ਪੰਜਾਬੀ ਇੰਡੋਫੈਸਟ ਗਦਰੀ ਮੇਲਾ ਫਾਊਂਡੇਸ਼ਨ ਕੈਲਗਰੀ ਵੱਲੋਂ 4 ਅਗਸਤ ਨੂੰ 24ਵੇਂ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਮਹਾਨ ਸ਼ਖਸੀਅਤ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਾਰਡ ਡਾ. ਗੁਰਵਿੰਦਰ ਸਿੰਘ ਨੂੰ ਦਿੱਤਾ ਜਾਣਾ ਪ੍ਰਸੰਸਾਯੋਗ ਹੈ। ਡਾ. ਗੁਰਵਿੰਦਰ ਸਿੰਘ ਦੇਸ਼-ਵਿਦੇਸ ‘ਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਇੱਕੋ ਸਮੇਂ ਵਿਦਵਾਨ, ਪੱਤਰਕਾਰ, ਬਰਾਡਕਾਸਟਰ, ਪ੍ਰਬੰਧਕ, ਸੰਪਾਦਕ ਤੇ ਇਤਿਹਾਸਕਾਰ ਹੈ। ਡਾ. ਗੁਰਵਿੰਦਰ ਸਿੰਘ ਵੱਲੋਂ ਪੁਸਤਕ ‘ਗੁਰੂ ਨਾਨਕ ਦਰਸ਼ਨ : ਰਬਾਬ ਤੋਂ ਨਗਾਰੇ ਤੱਕ’ ਤੋ ਇਲਾਵਾ ‘ਗਦਰ ਲਹਿਰ’ ਅਤੇ ‘ਸਾਹਿਤਕ ਪੱਤਰਕਾਰੀ’ ਨਾਲ ਸਬੰਧਿਤ ਕਈ ਮੈਗਜ਼ੀਨ ਸੰਪਾਦਿਤ ਕੀਤੇ ਗਏ ਹਨ। ਬਾਬਾ ਗੁਰਦਿੱਤ ਸਿੰਘ ਦੀ ਕਲਮ ਤੋਂ ਲਿਖੀ ‘ਗੁਰੂ ਨਾਨਕ ਜਹਾਜ਼’ ਪੁਸਤਕ ਡਾ. ਗੁਰਦੇਵ ਸਿੰਘ ਸਿੱਧੂ ਨਾਲ ਮਿਲ ਕੇ ਸੰਪਾਦਿਤ ਕਰਨਾ ਅਤੇ ਕੈਨੇਡਾ ਵਿੱਚ ਵੱਡੇ ਪੱਧਰ ‘ਤੇ ਰਿਲੀਜ਼ ਕਰਨਾ ਉਸ ਦਾ ਇਤਿਹਾਸਕ ਉਪਰਾਲਾ ਹੈ। ਇਥੇ ਹੀ ਬੱਸ ਨਹੀਂ, ਕੈਨੇਡਾ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਮੇਤ 18 ਗਦਰੀ ਯੋਧਿਆਂ ਦੀਆਂ ਤਸਵੀਰਾਂ ਪਹਿਲੀ ਵਾਰ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਲਗਾਉਣ ਦੇ ਇਤਿਹਾਸਿਕ ਯਤਨਾਂ ਵਿੱਚ ਵੀ ਉਸ ਦੀ ਅਹਿਮ ਭੂਮਿਕਾ ਰਹੀ ਹੈ। ਆਪਣੇ ਰੇਡੀਓ ਪ੍ਰੋਗਰਾਮ ਰਾਹੀਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਸ਼ਹੀਦੀ ਦਿਹਾੜੇ ‘ਤੇ ਸ਼ਹੀਦੀ ਸਮੇਂ ਅਨੁਸਾਰ, ਇੱਕ ਮਿੰਟ ਦੀ ਧੁਨ ਅਤੇ ਮੌਨ ਦੇ ਆਰੰਭਤਾ ਕਰਨੀ ਤੇ ਜਾਰੀ ਰੱਖਣਾ ਡਾ ਗੁਰਵਿੰਦਰ ਸਿੰਘ ਦਾ ਇੱਕ ਹੋਰ ਸ਼ਲਾਘਾਯੋਗ ਕਦਮ ਹੈ। ਇਹਨਾਂ ਯੋਗਤਾਵਾਂ ਦੇ ਨਾਲ-ਨਾਲ ਡਾ. ਗੁਰਵਿੰਦਰ ਸਿੰਘ ਮਿੱਠ ਬੋਲੜਾ, ਨਿਰਮਾਣ, ਮਿਲਣਸਾਰ ਤੇ ਕੀਲ ਲੈਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ। ਸ਼ਰਾਫਤ, ਸਲੀਕਾ ਤੇ ਹਲੀਮੀ ਵਰਗੇ ਗੁਣ ਉਸ ਦੇ ਧੁਰ ਵਜੂਦ ਤੱਕ ਰਚੇ ਹੋਏ ਹਨ, ਜੋ ਉਸ ਨੂੰ ਵਿਰਸੇ ਵਿਚ ਮਿਲੇ ਹਨ। ਡਾ. ਗੁਰਵਿੰਦਰ ਸਿੰਘ ਦਾ ਜਨਮ ਭਾਈ ਹਰਪਾਲ ਸਿੰਘ ਅਤੇ ਬੀਬੀ ਜਗੀਰ ਕੌਰ ਦੇ ਘਰ, ਪਿੰਡ ਲੱਖਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਾਹਿਬ ਤੋਂ ਬੀ. ਏ. ਆਨਰਜ਼ ਪੰਜਾਬੀ ‘ਚ ਅਤੇ ਐਮ. ਏ. ਪੰਜਾਬੀ ‘ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ‘ਕੈਨੇਡਾ ਦੀ ਸਾਹਿਤਕ ਪੱਤਰਕਾਰੀ ਦੇ 100 ਸਾਲ : ਸਰਵੇਖਣ ਅਤੇ ਮੁਲਾਂਕਣ’ ਵਿਸ਼ੇ ‘ਤੇ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਪੰਜਾਬ ਰਹਿੰਦਿਆਂ ਉਸ ਨੇ ਡੀਏਵੀ ਕਾਲਜ ਜਲੰਧਰ ਵਿਖੇ ਲੈਕਚਰਰ ਅਤੇ ਸ਼ਾਂਤੀ ਤਾਰਾ ਕਾਲਜ ਮੰਡੀ ਅਹਿਮਦਗੜ੍ਹ ਵਿਖੇ ਆਫਿਸ਼ੀਅਟ ਪ੍ਰਿੰਸੀਪਲ ਦੀ ਸੇਵਾ ਨਿਭਾਈ। ਸੰਨ 1999 ਵਿੱਚ ਕੈਨੇਡਾ ਆ ਕੇ ਅਧਿਆਪਨ ਖੇਤਰ ਤੋਂ ਸਫ਼ਰ ਸ਼ੁਰੂ ਕਰਕੇ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰਾਂ ਰਾਹੀ ਤਿੰਨੇ ਮੀਡੀਆ ਖੇਤਰਾਂ ਵਿੱਚ ਦੋ ਦਹਾਕਿਆਂ ਤੋਂ ਡਾ. ਗੁਰਵਿੰਦਰ ਸਿੰਘ ਸਰਗਰਮ ਹੈ। ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾ. ਭਾਈ ਵੀਰ ਸਿੰਘ ਅਤੇ ਸਾਹਿਬ ਭਾਈ ਸਾਹਿਬ ਜੋਧ ਸਿੰਘ ‘ਗੋਲਡ ਮੈਡਲ’ ਨਾਲ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ 2010 ਵਿੱਚ ‘ਸ਼੍ਰੋਮਣੀ ਸਾਹਿਤਕ ਪੱਤਰਕਾਰ’ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਸਮੇਂ ਉਹ ਆਪਣੇ ਮਾਤਾ-ਪਿਤਾ, ਸੁਪਤਨੀ ਅਤੇ ਦੋ ਧੀਆਂ ਅਤੇ ਦੋ ਪੁੱਤਾਂ ਨਾਲ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਖੇ ਰਹਿ ਰਿਹਾ ਹੈ। ਗੁਰਸਿੱਖੀ ਦੀ ਮਹਿਕ ਘਰ ਦੇ ਸਮੁੱਚੇ ਮਹੌਲ ਵਿਚ ਰਚੀ ਹੋਈ ਹੈ। ਅਕਾਲ ਪੁਰਖ ਦੀ ਧਾਲੀਵਾਲ ਪਰਿਵਾਰ ‘ਤੇ ਐਨੀ ਮਿਹਰ ਹੈ ਕਿ ਚਾਰੇ ਬੱਚੇ ਗੁਰਮਤਿ ਸਿੰਘ, ਰਹਿਮਤ ਸਿੰਘ, ਸਾਹਿਬ ਕੌਰ ਤੇ ਅਬਿਨਾਸ਼ ਕੌਰ ਅਤੇ ਸਿੰਘਣੀ ਦਲਜੀਤ ਕੌਰ ਗੁਰ ਸਿੱਖੀ ਦੇ ਰੰਗ ਵਿਚ ਰੰਗੇ ਹੋਏ ਹਨ।
ਇਹਨਾਂ ਸਾਰੀਆਂ ਬਖਸ਼ਿਸ਼ਾਂ ਤੇ ਗੁਣਾਂ ਦੇ ਨਾਲ-ਨਾਲ ਵਿਚਾਰਧਾਰਕ ਸਪੱਸ਼ਟਤਾ ਤੇ ਕੌਮ ਦਾ ਦਰਦ ਡਾ. ਗੁਰਵਿੰਦਰ ਸਿੰਘ ਦੇ ਰੋਮ-ਰੋਮ ਵਿਚ ਸਮਾਇਆ ਹੋਇਆ ਹੈ। ਜਿਥੇ ਕਿਤੇ ਵੀ ਇਤਿਹਾਸ, ਵਿਰਸੇ ਅਤੇ ਸਿੱਖ ਕੌਮ ‘ਤੇ ਕਿਸੇ ਕਿਸਮ ਦਾ ਹਮਲਾ ਹੋਵੇ, ਉਹ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਹੋਵੇ ਜਾਂ ਗ਼ਦਰੀ ਬਾਬਿਆਂ ਦੇ ਇਤਿਹਾਸ ਨੂੰ ਵਿਗਾੜਨ ਦਾ ਹੋਵੇ, ਗੁਰਵਿੰਦਰ ਸਿੰਘ ਇਹਨਾਂ ਹਮਲਿਆਂ ਦਾ ਜਵਾਬ ਦੇਣ ਲਈ ਪੂਰੀ ਤਰਾਂ ਡਟ ਜਾਂਦਾ ਹੈ। ਉਸ ਵਿਚ ਆਪਣੀ ਗੱਲ ਨੂੰ ਬਾਦਲੀਲ ਰੱਖਣ ਦਾ ਸਲੀਕਾ ਤੇ ਤਰਕ ਨੂੰ ਉੱਚੇ ਪੱਧਰ ਤੱਕ ਲਿਜਾਣ ਦਾ ਮੀਰੀ ਗੁਣ ਹੈ। ਸੱਚ ਸੁਣਾਉਣ ਵੇਲੇ ਉਹ ਨਾ ਤਾਂ ਝਿਜਕਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ, ਉਸ ਵਕਤ ਪ੍ਰੰਪਰਾ ਤੇ ਵਿਰਸੇ ਦਾ ਜ਼ੋਸ ਉਸ ‘ਤੇ ਪੂਰੀ ਤਰਾਂ ਛਾਇਆ ਹੁੰਦਾ ਹੈ। ਅਕਾਲ ਪੁਰਖ ਅੱਗੇ ਜੋਦੜੀ ਹੈ ਕਿ ਡਾ: ਗੁਰਵਿੰਦਰ ਸਿੰਘ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣਾ ਜੀ, ਤਾਂ ਕਿ ਉਹ ਸਮਾਜ ਤੇ ਕੌਮ ਦੀ ਸੇਵਾ ਇਸੇ ਉਤਸ਼ਾਹ ਤੇ ਭਾਵਨਾ ਨਾਲ ਕਰਦੇ ਰਹਿਣ। -ਰਾਜਵਿੰਦਰ ਸਿੰਘ ਰਾਹੀ
Check Also
ਅਮਰੀਕਾ ‘ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ‘ਚ ਸਭ ਤੋਂ ਵੱਧ ਭਾਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਪਿਛਲੇ 15 ਸਾਲਾਂ ਵਿੱਚ ਪਹਿਲੀ ਵਾਰ ਅਮਰੀਕਾ ‘ਚ ਸਭ ਤੋਂ …