7.3 C
Toronto
Friday, May 22, 2026
spot_img
Homeਕੈਨੇਡਾਹੜ੍ਹ ਤੇ ਪੰਜਾਬੀ ਫ਼ਿਤਰਤ

ਹੜ੍ਹ ਤੇ ਪੰਜਾਬੀ ਫ਼ਿਤਰਤ

ਪਹਾੜਾਂ ਵਿੱਚ ਏ ਵੱਸਿਆ ਮੀਂਹ ਭਾਰੀ, ਡੈਮ ਪਾਣੀ ਨਾਲ ਉੱਪਰ ਤੱਕ ਭਰਨ ਲੱਗੇ,

ਗੇਟ ਭਾਖੜਾ-ਡੈਮ ਦੇ ਖੋਲ੍ਹ ਦਿੱਤੇ, ਰਣਜੀਤ ਸਾਗਰ ਤੇ ‘ਪੌਂਗ’ ਰੀਸ ਕਰਨ ਲੱਗੇ,

ਓਧਰ ਪੰਜਾਬ ‘ਚ ਵੀ ਲੱਗੀ ਝੜੀ ਭਾਰੀ, ਨਦੀਆਂ, ਨਾਲ਼ੇ, ਟੋਭੇ, ਸੱਭ ਤਰਨ ਲੱਗੇ,

ਕੰਢੇ ‘ਧੁੱਸੀ’ ਵਿਚਾਰੀ ਦੇ ਕੀ ਕਰਦੇ, ਆਖ਼ਰ ਉਹ ਵੀ ਭੁਰ-ਭੁਰ ਕੇ ਖਰਨ ਲੱਗੇ।

ਪਾਣੀ ਧੁੱਸੀ ਦਾ ਖੇਤਾਂ ਵਿੱਚ ਜਾ ਵੜਿਆ, ਹਜ਼ਾਰਾਂ ਪਿੰਡਾਂ ਵਿੱਚ ਹੀ ਫਿਰ ਗਿਆ ਏ,

ਬੱਚਾ, ਬੁੱਢਾ, ਜਵਾਨ, ਇਨਸਾਨ ਇੱਥੇ, ਚਹੁੰ-ਪਾਸਿਉਂ ਪਾਣੀ ਨਾਲ ਘਿਰ ਗਿਆ ਏ,

ਹੋਇਆ ਫ਼ਸਲਾਂ ਦਾ ਨੁਕਸਾਨ ਭਾਰੀ, ਮਿਹਨਤ ਲੱਖਾਂ ਦੀ ‘ਤੇ ਪਾਣੀ ਫਿਰ ਗਿਆ ਏ,

ਨਾਲੇ ਕਈ-ਕਈ ਫੁੱਟ ਰੇਤ ਚੜ੍ਹ ਗਈ, ਚਿੰਤਾ ਉਹਦੀ ਵਿੱਚ ਸਿਰ ਫਿਰ ਗਿਆ ਏ।

ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦੇ ਲਈ, ਆਏ ਲੋਕ ਕਈ ਭਰੀਆਂ ਟਰਾਲੀਆਂ ਲੈ,

ਅੱਗੇ ਬੇੜੀਆਂ ਵਿੱਚ ਸਵਾਰ ਹੋਏ, ਲੰਗਰ/ਰਾਸ਼ਨ/ਬੋਤਲਾਂ ਪਾਣੀ ਵਾਲੀਆਂ ਲੈ,

ਹੜ੍ਹ-ਪੀੜਤ ਨੇ ਪੁੱਛਦੇ ‘ਚਾਹ-ਪਾਣੀ’, ਆਏ ਸੱਜਣ ਜੋ ਬੇੜੀਆਂ ਕਾਹਲ਼ੀਆਂ ਲੈ,

ਪੀੜਤ ਆਖਦੇ ”ਸਾਡੇ ਕੋਲ ਹੈ ਵਾਧੂ”, ਨਾਲ ਤੱਕਦੇ ਨਜ਼ਰਾਂ ਮਿਹਰ ਵਾਲੀਆਂ ਲੈ।

ਅੰਬਰਸਰ ਦੀ ਡੀ.ਸੀ. ਨੇ ਪਹਿਲ ਕੀਤੀ, ਅਮਲਾ ਲੈ ਹੜ੍ਹ-ਮਾਰਿਆਂ ਕੋਲ ਪੁੱਜੀ,

ਸਾਰ ਉਨ੍ਹਾਂ ਦੀ ਉੱਥੇ ਜਾ ਲਈ ਉਸਨੇ, ਵੰਡਣ ਦੁੱਖ ‘ਦੁਖਿਆਰਿਆਂ’ ਕੋਲ ਪੁੱਜੀ,

ਪਰਿਵਾਰਾਂ ਜਿੰਨਿਆਂ ਨੂੰ ਸੀ ਮਿਲ ਸਕਦੀ, ਉਸ ਦਿਨ ਉਨ੍ਹਾਂ ਸਾਰਿਆਂ ਕੋਲ ਪੁੱਜੀ,

ਲਈਆਂ ‘ਸੀਸਾਂ ਕਈ ਬਜ਼ੁਰਗਾਂ ਕੋਲੋਂ, ਹੋਰ ਵੀ ‘ਕਿਸਮਤ-ਹਾਰਿਆਂ’ ਕੋਲ ਪੁੱਜੀ।

ਇਹ ਫ਼ਿਤਰਤ ਏ ਸਾਡੇ ਪੰਜਾਬੀਆਂ ਦੀ, ਇੱਕ-ਦੂਸਰੇ ਦਾ ਦਰਦ ਵੰਡਾਵੰਦੇ ਨੇ,

ਜਿੱਥੇ ਕਿਤੇ ਵੀ ਮੁਸੀਬਤ ਹੈ ਆਣ ਪੈਂਦੀ, ਉੱਥੇ ਸੁੱਖ-ਸਹੂਲਤਾਂ ਪਹੁੰਚਾਉਂਦੇ ਨੇ,

ਭਾਵੇਂ ਕਾਲ਼ ਹੋਵੇ ਜਾਂ ਭੁਚਾਲ਼ ਹੋਵੇ, ‘ਖ਼ਾਲਸਾ-ਏਡ’ ਵਾਲੇ ਭਾਈ ਜਾ ਆਵੰਦੇ ਨੇ,

ਵੇਖ ਸਕਣ ਨਾ ਕਿਸੇ ਨੂੰ ਦੁਖੀ ਇਹ ‘ਝੰਡ’, ਤਾਂ ਹੀ ‘ਪੰਜਾਬੀ’ ਅਖਵਾਵੰਦੇ ਨੇ।

ਡਾ. ਸੁਖਦੇਵ ਸਿੰਘ ਝੰਡ

ਫ਼ੋਨ : +1 647-567-9128

RELATED ARTICLES
POPULAR POSTS