Breaking News
Home / ਕੈਨੇਡਾ / ਡਾ. ਸਾਧੂ ਸਿੰਘ ਹਮਦਰਦ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ ਦਾ ਕੈਨੇਡਾ ਵਿੱਚ ਹੋਇਆ ਸਨਮਾਨ

ਡਾ. ਸਾਧੂ ਸਿੰਘ ਹਮਦਰਦ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ ਦਾ ਕੈਨੇਡਾ ਵਿੱਚ ਹੋਇਆ ਸਨਮਾਨ

logo-2-1-300x105-3-300x105ਟੋਰਾਂਟੋ/ਹਰਜੀਤ ਸਿੰਘ ਬਾਜਵਾ
ਡਾ. ਸਾਧੂ ਸਿੰਘ ਹਮਦਰਦ ਸੱਭਿਆਚਾਰਕ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ (ਧੌਲਾਂ) ਦਾ ਬੀਤੇ ਦਿਨੀ ਟੋਰਾਂਟੋ ਪਹੁੰਚਣ ‘ਤੇ ਐਲ ਪੀ ਰੂਫਿੰਗ ਦੇ ਸੰਚਾਲਕ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਤੋਂ ਇਲਾਵਾ ਕਈ ਵਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਦਾ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੁੱਕਣ ਅਤੇ ਸਾਫ ਸੁਥਰੇ ਸੱਭਿਆਚਾਰ ਦੀ ਕਲਪਨਾ ਕਰਨ ਕਰਕੇ  ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਬਲਬੀਰ ਸਿੰਘ ਢਿੱਲੋਂ ਨੇ ਡਾ. ਸਾਧੂ ਸਿੰਘ ਹਮਦਰਦ ਅਤੇ ਸਮੁੱਚੇ ਅਜੀਤ ਪਰਿਵਾਰ ਦੀ ਗੱਲ ਕਰਦਿਆਂ ਆਖਿਆ ਕਿ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਜੋ ਦੇਣ ਡਾ. ਸਾਧੂ ਸਿੰਘ ਹਮਦਰਦ, ਬਰਜਿੰਦਰ ਸਿੰਘ ਹਮਦਰਦ ਅਤੇ ਸਮੁੱਚੇ ਅਜੀਤ ਪਰਿਵਾਰ ਦੀ ਹੈ ਉਸਨੂੰ ਕੋਈ ਵੀ ਪੰਜਾਬੀ ਭੁਲਾ ਨਹੀਂ ਸਕਦਾ, ਉਹਨਾਂ ਆਖਿਆ ਕਿ ਉਹਨਾਂ ਨੂੰ ਆਪਣੀ ਟੀਮ ਸਮੇਤ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੂੰ ਡਾ. ਸਾਧੂ ਸਿੰਘ ਹਮਦਰਦ ਹੋਰਾਂ ਦੇ ਨਾਮ ‘ਤੇ ਸੱਭਿਆਚਾਰਕ ਮੇਲੇ ਕਰਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਡਾ. ਸਾਧੂ ਸਿੰਘ ਹਮਦਰਦ ਅਤੇ ਉਹਨਾਂ ਦੇ ਪਰਿਵਾਰ ਦੀ ਦੇਣ ਸਾਡੇ ਇਲਾਕੇ ਦੇ ਲੋਕਾਂ ਨੂੰ ਹੈ ਉਸ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾ ਸਕੇ।
ਪੰਜਾਬੀ ਗੀਤ-ਸੰਗੀਤ ਦੇ ਦਿਨੋ ਦਿਨ ਡਿੱਗ ਰਹੇ ਮਿਆਰ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਆਖਿਆ ਕਿ ਇਸ ਵੇਲੇ ਸੰਭਲ-ਸੰਭਲ ਕੇ ਪੈਰ ਧਰਨ ਦੀ ਜ਼ਰੂਰਤ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਅਤੇ ਪੰਜਾਬੀਆਂ ਦੀ ਦੇਸ਼ ਵਿਦੇਸ਼ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਰਲ ਕੇ ਆਪਣੇ ਸਾਫ ਸੁਥਰੇ ਪੰਜਾਬੀ ਸੱਭਿਆਚਾਰ ਦਾ ਸੁਫਨਾ ਸਿਰਜਣਾ ਚਾਹੀਦਾ ਹੈ ਅਤੇ ਉਸ ਸੁਫਨੇ ਨੂੰ ਸਾਕਾਰ ਕਰਨ ਲਈ ਵੀ ਕੰਮ ਕਰਨਾ ਚਾਹੀਦਾ ਹੈ।  ਇਸ ਮੌਕੇ ਇੱਥੇ ਆਏ ਉੱਘੇ ਪੰਜਾਬੀ ਲੇਖਕ ਡਾ. ਗੁਰਭਜਨ ਗਿੱਲ ਨੇ ਆਖਿਆ ਕਿ ਡਾ. ਸਾਧੂ ਸਿੰਘ ਹਮਦਰਦ ਨੇ ਪੰਜਾਬੀ ਜ਼ੁਬਾਨ ਦੀ ਬੇਹਤਰੀ ਲਈ ਜੋ ਕੰਮ ਕੀਤਾ ਹੈ ਉਸਨੂੰ ਕਦੇ ਭਲਿਾਇਆ ਨਹੀਂ ਜਾ ਸਕਦਾ ਅਤੇ ਹੁਣ ਡਾ.ਬਰਜਿੰਦਰ ਸਿੰਘ ਹਮਦਰਦ ਦੀ ਦੇਖ ਰੇਖ ਹੇਠ ਅਜੀਤ ਅਖ਼ਬਾਰ ਪੂਰੀ ਦੁਨੀਆਂ ਵਿੱਚ ਏਨਾਂ ਹਰਮਨ ਪਿਆਰਾ ਹੈ ਕਿ ਲੋਕ ਬੜੀ ਪ੍ਰਮੁਖਤਾ ਨਾਲ ਇਸ ਨੂੰ ਪੜ੍ਹਦੇ ਹਨ ਉਹਨਾਂ ਬਲਬੀਰ ਸਿੰਘ ਢਿੱਲੋਂ ਵੱਲੋਂ ਕਰਵਾਏ ਜਾਦੇ ਕਾਰਜ਼ਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਐਲ ਪੀ ਰੂਫਿੰਗ ਤੋਂ  ਬਲਵਿੰਦਰ ਸਿੰਘ ਧੌਲਾਂ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਤੋਂ ਮਲੂਕ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਨੱਤ, ਜਗਮੀਤ ਗਿੱਲ (ਸੋਨਾਂ), ਹਰਮਨਦੀਪ ਸਿੰਘ ਢਿੱਲੋਂ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਲਵਦੀਪ ਸਿੰਘ, ਦਵਿੰਦਰ ਸ਼ਰਮਾਂ, ਮੋਹਨ  ਸਿੰਘ, ਸਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਏਕਨੂਰ ਸਿੰਘ, ਜਸਕਰਨ ਲਾਲੀ, ਸਤਬੀਰ ਸਿੰਘ, ਅਮਨ ਬਾਜਵਾ, ਬਲਜੀਤ ਬਰਾੜ ਆਦਿ ਵੀ ਮੌਜੂਦ ਸਨ।
ਜਸਪਾਲ ਢਿੱਲੋਂ ਦੇ ਵਿਅੰਗਮਈ ਸਟੇਜ ਸ਼ੋਅ ‘ਬਹਿ ਜਾ ਬਹਿ ਜਾ’ ਨੇ ਕਈ ਵਿਸ਼ੇ ਛੂਹੇ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਕੈਨੇਡਾ ਵਰਗੇ ਦੌੜ ਭੱਜ ਵਾਲੇ ਦੇਸ਼ ‘ਚ ਕੁਝ ਪੱਲ ਸੋਚਣ ਲਈ ਲਾ ਦੇਣ ਵਾਲੀ ਸਫਲ ਕੋਸ਼ਿਸ਼ ਸੀ ਬੀਤੇ ਐਤਵਾਰ ਨੂੰ ਓਨਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਦੇ ਬੈਨਰ ਅਤੇ ਜਸਪਾਲ ਢਿੱਲੋਂ ਦੇ ਨਿਰਦੇਸ਼ਨ ਹੇਠ ਖੇਡੇ ਜਾਣ ਵਾਲੇ ਨਾਟਕ ”ਬਹਿ ਜਾ ਬਹਿ ਜਾ” ਵਰਗੇ ਸਫਲ ਨਾਟਕ ਦੀ।
ਬਰੈਂਪਟਨ ਦੇ ਪੀਅਰਸਨ ਥੀਏਟਰ ‘ਚ ਖੇਡੇ ਜਾਣ ਵਾਲੇ ਇਸ ਨਾਟਕ ਨੁੰ ਵੇਖਣ ਵਾਲਿਆਂ ਚ ਬਹੁ-ਗਿਣਤੀ ਅਜਿਹੇ ਸੁਹਿਰਦ ਦਰਸ਼ਕ ਸਰੋਤਿਆਂ ਦੀ ਸੀ ਜਿਹਨਾਂ ਨੇ ਇਸ ਨਾਟਕ ਦੀ ਪੇਸ਼ਕਾਰੀ ਵਿੱਚੋਂ ਆਪਣੇ ਸਮਾਜ, ਆਲੇ ਦੁਆਲੇ ਅਤੇ ਘਰੇਲੂ ਜੀਵਨ ਚ ਵਾਪਰਨ ਵਾਲੀਆਂ ਰੋਜ਼ਮਰ੍ਹਾ ਦੀ ਘਟਨਾਵਾਂ ਅਤੇ ਕੁਰੀਤੀਆਂ ਨੂੰ ਨਿਰਦੇਸ਼ਕ ਜਸਪਾਲ ਢਿੱਲੋਂ ਦੀ ਅੱਖ ਰਾਹੀਂ ਸ਼ਿਦੱਤ ਨਾਲ ਮਹਿਸੂਸ ਕੀਤਾ। ਜਿੱਥੇ ਨਾਟਕ ਦੇ ਗੀਤ ਕੁਲਵਿੰਦਰ ਖਹਿਰਾ ਅਤੇ ਗੁਰਦਾਸ ਮਿਨਹਾਸ ਦੇ ਲਿੱਖੇ ਅਤੇ ਰਾਜ ਘੁੰਮਣ ਨੇ ਆਪਣੀ  ਸੋਜ਼ ਭਰੀ ਆਵਾਜ਼ ਅਤੇ ਸੰਗੀਤ ਨਾਲ ਪਰੋਏ ਸਨ ਉੱਥੇ ਪੰਜਾਬੀ ਮਾਂ ਬੋਲੀ ਦੇ ਰੰਗ ਮੰਚ ਦੇ ਮੰਜੇ ਹੋਏ ਕਲਾਕਾਰਾਂ ਜਿਹਨਾਂ ‘ਚ ਸੁਰਜੀਤ ਢੀਂਡਸਾ, ਪਰਮਜੀਤ ਦਿਓਲ, ਜਸਪਾਲ ਢਿਲੋਂ, ਇੰਦਰਜੀਤ ਢਿੱਲੋਂ, ਲਿਵਲੀਨ, ਮਨਪ੍ਰੀਤ ਦਿਓਲ, ਜੈਗ ਧਾਲੀਵਾਲ, ਜੈ ਸਿੰਘ, ਵਿਵੇਕ ਕੋਹਲੀ੍ਹ, ਜੋਗੀ ਸੰਘੇੜਾ, ਰਜਿੰਦਰ ਸਿੰਘ, ਕਮਲ ਸ਼ਰਮਾ ਆਦਿ ਨੇ ਆਪਣੇ ਆਪਣੇ ਕਿਰਦਾਰਾਂ ਰਾਹੀਂ ਜਿੱਥੇ ਵਿਅੰਗਮਈ ਤਰੀਕੇ ਨਾਲ ਦੌੜ ਭੱਜ ਦੀ ਜ਼ਿੰਦਗੀ ਜੀ ਰਹੇ ਦਰਸ਼ਕਾਂ ਦਾ ਕੁੱਝ ਸਮਾਂ ਮਨੋਰੰਜਨ ਕੀਤਾ ਉੱਥੇ ਇਸ ਨਾਟਕ ਦੌਰਾਨ ੳਠਾਏ ਗਏ ਵੱਖ ਵੱਖ ਵਿਸ਼ਿਆਂ ਵੱਲ ਧਿਆਨ ਵੀ ਆਕਰਸ਼ਿਤ ਕੀਤਾ। ਨਾਟਕ ਦਾ ਸਿਖਰ ਇਸ ਨਾਟਕ ਵਿੱਚ ਘਰ ਦੀ ਸੱਭ ਤੋਂ ਛੋਟੀ ਉਮਰ ਦੀ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਮਨਪ੍ਰੀਤ ਦਿਓਲ ਸੀ ਜਿਸ ਵੱਲੋਂ ਨਾਟਕ ਦੇ ਆਖਰੀ ਪੱਲਾਂ ਸਮੇਂ ਬੋਲੇ ਕੁਝ ਬੋਲਾਂ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਅਤੇ ਧੀਆਂ ਨੂੰ ਕੁੱਖਾਂ ਚ ਮਾਰਨ ਅਤੇ ਪੁੱਤਾਂ ਦੀ ਆਸ ਰੱਖਣ ਵਾਲੇ ਲੋਕਾਂ ਤੇ ਕਰਾਰੀ ਚੋਟ ਕਰਦੇ ਉਸ ਦੇ ਬੋਲ ਦਰਸ਼ਕਾਂ ਲਈ ਕੁਝ ਸਮਾਂ ਚੁੱਪ ਰਹਿ ਕੇ ਕਈ ਤਰ੍ਹਾਂ ਦੇ ਸਵਾਲਾਂ ਦੀ ਲੰਬੀ ਕਤਾਰ ਬਾਰੇ ਸੋਚਣ ਲਈ ਮਜ਼ਬੂਰ ਕਰ ਗਏ।
ਜਸਪਾਲ ਢਿੱਲੋਂ ਦੀ ਪੇਸ਼ਕਾਰੀ ਅਤੇ ਉਸ ਦੇ ਪਾਤਰਾਂ ਦੇ ਰੂਪ ਚ ਕਿਰਦਾਰ ਨਿਭਾਉਣ ਵਾਲੇ ਸਾਰੇ ਕਲਾਕਾਰ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਹਨ। ਚੇਤੇ ਰਹੇ ਜਸਪਾਲ ਢਿੱਲੋਂ ਪਹਿਲਾਂ ਵੀ ਟਰਾਂਟੋ ‘ਚ ਪੰਜਾਬੀ ਰੰਗ ਮੰਚ ਰਾਹੀਂ ”ਛਿਪਣ ਤੋਂ ਪਹਿਲਾਂ”, ”ਕਾਲਾ ਲਹੂ”,”ਤੈਂ ਕੀ ਦਰਦ ਨਾਂ ਆਇਆ”, ”ਆਜ਼ਾਦੀ ਦੇ ਜਹਾਜ” ਜਿਹੇ ਨਾਟਕਾਂ ਦਾ ਸਫਲ ਮੰਚਨ ਕਰ ਚੁਕੇ ਹਨ ਅਤੇ ਟਰਾਂਟੋ ਵਿਚਲੇ ਰੰਗ ਮੰਚ ਪਰੇਮੀਆਂ ਨੂੰ ਉਸ ਤੋਂ ਹੋਰ ਵੱਡੀਆਂ ਉਮੀਦਾਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …