Breaking News
Home / ਸੰਪਾਦਕੀ / ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ ਹਨ, ਜਿਸ ਨਾਲ ਉਸ ਇਲਾਕੇ ਦੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸੇ ਤਰ੍ਹਾਂ ਭਾਰਤ ਦੇ 200 ਜ਼ਿਲ੍ਹੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਕੇ ਵਿਕਾਸ ਪੱਖੋਂ ਕਈ ਸਾਲ ਪਿੱਛੇ ਜਾ ਰਹੇ ਹਨ। ਪਾਣੀ ਕੁਦਰਤ ਵਲੋਂ ਸ੍ਰਿਸ਼ਟੀ ਨੂੰ ਬਖਸ਼ੀ ਹੋਈ ਵਡਮੁੱਲੀ ਸੌਗਾਤ ਹੈ, ਜਿਸ ਦੀ ਮਨੁੱਖ ਮਨਮਾਨੇ ਢੰਗ ਨਾਲ ਵਰਤੋਂ ਕਰ ਰਿਹਾ ਹੈ। ਇਸੇ ਖੁੱਲ੍ਹ ਦਾ ਹੀ ਨਤੀਜਾ ਅੱਜ ਸਾਡੇ ਸਾਹਮਣੇ ਹੈ। ਸਾਫ਼ ਪਾਣੀ ਨੂੰ ਹਰ ਕੋਈ ਤਰਸਦਾ ਹੈ। ਪਾਣੀ ਸਰੋਤਾਂ ਉਪਰ ਕਬਜ਼ੇ ਲਈ ਦੇਸ਼ਾਂ ਤੇ ਸੂਬਿਆਂ ਵਿਚ ਹੋੜ ਲੱਗੀ ਹੋਈ ਹੈ, ਝਗੜੇ ਚੱਲ ਰਹੇ ਹਨ ਅਤੇ ਰਾਜਨੀਤੀ ਖੇਡੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਤੀਜਾ ਵਿਸ਼ਵ ਯੁੱਧ ਪਾਣੀ ਦੇ ਮੁੱਦੇ ‘ਤੇ ਹੀ ਹੋਵੇਗਾ। ਇਨ੍ਹਾਂ ਖ਼ਤਰਿਆਂ ਨੂੰ ਭਾਂਪਦਿਆਂ ਅਤੇ ਸਾਫ਼ ਪਾਣੀ ਅਤੇ ਇਸ ਦੇ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਯੂ.ਐਨ.ਓ. ਵਲੋਂ ਵੀ ਵੱਡੇ ਯਤਨ ਕੀਤੇ ਜਾ ਰਹੇ ਹਨ।
ਭਾਰਤ ਸਰਕਾਰ ਦੀ ਸੰਸਥਾ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵਲੋਂ ਪੀਣ ਵਾਲੇ ਪਾਣੀ ਦੇ ਮਾਪਦੰਡ ਨਿਰਧਾਰਤ ਕੀਤੇ ਹੋਏ ਹਨ। ਭੌਤਿਕ ਗੁਣਾਂ ਅਨੁਸਾਰ ਪੀਣਯੋਗ ਪਾਣੀ, ਰੰਗਹੀਣ, ਗੰਧਹੀਣ, ਪਾਰਦਰਸ਼ੀ ਅਤੇ ਧੂੜ ਮਿੱਟੀ ਤੋਂ ਰਹਿਤ ਹੋਣਾ ਚਾਹੀਦਾ ਹੈ, ਜੋ ਬਹੁਤ ਹਲਕਾ ਜਿਹਾ ਤੇਜ਼ਾਬੀ ਜਾਂ ਖਾਰਾ ਹੋ ਸਕਦਾ ਹੈ।
ਪਾਣੀ ਵਿਚ ਅਨੇਕ ਤਰ੍ਹਾਂ ਦੇ ਖਣਿਜ, ਰਸਾਇਣਕ ਲੂਣ ਘੁਲੇ ਹੋ ਸਕਦੇ ਹਨ। ਮਾਪਦੰਡਾਂ ਅਨੁਸਾਰ ਇਨ੍ਹਾਂ ਦੀ ਕੁੱਲ ਮਾਤਰਾ 500 ਮਿਲੀਗ੍ਰਾਮ ਪ੍ਰਤੀ ਲਿਟਰ ਨਿਰਧਾਰਤ ਹੈ। ਇਨ੍ਹਾਂ ਵਿਚੋਂ ਕੁਝ ਖਣਿਜ ਸਾਡੀ ਸਿਹਤ ਲਈ ਜ਼ਰੂਰੀ ਵੀ ਹਨ, ਜਿਵੇਂ ਕਿ ਕੈਲਸ਼ੀਅਮ (75), ਮੈਗਨੀਸ਼ੀਅਮ (30), ਤਾਂਬਾ (0.05), ਜਿੰਕ (5) ਤੇ ਲੋਹਾ (0.3) ਆਦਿ। ਉੱਪਰ ਦਰਸਾਈ ਸੰਸਥਾ ਅਨੁਸਾਰ ਇਨ੍ਹਾਂ ਦੀ ਵੱਧ ਤੋਂ ਵੱਧ ਤੈਅ-ਸ਼ੁਦਾ ਮਾਤਰਾ ਬਰੈਕਟਾਂ ਵਿਚ ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਦਰਸਾਈ ਗਈ ਹੈ। ਕਈ ਖ਼ਤਰਨਾਕ ਧਾਤਾਂ ਜਿਵੇਂ ਕਿ ਆਰਸੈਨਿਕ (0.01), ਪਾਰਾ (0.001), ਕਰੋਮੀਅਮ (0.05), ਸਿਕਾ (0.01) ਆਦਿ ਹੈਵੀਮੈਟਲਜ਼ ਦੀ ਅਧਿਕ ਮਾਤਰਾ ਪਾਣੀ ਵਿਚ ਹੋਣ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਫਲੋਰਾਈਡ ਇਕ ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਤੋਂ ਅਧਿਕ ਮਾਤਰਾ ਵਿਚ ਹੋਣ ਨਾਲ ਫਲੋਰੋਸਿਸ ਦੰਦਾਂ ਦੀ ਬਿਮਾਰੀ ਹੋ ਸਕਦੀ ਹੈ। ਫ਼ਸਲਾਂ ਵਿਚ ਸਿਫਾਰਸ਼ ਤੋਂ ਅਧਿਕ ਮਾਤਰਾ ਵਿਚ ਯੂਰੀਆ ਖਾਦ ਪਾਉਣ ਨਾਲ ਨਾਈਟਰੇਟ ਲੂਣ ਉਪਜਦੇ ਹਨ, ਜਿਨ੍ਹਾਂ ਦੀ ਤੈਅ-ਸ਼ੁਧਾ ਮਾਤਰਾ (45 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਤੋਂ ਅਧਿਕ ਮਾਤਰਾ ਜੇਕਰ ਪਾਣੀ ਵਿਚ ਹੋਵੇ ਤਾਂ ਖੂਨ ਦੀ ਬਿਮਾਰੀ ਲੱਗ ਸਕਦੀ ਹੈ।
ਪੰਜਾਬ ਸਰਕਾਰ ਦੀ ਡਾ: ਜੇ.ਐੱਸ. ਬਜਾਜ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਵਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ (ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਮਾਨਸਾ) ਦੇ 17 ਪਿੰਡਾਂ ਵਿਚ ਕੀਤੇ ਸਰਵੇ ਦੀ ਰਿਪੋਰਟ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿਚ ਕੈਂਸਰ, ਜੋੜਾਂ ਦਾ ਦਰਦ, ਚਮੜੀ ਦੇ ਰੋਗ, ਦਮਾ ਅਤੇ ਦਿਮਾਗੀ ਤਣਾਅ ਵਰਗੀਆਂ ਬਿਮਾਰੀਆਂ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਹੈ। ਇੰਡੀਅਨ ਸੁਸਾਇਟੀ ਫਾਰ ਵੈਟਨਰੀ ਮੈਡੀਸਨ ਦੀ 34ਵੀਂ ਸਾਲਾਨਾ ਕੰਨਵੈਨਸ਼ਨ (2016) ਵਿਚ ਗੁਰੂ ਅੰਗਦ ਦੇਵ ਯੂਨੀਵਰਸਿਟੀ ਵਲੋਂ ਇਕ ਖੋਜ ਰਿਪੋਰਟ ਛਾਪੀ ਗਈ ਹੈ, ਜਿਸ ਅਨੁਸਾਰ ਬੁੱਢੇ ਨਾਲੇ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਕੀਤੇ ਸਰਵੇ ਵਿਚ ਗਊਆਂ ਦੇ ਖੂਨ ਵਿਚ ਹੈਵੀ ਧਾਤਾਂ (ਸਿੱਕਾ, ਆਰਸੈਨਿਕ, ਕੈਡਮੀਅਮ ਅਤੇ ਨਿਕਲ) ਦੇ ਖ਼ਤਰਨਾਕ ਅੰਸ਼ ਪਾਏ ਗਏ ਜੋ ਦੁੱਧ ਰਾਹੀਂ ਮਨੁੱਖੀ ਸਿਹਤ ‘ਤੇ ਪ੍ਰਭਾਵ ਪਾ ਸਕਦੇ ਹਨ। ਸਾਲ 2016 ਵਿਚ ਮੋਗਾ ਜ਼ਿਲ੍ਹੇ ਦੇ 252 ਪਿੰਡਾਂ ਵਿਚੋਂ ਪਾਣੀ ਦੇ ਨਮੂਨੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 150 ਪਿੰਡਾਂ ਦੇ ਪਾਣੀਆਂ ਵਿਚ ਖ਼ਤਰਨਾਕ ਹੱਦ ਤੱਕ ਯੂਰੇਨੀਅਮ ਧਾਤ ਦੇ ਅੰਸ਼ ਪਾਏ ਗਏ। ਸਾਰਅੰਸ਼ ਵਿਚ ਕਿਹਾ ਜਾ ਸਕਦਾ ਹੈ ਕਿ ਪਾਣੀ ਨੂੰ ਦੂਸ਼ਿਤ ਕਰਨ ਵਿਚ ਪੰਜਾਬੀਆਂ ਨੇ ਅਤੇ ਮੌਕੇ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਸਾਰੇ ਪੰਜਾਬ ਵਿਚੋਂ ਮਾਲਵਾ ਖੇਤਰ ਅਤੇ ਮਾਲਵੇ ਖੇਤਰ ਵਿਚੋਂ ਮੁਕਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ (136 ਮਰੀਜ਼ ਪ੍ਰਤੀ ਲੱਖ ਅਬਾਦੀ) ਹਨ ਅਤੇ ਪਾਣੀ ਦੀ ਕੁਆਲਿਟੀ ਵੀ ਸਭ ਤੋਂ ਘਟੀਆ ਇਸੇ ਜ਼ਿਲ੍ਹੇ ਵਿਚ ਹੈ। ਪਾਣੀ ਦੀ ਕੁਆਲਟੀ ਦਾ ਤੀਸਰਾ ਮਾਪਦੰਡ ਜੀਵਾਣੂਆਂ/ਕੀਟਾਣੂਆਂ ਨਾਲ ਸਬੰਧ ਰੱਖਦਾ ਹੈ।
ਭਾਰਤ ਦੇ ਮੁੱਖ 91 ਜਲ ਭੰਡਾਰਾਂ ਵਿਚ ਪਾਣੀ ਸਿਰਫ਼ 17 ਫੀਸਦੀ ਰਹਿ ਗਿਆ ਹੈ। ਕੇਂਦਰੀ ਜਲ ਸਰੋਤਾਂ ਬਾਰੇ ਮੰਤਰਾਲੇ ਮੁਤਾਬਕ ਪੰਜਾਬ, ਹਿਮਾਚਲ ਪ੍ਰਦੇਸ਼, ਤਿਲੰਗਾਨਾ, ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ, ਕਰਨਾਟਕ ਅਤੇ ਕੇਰਲਾ ਵਿਚਲੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਹੇਠਾਂ ਡਿੱਗ ਗਿਆ ਹੈ, ਜਦਕਿ ਆਂਧਰਾ ਪ੍ਰਦੇਸ਼, ਤ੍ਰਿਪੁਰਾ ਅਤੇ ਰਾਜਸਥਾਨ ਦੇ ਜਲ ਭੰਡਾਰਾਂ ਦੀ ਹਾਲਤ ਹੋਰਾਂ ਨਾਲੋਂ ਬਿਹਤਰ ਹੈ। ਭਾਰਤ ਵਿਚ 37 ਵੱਡੇ ਜਲ ਭੰਡਾਰ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 253.88 ਅਰਬ ਘਣ ਮੀਟਰ ਪਾਣੀ ਦੀ ਹੈ।
ਭਾਰਤ ਵਿਚ ਨਦੀਆਂ, ਦਰਿਆਵਾਂ ਦੇ ਰੂਪ ‘ਚ ਕੁਦਰਤੀ ਜਲ ਦੇ ਸਰੋਤ ਵੱਡੀ ਪੱਧਰ ‘ਤੇ ਉਪਲਬਧ ਹਨ ਪਰ ਫਿਰ ਵੀ ਦੇਸ਼ ਵੱਡੇ ਜਲ ਸੰਕਟ ਵੱਲ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਜਦੋਂਕਿ ਸਾਊਦੀ ਅਰਬ, ਕੁਵੈਤ, ਦੁਬਈ, ਓਮਾਨ ਅਤੇ ਬਹਿਰੀਨ ਵਰਗੇ ਅਜਿਹੇ ਅਨੇਕਾਂ ਦੇਸ਼ ਹਨ ਜਿੱਥੇ ਨਾ ਤਾਂ ਕੋਈ ਦਰਿਆ ਹੈ ਤੇ ਹੀ ਨਾ ਹੀ ਬਾਰਸ਼ ਹੁੰਦੀ ਹੈ ਪਰ ਉਥੋਂ ਕਦੇ ਕਿਸੇ ਦੇ ਪਿਆਸੇ ਮਰਨ ਜਾਂ ਜਲ ਸੰਕਟ ਬਾਰੇ ਖ਼ਬਰ ਨਹੀਂ ਆਈ। ਅਸਲ ਵਿਚ ਇਨ੍ਹਾਂ ਦੇਸ਼ਾਂ ‘ਚ ਮੁੱਢ ਕਦੀਮ ਤੋਂ ਹੀ ਪਾਣੀ ਨੂੰ ਬੇਸ਼ਕੀਮਤੀ ਵਸਤੂ ਸਮਝ ਕੇ ਬਹੁਤ ਸੰਜਮ ਨਾਲ ਵਰਤਿਆ ਜਾਂਦਾ ਰਿਹਾ ਹੈ ਪਰ ਭਾਰਤੀ ਲੋਕ ਕੁਦਰਤ ਦੀ ਇਸ ਅਨਮੋਲ ਦਾਤ ਨੂੰ ਬਰਬਾਦ ਕਰ ਰਹੇ ਹਨ।
ਜਲ ਸੰਕਟ ਦਾ ਹੱਲ ਕੱਢਣ ਲਈ ਭਾਰਤ ਨੂੰ ਇਜ਼ਰਾਈਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪਾਣੀ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਲਈ ਇਜ਼ਰਾਈਲ ਦੁਨੀਆ ਵਿਚ ਸਭ ਤੋਂ ਮੋਹਰੀ ਮੁਲਕ ਹੈ। ਇਸ ਅਰਧ ਮਾਰੂਥਲੀ ਦੇਸ਼ ਵਿਚ ਕੋਈ ਵੱਡਾ ਦਰਿਆ ਨਹੀਂ ਹੈ ਤੇ ਬਾਰਸ਼ ਵੀ ਬਹੁਤ ਘੱਟ ਹੁੰਦੀ ਹੈ। ਅੱਜ ਤੋਂ ਇਕ ਦਹਾਕਾ ਪਹਿਲਾਂ ਤੱਕ ਇਜ਼ਰਾਈਲ ਵਿਚ ਪਾਣੀ ਦੀ ਭਾਰੀ ਕਿੱਲਤ ਸੀ। ਪਰ ਹੁਣ ਇਸ ਦੇਸ਼ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ। ਹੁਣ ਦੇਸ਼ ਦਾ 60 ਫ਼ੀਸਦੀ ਪੀਣ ਯੋਗ ਪਾਣੀ ਸਮੁੰਦਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਜ਼ਰਾਈਲ ਨੇ ਆਪਣੇ ਦੇਸ਼ ਦੇ ਜਲ ਸੰਕਟ ਦਾ ਹੱਲ ਪਾਣੀ ਦੀ ਸੰਭਾਲ ਤੇ ਕਦਰ ਪ੍ਰਤੀ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਅਤੇ ਉਪਲਬਧ ਸਾਧਨਾਂ ਤੇ ਸੋਮਿਆਂ ਦੀ ਵਰਤੋਂ ਨਾਲ ਲੋੜੀਂਦੇ ਜਲ ਦੀ ਪੂਰਤੀ ਕਰਨ ਨਾਲ ਹੋਇਆ ਹੈ। ਭਾਰਤ ‘ਚ ਵੀ ਜਲ ਦੀ ਸੰਭਾਲ ਤੇ ਕਦਰ ਲਈ ਵੱਡੀ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

Check Also

ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ

ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …