ਪੈੱਨਸ਼ਨਰਾਂ ਨੂੰ ਫ਼ਾਰਮ ਵੰਡੇ ਤੇ ਭਰਵਾਏ ਵੀ
ਬਰੈਂਪਟਨ/ਡਾ. ਝੰਡ : ਪਿਛਲੇ ਕਈ ਸਾਲਾਂ ਵਾਂਗ ਇਸ ਸਾਲ ਵੀ ਭਾਰਤੀ ਪੈੱਨਸ਼ਨਰਾਂ ਲਈ ਲਾਈਫ਼ ਸਰਟੀਫ਼ੀਕੇਟ ਬਨਾਉਣ ਲਈ ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਨਵੰਬਰ ਮਹੀਨੇ ਵਿਚ ਕੈਂਪ ਲਗਾਏ ਜਾ ਰਹੇ ਹਨ।
ਅਜਿਹੇ ਦੋ ਕੈਂਪ 5 ਅਤੇ 6 ਨਵੰਬਰ ਨੂੰ ਨਾਨਕਸਰ ਗੁਰੂਘਰ ਅਤੇ ਗੋਰ ਮੰਦਰ ਵਿਚ ਲੱਗ ਜਾ ਚੁੱਕੇ ਹਨ। ਇਨ੍ਹਾਂ ਦੋਹਾਂ ਕੈਂਪਾਂ ਵਿਚ ਲਾਈਫ਼ ਸਰਟੀਫ਼ੀਕੇਟ ਲੈਣ ਵਾਲਿਆਂ ਦੀ ਕਾਫ਼ੀ ਭੀੜ ਰਹੀ ਅਤੇ ਵੱਡੀ ਗਿਣਤੀ ਵਿਚ ਪੈੱਨਸ਼ਨਰਾਂ ਨੇ ਇਹ ਸਰਟੀਫ਼ੀਕੇਟ ਪ੍ਰਾਪਤ ਕੀਤੇ।
ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਇਨ੍ਹਾਂ ਕੈਂਪਾਂ ਵਿਚ ਸਰਟੀਫ਼ੀਕੇਟ ਲੈਣ ਵਾਲਿਆਂ ਦੀ ਮਦਦ ਕਰਨ ਵਿਚ ਬਣਦਾ ਯੋਗਦਾਨ ਪਾਇਆ ਗਿਆ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਇੰਜੀ. ਬਲਦੇਵ ਸਿੰਘ ਬਰਾੜ, ਪ੍ਰੋ. ਜਗੀਰ ਸਿੰਘ ਕਾਹਲੋਂ, ਮੁਹਿੰਦਰ ਸਿੰਘ ਮੋਹੀ, ਇੰਜੀ. ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਸਚਦੇਵਾ ਅਤੇ ਹਰੀ ਸਿੰਘ ਨੇ ਗੁਰਦੁਆਰਾ ਨਾਨਕਸਰ ਵਿਖੇ ਲੱਗੇ ਕੈਂਪ ਵਿਚ ਪਹੁੰਚ ਕੇ ਉੱਥੇ ਮੌਜੂਦ ਪੈੱਨਸ਼ਨਰਾਂ ਨੂੰ 300 ਦੇ ਕਰੀਬ ਫ਼ਾਰਮ ਵੰਡੇ ਅਤੇ ਲੱਗਭੱਗ ਤਿੰਨ ਦਰਜਨ ਪੈੱਨਸ਼ਨਰਾਂ ਦੀ ਇਹ ਫ਼ਾਰਮ ਭਰਨ ਵਿਚ ਮਦਦ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਉੱਥੇ 30 ਪੈੱਨਸ਼ਨਰਾਂ ਦੀ ਸਹਿਮਤੀ ਹਾਸਿਲ ਕਰਕੇ ਉਨ੍ਹਾਂ ਨੂੰ ਐਸੋਸੀਏਸ਼ਨ ਦੇ ਮੈਂਬਰ ਵੀ ਬਣਾਇਆ ਗਿਆ।
ਪੈੱਨਸ਼ਨਰਾਂ ਨੂੰ ਮੁਫ਼ਤ ਫ਼ਾਰਮ ਵੰਡਣ ਦਾ ਕਾਰਜ ਲਗਾਤਾਰ ਚੱਲ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਸ ‘ ਤੇ ਇਤਰਾਜ਼ ਜਤਾਇਆ ਗਿਆ। ਨਤੀਜੇ ਵਜੋਂ, ਐਸੋਸੀਏਸ਼ਨ ਨੂੰ ਫ਼ਾਰਮ ਵੰਡਣ ਦਾ ਇਹ ਸਿਲਸਿਲਾ ਬੰਦ ਕਰਨਾ ਪਿਆ।
