਨੂੰ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ 24 ਅਕਤੂਬਰ ਨੂੰ ਸਮਾਜ-ਸੇਵੀ ਕਰਮਜੀਤ ਸਿੰਘ ਗਿੱਲ ਨੂੰ ਬਰੈਂਪਟਨ ਸਿਟੀ ਕੌਸਲ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਅਤੇ ਉਨ੍ਹਾਂ ਦਾ ਦੋਸਤ ਸੁਖਦੇਵ ਸਿੰਘ ਸਿੱਧੂ ਦੋਵੇਂ ਪਿਛਲੇ ਲੰਮੇਂ ਸਮੇਂ ਤੋਂ ਮਿਲ਼ ਕੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਨਜ਼ਦੀਕ ਮੈਕਲਾਗਲਿਨ ਰੋਡ ਨੇੜਲੇ ‘ਹਿੱਕਰੀਵੁੱਡ ਪਾਰਕ’ ਅਤੇ ਇਸ ਦੇ ਆਸ-ਪਾਸ ਦੇ ਘਰਾਂ ਦੇ ਬਾਹਰ ਖਿਲਰੇ ਹੋਏ ਕੂੜੇ-ਕਰਕਟ ਨੂੰ ਚੁੱਕ ਕੇ ਆਲ਼ੇ-ਦੁਆਲੇ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਸਮਾਜ ਪ੍ਰਤੀ ਉਨ੍ਹਾਂ ਦੀ ਇਸ ਸੇਵਾ ਦੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ। ਉਸ ਦੇ ਵੱਲੋਂ ਉਨ੍ਹਾਂ ਦੋਹਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਇਸ ਮੰਤਵ ਲਈ 24 ਅਕਤੂਬਰ ਨੂੰ ਦੁਪਹਿਰ 12.00 ਸਿਟੀ ਹਾਲ ਵਿਚ ਆਉਣ ਦਾ ਸੱਦਾ ਦਿੱਤਾ ਗਿਆ। ਇੱਥੇ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਕਰਮਜੀਤ ਸਿੰਘ ਗਿੱਲ ਨੂੰ ਸ਼ਾਨਦਾਰ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਸਿੱਧੂ ਏਹਨੀ ਦਿਨੀਂ ਪੰਜਾਬ ਗਏ ਹੋਣ ਕਰਕੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਸਰਟੀਫ਼ੀਕੇਟ ਵੀ ਕਰਮਜੀਤ ਗਿੱਲ ਦੇ ਹਵਾਲੇ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਵਾਪਸ ਆਉਣ ‘ਤੇ ਉਹ ਇਹ ਸਿੱਧੂ ਸਾਹਿਬ ਨੂੰ ਪਹੁੰਚਾ ਸਕਣ। ਇਸ ਮੌਕੇ ਕਰਮਜੀਤ ਗਿੱਲ ਦੇ ਨਾਲ ਉਨ੍ਹਾਂ ਦੇ ਮਾਤਾ ਜੀ ਸੁਰਜੀਤ ਕੌਰ ਗਿੱਲ ਅਤੇ ਦੋਸਤ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ। ਇਸ ਮੌਕੇ ‘ਓਮਨੀ ਟੀ.ਵੀ. ਦੇ ਪੱਤਰਕਾਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਕਿਹਾ, ”ਆਪਣੇ ਆਲ਼ੇ-ਦੁਆਲੇ ਦੀ ਸਫ਼ਾਈ ਰੱਖਣੀ ਸਾਡੇ ਲਈ ਓਨੀ ਹੀ ਜ਼ਰੂਰੀ ਹੈ ਜਿੰਨੀ ਅਸੀਂ ਆਪਣੇ ਘਰਾਂ ਦੀ ਰੱਖਦੇ ਹਾਂ। ਕਰਮਜੀਤ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਸਿੱਧੂ ਦੋਵੇਂ ਇਹ ਸੇਵਾ ਬਾਖ਼ੂਬੀ ਕਰ ਰਹੇ ਹਨ ਅਤੇ ਬਰੈਂਪਟਨ ਸਿਟੀ ਕੌਂਸਲ ਨੂੰ ਅਜਿਹੇ ਸਮਾਜ-ਸੇਵਕਾਂ ਉੱਪਰ ਮਾਣ ਹੈ। ਉਨ੍ਹਾਂ ਨੂੰ ਸਨਮਾਨਿਤ ਕਰਕੇ ਬਰੈਂਪਟਨ ਸਿਟੀ ਕੌਂਸਲ ਅਤੀ ਮਾਣ ਮਹਿਸੂਸ ਕਰਦੀ ਹੈ। ਮੈਨੂੰ ਪੂਰਨ ਆਸ ਹੈ ਕਿ ਉਹ ਬਰੈਂਪਟਨ-ਵਾਸੀਆਂ ਲਈ ਪ੍ਰੇਰਨਾ ਦੇ ਸਰੋਤ ਬਣਨਗੇ।” ਸਿਟੀ ਕੌਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਇਸ ਮੌਕੇ ਬੋਲਦਿਆਂ ਕਿਹਾ, ”ਮੈਂ ਇਸ ਗੱਲ ‘ਤੇ ਫ਼ਖ਼ਰ ਮਹਿਸੂਸ ਕਰ ਰਿਹਾ ਹਾਂ ਕਿ ਸਾਡੀ ਕਮਿਊਨਿਟੀ ਆਪਣੇ ਆਲ਼ੇ-ਦੁਆਲੇ ਦੀ ਸਫ਼ਾਈ ਬਾਰੇ ਕਾਫ਼ੀ ਜਾਗਰੂਕ ਹੈ। ਕਰਮਜੀਤ ਸਿੰਘ ਗਿੱਲ ਤੇ ਸੁਖਦੇਵ ਸਿੰਘ ਸਿੱਧੂ ਵਰਗੇ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਪਾਰਕਾਂ ਦੀ ਸਫ਼ਾਈ ਵੱਲ ਉਚੇਚਾ ਧਿਆਨ ਦੇ ਰਹੇ ਹਨ। ਬਰੈਂਪਟਨ ਸਾਡਾ ਸਾਰਿਆਂ ਦਾ ‘ਘਰ’ ਹੈ ਅਤੇ ਆਪਣੇ ਘਰ ਦੀ ਸਫ਼ਾਈ ਰੱਖਣਾ ਸਾਡਾ ਸੱਭਨਾਂ ਦਾ ਫਰਜ਼ ਬਣਦਾ ਹੈ। ਆਓ! ਸਾਰੇ ਮਿਲ਼ ਕੇ ਬਰੈਂਪਟਨ ਨੂੰ ਹੋਰ ਵੀ ਸਾਫ਼ ਸੁਥਰਾ ਬਣਾਈਏ।”
ਬਰੈਂਪਟਨ ਸਿਟੀ ਕੌਂਸਲ ਦਾ ਧੰਨਵਾਦ ਕਰਦਿਆਂ ਕਰਮਜੀਤ ਗਿੱਲ ਨੇ ਕਿਹਾ ਕਿ ਉਹ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਕੌਂਸਲਰ ਗੁਰਪ੍ਰਤਾਪ ਸਿੰਘ ਦੇ ਅਤੀ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਏਨਾ ਮਾਣ-ਸਤਿਕਾਰ ਬਖ਼ਸ਼ਿਆ ਹੈ। ਉਨ੍ਹਾਂ ‘ਓਮਨੀ ਟੀ.ਵੀ.’ ਦੇ ਨੁਮਾਇੰਦੇ ਪੱਤਰਕਾਰ ਅਮਰਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਕੈਮਰਾਮੈਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਚੈਨਲ ਲਈ ਇਸ ਮੌਕੇ ਇਸ ਛੋਟੇ ਜਿਹੇ ਸਨਮਾਨ-ਸਮਾਰੋਹ ਦੀ ਰਿਕਾਰਡਿੰਗ ਕੀਤੀ।
ਕਰਮਜੀਤ ਸਿੰਘ ਗਿੱਲ ਦੇ ਨਾਲ ਆਏ ਉਨ੍ਹਾਂ ਦੇ ਦੋਸਤ ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਕਿਹਾ, ”ਕਰਮਜੀਤ ਗਿੱਲ ਬਹੁ-ਪੱਖੀ ਸ਼ਖ਼ਸੀਅਤ ਹੈ। ਆਲ਼ੇ-ਦੁਆਲ਼ੇ ਤੇ ‘ਹਿੱਕਰੀਵੁੱਡ ਪਾਰਕ’ ਦੀ ਸਫ਼ਾਈ ਕਰਨ ਦੇ ਨਾਲ-ਨਾਲ ਉਹ ਆਪਣੀ ਸਮਾਜ-ਸੇਵੀ ਸੰਸਥਾ ‘ਸਹਾਇਤਾ’ ਵੱਲੋਂ ਪੰਜਾਬ ਵਿੱਚ ਆਪਣੇ ਸਾਥੀਆਂ ਦੀ ਟੀਮ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਸਹਾਇਤਾ ਵੀ ਕਰ ਰਿਹਾ ਹੈ। ਉਹ ਬਰੈਂਪਟਨ ਵਿੱਚ ਪਿਛਲੇ 12 ਸਾਲ ਤੋਂ ਵਿਚਰ ਰਹੀ ‘ਟੀ.ਪੀ.ਏ.ਆਰ. ਕਲੱਬ’ ਦਾ ਸਰਗਰਮ ਮੈਂਬਰ ਹੋਣ ਦੇ ਨਾਤੇ ਵੱਖ-ਵੱਖ ਦੌੜਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਨਾਟਕਕਾਰ ਨਾਹਰ ਸਿੰਘ ਔਜਲਾ ਦੀ ਰੰਗਮੰਚ ਸੰਸਥਾ ‘ਚੇਤਨਾ ਕਲਚਰਲ ਸੈਂਟਰ’ ਦੇ ਮੈਂਬਰ ਵਜੋਂ ਇਸ ਦੇ ਵੱਲੋਂ ਕਰਵਾਏ ਜਾਂਦੇ ਨਾਟਕਾਂ ਵਿੱਚ ਵੀ ਸਰਗਰਮੀ ਨਾਲ ਭਾਗ ਲੈਂਦਾ ਹੈ।”

 

RELATED ARTICLES
POPULAR POSTS