Breaking News
Home / ਕੈਨੇਡਾ / ਬਰੈਂਪਟਨ ਵਾਸੀਆਂ ਦੀਆਂ ਮੰਗਾਂ ਮੰਤਰੀ ਕਮਲ ਖਹਿਰਾ ਨਾਲ ਕੀਤੀਆਂ ਸਾਂਝੀਆਂ

ਬਰੈਂਪਟਨ ਵਾਸੀਆਂ ਦੀਆਂ ਮੰਗਾਂ ਮੰਤਰੀ ਕਮਲ ਖਹਿਰਾ ਨਾਲ ਕੀਤੀਆਂ ਸਾਂਝੀਆਂ

ਮੰਤਰੀ ਵੱਲੋਂ ਅਗਲੇਰੀ ਕਾਰਵਾਈ ਲਈ ਦਿੱਤਾ ਗਿਆ ਭਰੋਸਾ
ਬਰੈਂਪਟਨ/ਡਾ. ਝੰਡ : ਬੀਤੇ ਦਿਨੀਂ ਕੈਪਟਨ ਇਕਬਾਲ ਸਿੰਘ ਵਿਰਕ ਅਤੇ ਸਾਬਕਾ ਇੰਜੀਨੀਅਰ ਡੀ.ਐੱਸ. ਕੰਬੋਜ ਵੱਲੋਂ ਸੀਨੀਅਰਜ਼ ਦੇ ਮਾਮਲਿਆਂ ਬਾਰੇ ਮੰਤਰੀ ਕਮਲ ਖਹਿਰਾ ਨੂੰ ਉਨ੍ਹਾਂ ਦੇ ਬਰੈਂਪਟਨ ਵਾਲੇ ਦਫ਼ਤਰ ਵਿਚ ਮਿਲ ਕੇ ਬਰੈਂਪਟਨ-ਵਾਸੀਆਂ ਦੀਆਂ ਮੰਗਾਂ ਲਿਖਤ ਰੂਪ ਵਿਚ ਪੇਸ਼ ਕੀਤੀਆਂ ਗਈਆਂ ਅਤੇ ਇਨ੍ਹਾਂ ਬਾਰੇ ਉਨ੍ਹਾਂ ਨਾਲ ਲੰਮਾਂ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਤਰੀ ਕਮਲ ਖਹਿਰਾ ਨੇ ਇਹ ਮੰਗਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਇਨ੍ਹਾਂ ਬਾਰੇ ਅਗਲੇਰੀ ਕਾਰਵਾਈ ਕਰਦਿਆਂ ਹੋਇਆਂ ਇਹ ਵੱਖ-ਵੱਖ ਵਿਭਾਗਾਂ ਨੂੰ ਭੇਜਣ ਦਾ ਯਕੀਨ ਦਿਵਾਇਆ। ਇਹ ਮੰਗਾਂ ਫ਼ੈੱਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਤਿੰਨੇ ਪੱਧਰ ਦੀਆਂ ਸਨ ਅਤੇ ਇਨ੍ਹਾਂ ਬਾਰੇ ਗੱਲਬਾਤ ਲੱਗਭੱਗ ਇਕ ਘੰਟਾ ਚੱਲਦੀ ਰਹੀ।
ਪਹਿਲੀ ਮੰਗ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਸ਼ੁਰੂ ਕਰਨ ਬਾਰੇ ਸੀ, ਕਿਉਂਕਿ ਅੰਮ੍ਰਿਤਸਰ ਜਾਣ ਅਤੇ ਉੱਥੋਂ ਆਉਣ ਸਮੇਂ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਬੜੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਮੰਤਰੀ ਖਹਿਰਾ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਜੇਕਰ ਇਹ ਸਿੱਧੀ ਉਡਾਣ ਅਜੇ ਜਲਦੀ ਸੰਭਵ ਨਹੀਂ ਤਾਂ ਫ਼ਿਲਹਾਲ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀ ਹੀਥਰੋ ਜਾਂ ਬਰਮਿੰਘਮ ਦੀ ਉਡਾਣ ਨੂੰ ਟੋਰਾਂਟੋ ਦੀ ਉਡਾਣ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਜਾਵੇ। ਅਗਲੀ ਮੰਗ ਅਫ਼ਗਾਨਿਸਤਾਨ ਤੋਂ ਹਿੰਦੂ ਅਤੇ ਸਿੱਖ ਸ਼ਰਨਾਰਥੀ ਜਿਨ੍ਹਾਂ ਦੀ ਗਿਣਤੀ ਇਸ ਸਮੇਂ ਕੇਵਲ 1500 ਦੇ ਕਰੀਬ ਰਹਿ ਗਈ ਹੈ, ਨੂੰ ਕੈਨੇਡਾ ਲਿਆਉਣ ਬਾਰੇ ਸੀ ਜਿਸ ਨੂੰ ਮੰਤਰੀ ਅੱਗੇ ਪੇਸ਼ ਕਰਦਿਆਂ ਹੋਇਆਂ ਕੈਨੇਡਾ ਵੱਲੋਂ ਪਿਛਲੇ ਸਮੇਂ ਵਿਚ 30,000 ਦੇ ਲੱਗਭੱਗ ਨਾਈਜੀਰੀਅਨ ਸ਼ਰਨਾਰਥੀ ਲਿਆਉਣ ਦੀ ਉਦਾਹਰਣ ਦਿੱਤੀ ਗਈ।