ਹੁਣ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ 12 ਤੇ 13 ਨਵੰਬਰ ਨੂੰ ਜਿਹੜੇ ਕੈਂਪ ਬਰੈਂਪਟਨ ਵਿਚ ਲਗਾਏ ਜਾ ਰਹੇ ਹਨ, ਉਨ੍ਹਾਂ ਵਿਚ ਸ਼ਾਮਲ ਹੋਣ ਵਾਲੇ ਪੈੱਨਸ਼ਨਰਾਂ ਨੂੰ ਤਾਕੀਦ ਕੀਤੀ ਜਾਏ ਕਿ ਲਾਈਫ਼ ਸਰਟੀਫ਼ੀਕੇਟ ਬਨਾਉਣ ਲਈ ਕੋਈ ਵੀ ਜਾਣਕਾਰੀ ਲੈਣ ਲਈ ਅਤੇ ਕੋਈ ਵੀ ਸਮੱਸਿਆ ਪੈਦਾ ਹੋਣ ਦੀ ਹਾਲਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ (437-902-5202), ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297), ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ (647-709-6115), ਮੁਹਿੰਦਰ ਸਿੰਘ ਮੋਹੀ (416-659-1232, ਇੰਜੀ. ਸੁਖਦੇਵ ਸਿੰਘ (416-669-7891 ਜਾਂ ਹਰੀ ਸਿੰਘ (647-515-4752) ਨਾਲ ਸੰਪਰਕ ਕਰ ਸਕਦੇ ਹਨ।
ਭਾਰਤੀ ਪੈੱਨਸ਼ਨਰਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਬਰੈਂਪਟਨ ਵਿਚ ਅਜਿਹੇ ਅਗਲੇ ਦੋ ਕੈਂਪ 12 ਨਵੰਬਰ ਸ਼ਨੀਵਾਰ ਨੂੰ ਸੂਜ਼ਨ ਫ਼ੈਨਲ ਸਪੋਰਟਸ ਕੰਪਲੈਕਸ 500 ਰੇਅਲਾਅਸਨ ਬੁਲੇਵਾਰਡ ਅਤੇ ਐਤਵਾਰ 13 ਨਵੰਵਰ ਨੂੰ ਗੁਰਦੁਆਰਾ ਸਾਹਿਬ ਸਿੱਖ ਹੈਰੀਟੇਜ ਸੈਂਟਰ, ਏਅਰਪੋਰਟ ਰੋਡ ਤੇ ਮੇਅਫ਼ੀਲਡ ਵਿਖੇ ਲਗਾਏ ਜਾ ਰਹੇ ਹਨ।
ਇਕ ਹੋਰ ਕੈਂਪ 19 ਨਵੰਬਰ ਨੂੰ ਨਾਨਕਸਰ ਗੁਰੂਘਰ ਵਿਚ ਵੀ ਲਗਾਇਆ ਜਾਏਗਾ। ਇਨ੍ਹਾਂ ਕੈਂਪਾਂ ਦੇ ਆਰੰਭ ਹੋਣ ਦਾ ਸਮਾਂ ਬੇਸ਼ਕ ਸਵੇਰੇ 10.00 ਵਜੇ ਜਾਂ 10.30 ਵਜੇ ਦਾ ਹੈ ਪਰ ਪੈੱਨਸ਼ਨਰਾਂ ਨੂੰ ਇਸ ਤੋਂ ਡੇਢ ਕੁ ਘੰਟਾ ਪਹਿਲਾਂ ਪਹੁੰਚਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਵਾਰੀ ਸਮੇਂ ਸਿਰ ਆ ਸਕੇ, ਕਿਉਂਕਿ ਕੈਂਪ ਦੇ ਪ੍ਰਬੰਧਕਾਂ ਵੱਲੋਂ ਟੋਕਨ ਵਗ਼ੈਰਾ ਦੇਣ ਦੀ ਪ੍ਰਕਿਰਿਆ ਘੰਟਾ/ਡੇਢ ਘੰਟਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …