ਬਰੈਂਪਟਨ/ਬਿਊਰੋ ਨਿਊਜ਼ : ਸਮਾਜ ਸਤਿਕਾਰੀ ਹਸਤੀ ਗੁਰਦੇਵ ਸਿੰਘ ਮਾਨ ਦੇ ਗ੍ਰਹਿ ਵਿਖੇ, 12 ਸਤੰਬਰ ਨੂੰ ‘ਮੰਗਲਵਾਰੀ ਮਹਿਫਲ’ ਵਿਚ, ਮਾਨ ਪਰਵਾਰ ਵੱਲੋਂ, ਪ੍ਰਸਿੱਧ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਜਨਮ ਦਿਨ ਦੀ ਨਵੇਂ ਤੇ ਅਨੋਖੇ ਢੰਗ ਨਾਲ਼ ਰੌਣਕ ਕੀਤੀ ਗਈ। ਇਸ ਰੌਣਕ ਵਿਚ ਪ੍ਰਸਿੱਧ ਸਾਹਿਤਕਾਰ, ਬੁਧੀਜੀਵੀ ਤੇ ਪੱਤਰਕਾਰਾਂ ਵਿਚ: ਪ੍ਰਿੰਸੀਪਲ ਸਰਵਣ ਸਿੰਘ, ਗੁਰੂ ਕਾਂਸੀ ਯੂਨੀਵਰਸਿਟੀ ਦਮਦਮਾ ਸਾਹਿਬ ਦੇ ਚਾਂਸਲਰ ਸਰਦਾਰ ਜੇ. ਐਸ. ਧਾਲੀਵਾਲ, ‘ਖਬਰਨਾਮਾ’ ਤੋਂ ਬਲਰਾਜ ਦਿਓਲ, ਪ੍ਰਸਿੱਧ ਬਿਜਨੈਸਮੈਨ ਤੇ ਦਾਨੀ ਸੁਧੀਰ ਹਾਂਡਾ ਜੀ, ਆਚਾਰੀਆ ਸੁਖਿੰਦਰ ਜੀ, ਬਲਵੀਰ ਸਿੰਘ ਖੰਗੂੜਾ, ਹਰਪਾਲ ਸਿੰਘ ਧਾਲੀਵਾਲ ਤੇ ਕੁਝ ਹੋਰ ਵਿਅਕਤੀ ਸ਼ਾਮਲ ਹੋਏ। ਬਹੁ-ਭਾਂਤੀ ਪਦਾਰਥਾਂ ਦਾ ਅਨੰਦ ਮਾਣਦੇ ਹੋਇਆਂ ਪਾਂਧੀ ਜੀ ਦੇ ਪਚਾਸੀਵੇਂ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਇਨ੍ਹਾਂ ਦੀ ਸਾਹਿਤਕ, ਸੰਗੀਤਕ ਤੇ ਧਾਰਮਿਕ ਵਿਦਵਤਾ ਦੀ ਪ੍ਰਸੰਸਾ ਕੀਤੀ, ਅਰੋਗ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਜੀਵਨ ਦੇ ਹਰ ਸੰਗਰਾਂਮ ਵਿਚ ਇਸੇ ਜੋਸ਼ ਤੇ ਜਜ਼ਬੇ ਨਾਲ਼ ਸਰਗਰਮ ਰਹਿਣ ਦੀ ਪ੍ਰੇਰਨਾ ਕੀਤੀ ਗਈ। ਤਿੰਨ ਘੰਟੇ ਤੱਕ ਚੱਲੀ ਇਸ ਮਹਿਫਲ ਦੇ ਅੰਤ ‘ਤੇ ਪ੍ਰਧਾਨਗੀ ਭਾਸ਼ਨ ਵਿਚ ਸਰਦਾਰ ਜੇ. ਐਸ. ਧਾਲੀਵਾਲ ਨੇ ਜਿੱਥੇ ਪਾਂਧੀ ਜੀ ਨੂੰ ਸ਼ੁਭ ਇਛਾਵਾਂ ਅਰਪਣ ਕੀਤੀਆਂ; ਉੱਥੇ ਸਾਹਿਤਕਾਰਾਂ, ਪੱਤਰਕਾਰਾਂ ਤੇ ਸਮਾਜਸੇਵੀ ਉੱਦਮੀਆਂ ਦੀ ਇਸ ‘ਮੰਗਲਵਾਰੀ ਮਹਿਫਲ’ ਵਿਚ ਸੁਲ੍ਹਝੀ, ਸੁਚਾਰੂ ਤੇ ਅਗਾਂਹਵਧੂ ਵਿਚਾਰਧਾਰਾ ਦੀ ਅਤੇ ਗੁਰਦੇਵ ਸਿੰਘ ਮਾਨ ਤੇ ਉਸ ਦੀ ਸਾਥਣ ਸਰਦਾਰਨੀ ਸੁਰਿੰਦਰ ਕੌਰ ਮਾਨ ਦੀ ਸ਼ਾਨਦਾਰ ਸੇਵਾ ਦੀ ਰੱਜ ਕੇ ਪ੍ਰਸੰਸਾ ਕੀਤੀ ਤੇ ਸਭ ਨੂੰ ਵਧਾਈ ਦਿੱਤੀ।