21.1 C
Toronto
Saturday, September 13, 2025
spot_img
Homeਕੈਨੇਡਾਗੋਰ ਮੰਦਰ ਵਿਖੇ ਲਗਾਏ ਗਏ ਕੈਂਪ 'ਚ ਵੱਡੀ ਗਿਣਤੀ ਵਿਚ ਪੈੱਨਸ਼ਨਰਾਂ ਨੂੰ...

ਗੋਰ ਮੰਦਰ ਵਿਖੇ ਲਗਾਏ ਗਏ ਕੈਂਪ ‘ਚ ਵੱਡੀ ਗਿਣਤੀ ਵਿਚ ਪੈੱਨਸ਼ਨਰਾਂ ਨੂੰ ਜਾਰੀ ਕੀਤੇ ਗਏ ਲਾਈਫ਼-ਸਰਟੀਫ਼ੀਕੇਟ

ਸੁਚੱਜੇ ਪ੍ਰਬੰਧ ਦੇ ਬਾਵਜੂਦ ਕਈਆਂ ਨੂੰ ਫ਼ਾਰਮ ਪ੍ਰਾਪਤ ਕਰਨ ਵਿਚ ਆਈਆਂ ਦਿੱਕਤਾਂ
ਬਰੈਂਪਟਨ/ਡਾ. ਝੰਡ : ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਵੱਲੋਂ ਲੰਘੇ ਐਤਵਾਰ 6 ਨਵੰਬਰ ਨੂੰ ਬਰੈਂਪਟਨ ਸਥਿਤ ਗੋਰ ਮੰਦਰ ਵਿਚ ਲਗਾਏ ਗਏ ਕੈਂਪ ਵਿਚ ਭਾਰਤੀ ਪੈੱਨਸ਼ਨਰਾਂ ਨੂੰ ਵੱਡੀ ਗਿਣਤੀ ਵਿਚ ਲਾਈਫ਼ ਸਰਟੀਫ਼ੀਕੇਟ ਜਾਰੀ ਕੀਤੇ ਗਏ। ਅਣਅਧਿਕਾਰਿਤ ਸੂਤਰਾਂ ਅਨੁਸਾਰ ਇਹ ਗਿਣਤੀ ਇੱਕ ਹਜ਼ਾਰ ਦੇ ਲੱਗਭੱਗ ਦੱਸੀ ਜਾਂਦੀ ਹੈ, ਕਿਉਂਕਿ ਇਹ ਸਰਟੀਫ਼ੀਕੇਟ ਲੈਣ ਲਈ ਸਵੇਰੇ ਗਿਆਰਾਂ ਵਜੇ ਤੱਕ 760 ਵਿਅੱਕਤੀਆਂ ਨੂੰ ਟੋਕਨ ਦਿੱਤੇ ਜਾ ਚੁੱਕੇ ਸਨ ਅਤੇ ਬਹੁਤ ਸਾਰੇ ਪੈੱਨਸ਼ਨਰ ਉਦੋਂ ਅਜੇ ਇਸ ਮਕਸਦ ਲਈ ਮੰਦਰ ਆ ਰਹੇ ਸਨ।
ਜ਼ਿਕਰਯੋਗ ਹੈ ਕਿ 5 ਨਵੰਬਰ ਨੂੰ ਗੁਰਦੁਆਰਾ ਨਾਨਕਸਰ ਵਿੱਚ ਲੱਗੇ ਅਜਿਹੇ ਕੈਂਪ ਵਿੱਚ ਲੋਕਾਂ ਦੀ ਵੱਡੀ ਭੀੜ ਹੋਣ ਕਾਰਨ ਇਸ ਕੈਂਪ ਵਿੱਚ ਸਰਟੀਫ਼ੀਕੇਟ ਪ੍ਰਾਪਤ ਕਰਨ ਦੇ ਚਾਹਵਾਨ ਪੈੱਨਸ਼ਨਰ ਸਵੇਰੇ ਅੱਠ ਵਜੇ ਤੋਂ ਪਹਿਲਾਂ ਹੀ ਗੋਰ ਮੰਦਰ ਆਉਣੇ ਸ਼ੁਰੂ ਹੋ ਗਏ। ਉੱਥੇ ਮੌਜੂਦ ਕੈਂਪ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਲੋੜੀਦਾ ਸਰਟੀਫ਼ੀਕੇਟ ਲੈਣ ਲਈ ਪ੍ਰਿੰਟ ਕੀਤੇ ਗਏ ਫ਼ਾਰਮ ਉਨ੍ਹਾਂ ਉੱਪਰ ਸੀਰੀਅਲ ਨੰਬਰ ਲਿਖ ਕੇ ਦਿੱਤੇ ਗਏ ਅਤੇ ਇਹ ਫ਼ਾਰਮ ਕੁਰਸੀਆਂ/ਮੇਜ਼ਾਂ ‘ ਤੇ ਬੈਠ ਕੇ ਭਰਨ ਤੋਂ ਬਾਅਦ ਇੰਤਜ਼ਾਰ ਕਰਨ ਲਈ ਕਿਹਾ ਗਿਆ। ਇਸ ਤੋਂ ਪਿੱਛੋਂ ਆਉਣ ਵਾਲੇ ਵਿਅੱਕਤੀਆਂ ਨੂੰ ਨੀਲੇ ਰੰਗ ਦੇ ਟੋਕਨ ਜਾਰੀ ਕੀਤੇ ਗਏ ਅਤੇ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਿਹਾ ਗਿਆ।
ਸਵੇਰੇ ਦਸ ਵਜੇ ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਦੇ ਸਟਾਫ਼ ਮੈਂਬਰਾਂ ਨੇ ਆਉਣ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸੀਰੀਅਲ ਨੰਬਰਾਂ ਦੇ ਹਿਸਾਬ ਨਾਲ ਪੈੱਨਸ਼ਨਰਾਂ ਨੂੰ ਇੱਕ ਤੋਂ 30 ਸੀਰੀਅਰ ਨੰਬਰ ਵਾਲੇ ਵਿਅੱਕਤੀਆਂ ਨੂੰ ਲਾਈਨ ਵਿਚ ਲੱਗਣ ਲਈ ਕਿਹਾ ਗਿਆ ਅਤੇ ਠੀਕ ਦਸ ਵਜੇ ਇਹ ਸਰਟੀਫ਼ੀਕੇਟ ਜਾਰੀ ਕਰਨ ਦਾ ਕੰਮ ਆਰੰਭ ਹੋ ਗਿਆ। ਪਹਿਲੇ ਇਕ ਘੰਟੇ ਵਿਚ 150 ਸਰਟੀਫ਼ੀਕੇਟ ਜਾਰੀ ਕਰ ਦਿੱਤੇ ਗਏ ਅਤੇ ਇਸ ਤੋਂ ਬਾਅਦ ਇਹ ਰਫ਼ਤਾਰ ਹੋਰ ਵੀ ਤੇਜ਼ ਹੋ ਗਈ। ਇਸ ਤਰ੍ਹਾਂ ਇਹ ਸਿਲਸਿਲਾ ਬਾਅਦ 2.30 ਵਜੇ ਤੀਕ ਲਗਾਤਾਰ ਚੱਲਦਾ ਰਿਹਾ ਅਤੇ ਇਸ ਕੈਂਪ ਬਿੱਚ ਇੱਕ ਹਜ਼ਾਰ ਦੇ ਕਰੀਬ ਪੈੱਨਸ਼ਨਰਾਂ ਨੂੰ ਲਾਈਫ਼ ਸਰਟੀਫ਼ੀਕੇਟ ਜਾਰੀ ਕੀਤੇ ਗਏ।
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਗਰਮ-ਗਰਮ ਪਕੌੜਿਆਂ ਦਾ ਲੰਗਰ ਨਿਰੰਤਰ ਜਾਰੀ ਰਿਹਾ। ਇਹ ਵੀ ਪਤਾ ਲੱਗਾ ਕਿ ਇਸ ਕੈਂਪ ਵਿੱਚ ਸਵੇਰੇ ਅੱਠ ਵਜੇ ਤੋਂ ਪਹਿਲਾਂ ਆਉਣ ਵਾਲਿਆਂ ਨੂੰ ਪੂਰੀਆਂ ਤੇ ਛੋਲਿਆਂ ਨਾਲ ਬਰੇਕ-ਫ਼ਾਸਟ ਕਰਵਾਇਆ ਗਿਆ ਅਤੇ ਜਿਨ੍ਹਾਂ ਦੀ ਵਾਰੀ ਬਾਅਦ ਦੁਪਹਿਰ ਦੋ ਵਜੇ ਤੋਂ ਬਾਅਦ ਆਈ, ਉਨ੍ਹਾਂ ਲਈ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ।
ਪ੍ਰਬੰਧਕਾਂ ਵੱਲੋਂ ਕੀਤੇ ਗਏ ਇਸ ਸੁਚੱਜੇ ਪ੍ਰਬੰਧ ਦੀ ਹਰ ਪਾਸਿਉਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਅਲਬੱਤਾ, ਜਿਹੜੇ ਪੈੱਨਸ਼ਨਰ ਕੁਝ ਲੇਟ ਆਏ, ਉਨ੍ਹਾਂ ਨੂੰ ਪ੍ਰਿੰਟ ਹੋਏ ਫ਼ਾਰਮ ਅਤੇ ਟੋਕਨ ਲੈਣ ਵਿਚ ਕੁਝ ਦਿੱਕਤਾਂ ਵੀ ਆਈਆਂ। ਵੱਡੀ ਗਿਣਤੀ ਵਿਚ ਲੋਕਾਂ ਦੇ ਅਜਿਹੇ ਇਕੱਠਾਂ ਵਿੱਚ ਆਉਣ ਕਾਰਨ ਇੰਜ ਅਕਸਰ ਹੋ ਹੀ ਜਾਂਦਾ ਹੈ। ਇਨ੍ਹਾਂ ਕੈਂਪਾਂ ਵਿਚ ਭਾਰਤੀ ਕੌਂਸਲੇਟ ਜਨਰਲ ਆਫ਼ਿਸ ਦੇ ਵੱਲੋਂ ਭਰਿਆ ਹੋਇਆ ਫ਼ਾਰਮ ਦੋ ਪਰਤਾਂ ਵਿਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ ਪਰ ਬਹੁਤ ਸਾਰੇ ਪੈੱਨਸ਼ਨਰ ਇਹ ਫ਼ਾਰਮ ਆਪਣੇ ਨਾਲ ਨਹੀਂ ਲਿਆਉਂਦੇ ਅਤੇ ਸਬੰਧਿਤ ਕੈਪ ਵਿਚ ਹੀ ਇਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਓਧਰ ਕੈਂਪਾਂ ਦੇ ਪ੍ਰਬੰਧਕਾਂ ਲਈ ਵੀ ਵੱਡੀ ਗਿਣਤੀ ਵਿੱਚ ਇਹ ਫ਼ਾਰਮ ਉਪਲੱਭਧ ਕਰਵਾਉਣੇ ਮੁਸ਼ਕਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਨਾਜਾਇਜ਼ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰੈਂਪਟਨ ਵਿਚ ਭਾਰਤੀ ਪੈੱਨਸ਼ਨਰਾਂ ਦੀ ਵਡੇਰੀ ਗਿਣਤੀ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤੀ ਕੌਂਸਲੇਟ ਜਨਰਲ ਦਫ਼ਤਰ ਨੂੰ ਅਜਿਹੇ ਹੋਰ ਕੈਂਪਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਜਾਂ ਫਿਰ ਇਨ੍ਹਾਂ ਕੈਂਪਾਂ ਦੇ ਸਮੇਂ ਵਿਚ ਵਾਧਾ ਕਰਨਾ ਚਾਹੀਦਾ ਹੈ।
ਅਜਿਹਾ ਅਗਲਾ ਕੈਂਪ 13 ਨਵੰਬਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਹੈਰੀਟੇਜ ਸੈਂਟਰ ਵਿਚ ਲਗਾਇਆ ਜਾ ਰਿਹਾ ਹੈ ਅਤੇ ਉਸ ਤੋਂ ਅਗਲਾ ਕੈਂਪ ਨਾਨਕਸਰ ਗੁਰੂਘਰ ਵਿਖੇ 19 ਨਵੰਬਰ ਨੂੰ ਸ਼ਨੀਵਾਰ ਨੂੰ ਲੱਗੇਗਾ। ਇਨ੍ਹਾਂ ਅਤੇ ਇਨ੍ਹਾਂ ਤੋਂ ਅੱਗੋਂ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਸੂਚਨਾ ਅਖ਼ਬਾਰਾਂ ਤੇ ਸੋਸ਼ਲ ਮੀਡੀਏ ਰਾਹੀਂ ਦਿੱਤੀ ਜਾ ਚੁੱਕੀ ਹੈ ਇਨਾਂ ਕੈਂਪਾਂ ਵਿਚ ਲਾਈਫ਼-ਸਰਟੀਫ਼ੀਕੇਟ ਲੈਣ ਲਈ ਲੋੜੀਂਦੀ ਤਿਆਰੀ ਵਜੋਂ ਚਾਹਵਾਨ ਪੈੱਨਸਨਰਾਂ ਨੂੰ ਇਹ ਫ਼ਾਰਮ ਘਰੋਂ ਹੀ ਦੋ ਪਰਤਾਂ ਵਿਚ ਪ੍ਰਿੰਟ ਕਰਕੇ ਅਤੇ ਇਨ੍ਹਾਂ ਨੂੰ ਭਰ ਕੇ ਆਪਣੇ ਨਾਲ ਲਿਆਉਣਾ ਚਾਹੀਦਾ ਹੈ ਤਾਂ ਜੋ ਬਾਅਦ ਵਿਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਫ਼ਾਰਮ ਭਾਰਤੀ ਕੌਂਸਲੇਟ ਦੀ ਵੈੱਬਸਾਈਟ: http://www.toronto.gov.in/page/life-cerificate/ ਉੱਪਰ ਉਪਲੱਭਧ ਹੈ।

 

RELATED ARTICLES
POPULAR POSTS