ਹੋਰ ਮੰਗਾਂ ਵਿਚ ਬਰੈਂਪਟਨ ਵਿਚ ਯੂਨੀਵਰਸਿਟੀ ਬਨਾਉਣ ਦੀ ਚਿਰੋਕਣੀ ਮੰਗ ਅਤੇ ਇੱਥੇ ਮੈਡੀਕਲ ਕਾਲਜ ਤੇ ਘੱਟ-ਘੱਟ ਇਕ ਹੋਰ ਹਸਪਤਾਲ ਬਣਾਉਣ ਬਾਰੇ ਸੀ, ਕਿਉਂਕਿ ਬਰੈਂਪਟਨ ਵਿਚ ਵਸੋਂ ਦੇ ਲਗਾਤਾਰ ਵਾਧੇ ਨਾਲ ਇਸ ਦਾ ਇਕਲੌਤਾ ਬਰੈਂਪਟਨ ਸਿਵਿਕ ਹਸਪਤਾਲ ਮਰੀਜ਼ਾਂ ਦੇ ਇਲਾਜ ਲਈ ਅਸਮਰੱਥ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਮਿਸੀਸਾਗਾ ਅਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਅਗਲੀ ਸਥਾਨਕ ਮੰਗ ਵਿਚ ‘ਪੈਰਟੀ ਫ਼ੋਰ ਜ਼ੈਨਿੰਗਜ਼ ਪਾਰਕ ਨੰਬਰ 49’ ਵਿਚ ਬੈਠਣ ਲਈ ਇਕ ਹੋਰ ਸ਼ੈਡ ਬਣਾਉਣ ਦਾ ਜ਼ਿਕਰ ਸੀ, ਕਿਉਂਕਿ ਇੱਥੇ ਇਸ ਸਮੇਂ ਮੌਜੂਦ ਇਕ ਹੀ ਸ਼ੈੱਡ ਵਿਚ ਜੇਕਰ ਪੁਰਸ਼ ਪਹਿਲਾਂ ਬੈਠੇ ਹੋਣ ਤਾਂ ਔਰਤਾਂ ਦੇ ਬੈਠਣ ਲਈ ਜਗ੍ਹਾ ਨਹੀਂ ਹੁੰਦੀ। ਗਰਮੀਆਂ ਵਿਚ ਸ਼ਾਮ ਨੂੰ ਪਾਰਕ ਵਿਚ ਔਰਤਾਂ ਤੇ ਮਰਦਾਂ ਦੀ ਗਿਣਤੀ 100 ਤੋਂ ਵੀ ਵਧੀਕ ਹੋ ਜਾਂਦੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਸ਼ੈੱਡ ਬਣਾਉਣ ਸਮੇਂ ਪਹਿਲਾਂ ਮੌਜੂਦ ਸ਼ੈੱਡ ਨੂੰ ਤੋੜ ਦਿੱਤਾ ਗਿਆ ਸੀ, ਜਦਕਿ ਸਥਾਨਿਕ-ਕਮਿਊਨਿਟੀ ਦੀ ਜ਼ਰੂਰਤ ਦੋ ਸ਼ੈੱਡਾਂ ਦੀ ਸੀ।
ਮੰਤਰੀ ਖਹਿਰਾ ਨਾਲ ਅਗਲਾ ਮੁੱਦਾ ਬੇਸਹਾਰਾ ਮਰਦ ਤੇ ਔਰਤਾਂ ਲਈ ਨਰਸਿੰਗ-ਹੋਮ ਬਣਾਉਣ ਬਾਰੇ ਉਠਾਇਆ ਗਿਆ। ਬਰੈਂਪਟਨ ਵਿਚ ਇਸ ਸਮੇਂ ਏਸ਼ੀਆਈ ਕਮਿਊਨਿਟੀ ਲਈ ਕੋਈ ਨਰਸਿੰਗ-ਹੋਮ ਨਹੀਂ ਹੈ ਅਤੇ ਮੌਜੂਦਾ ਸਮੇਂ ਵਿਚ ਇਸ ਦੀ ਸਖ਼ਤ ਲੋੜ ਮਹਿਸੂਸ ਹੋ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਬਰੈਂਪਟਨ ਵਿਚ ਬੇਸਹਾਰਾ ਬਜ਼ੁਰਗ ਔਰਤਾਂ ਤੇ ਮਰਦਾਂ ਲਈ ਦੋ ਨਰਸਿੰਗ-ਹੋਮ ਮਨਜ਼ੂਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਬਨਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਵਿੱਤੀ-ਸਹਾਇਤਾ ਦੀ ਜ਼ਰੂਰਤ ਹੈ। ਇਨ੍ਹਾਂ ਦੇ ਵਿਚ ਰਹਿਣ ਵਾਲਿਆਂ ਦੀ ਪੈੱਨਸ਼ਨ ਦਾ ਕੁਝ ਹਿੱਸਾ ਨਹੀਂ ਕੱਟਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਲੱਗਦਾ ਹੀ ਇਕ ਹੋਰ ਮੁੱਦਾ ਸੀਨੀਅਰਜ਼ ਦੇ ਲਈ ਸਸਤੇ ਮਕਾਨ ਬਣਾਉਣ ਦੀ ਵਿਵਸਥਾ ਕਰਨ ਬਾਰੇ ਸੀ।
ਮੰਤਰੀ ਜੀ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਕਿ ਜੇਕਰ ਸੀਨੀਅਰਾਂ ਨੂੰ ਬੀਮਾਰੀ, ਐਕਸੀਡੈਂਟ ਜਾਂ ਕਿਸੇ ਹੋਰ ਜ਼ਰੂਰੀ ਕਾਰਨ 180 ਦਿਨਾਂ ਤੋਂ ਵੱਧ ਕੈਨੇਡਾ ਤੋਂ ਬਾਹਰ ਰਹਿਣਾ ਪੈ ਜਾਂਦਾ ਹੈ ਤਾਂ ਉਨ੍ਹਾਂ ਦੀ ਬੁਢਾਪਾ ਪੈੱਨਸ਼ਨ ਬੰਦ ਨਹੀਂ ਹੋਣੀ ਚਾਹੀਦੀ। ਕਮਿਊਨਿਟੀ ਨਾਲ ਸਬੰਧਿਤ ਅਗਲਾ ਮਸਲਾ ਦੂਸਰਿਆਂ ਦੇਸ਼ਾਂ ਵਿਚ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਜੋੜਿਆਂ ਬਾਰੇ ਉਠਾਇਆ ਗਿਆ ਜਿਨ੍ਹਾਂ ਵਿੱਚੋਂ ਕਈ ਵਾਰ ਇਕ ਸਾਥੀ ਏਅਰਪੋਰਟ ਤੋਂ ਉੱਤਰਦਿਆਂ ਹੀ ਰਫ਼ੂ-ਚੱਕਰ ਹੋ ਜਾਂਦਾ ਹੈ ਅਤੇ ਦੂਸਰਾ ਰੋਂਦਾ-ਕੁਰਲਾਉਂਦਾ ਰਹਿ ਜਾਂਦਾ ਹੈ। ਇਸ ਦੇ ਲਈ ਮੰਤਰੀ ਜੀ ਨੂੰ ਸੁਝਾਅ ਦਿੱਤਾ ਗਿਆ ਕਿ ਪਹਿਲਾਂ ਵਾਂਗ ਨਵੇਂ ਜੋੜੇ ਦੇ ਸਾਥੀ ਨੂੰ ਘੱਟੋ-ਘੱਟ ਦੋ ਸਾਲ ਪੀ.ਆਰ. ਨਾ ਦਿੱਤੀ ਜਾਵੇ। ਏਸੇ ਤਰ੍ਹਾਂ, ਤਲਾਕ ਲੈਣ ਤੋਂ ਬਾਅਦ ਜੇਕਰ ਕੋਈ ਸ਼ਾਦੀ ਕਰਨਾ ਚਾਹੁੰਦਾ ਹੈ ਤਾਂ ਬੇਸ਼ਕ ਕਰ ਲਵੇ ਪਰ ਉਹ ਪੰਜ ਸਾਲ ਤੀਕ ਕਿਸੇ ਹੋਰ ਨੂੰ ਸਪਾਂਸਰ ਨਾ ਕਰ ਸਕੇ। ਇਸ ਤਰ੍ਹਾਂ ਨਵੇਂ ਜੋੜਿਆਂ ਦੇ ਅਜਿਹੇ ਕੇਸ ਆਪਣੇ ਆਪ ਘੱਟ ਜਾਣਗੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਕੈਪਟਨ ਵਿਰਕ ਸਮੇਂ-ਸਮੇਂ ਕਮਿਊਨਿਟੀ ਦੇ ਮਸਲੇ ਕੈਨੇਡਾ ਦੇ ਵੱਖ-ਵੱਖ ਪੱਧਰ ਦੇ ਰਾਜਨੀਤਕ ਨਾਲ ਸਾਂਝੇ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਭਾਰਤੀ ਫ਼ੌਜ ਦੇ ਸੇਵਾ-ਮੁਕਤ ਫ਼ੌਜੀਆਂ ਨੂੰ ਉਨ੍ਹਾਂ ਦੇ ਨਾਲ ਫ਼ੋਨ 647-631-9445 ‘ਤੇ ਸੰਪਰਕ ਕਰਨ ਲਈ ਬੇਨਤੀ ਕੀਤੀ ਹੈ ਤਾਂ ਜੋ ਫ਼ੌਜੀ ਵੀਰਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਬਾਰੇ ਮਿਲ ਕੇ ਵਿਚਾਰਿਆ ਜਾ ਸਕੇ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …