Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਹੋਈਆਂ ਸਿੱਖ ਵਿਰਾਸਤੀ ਮਹੀਨੇ ਬਾਰੇ ਵਿਚਾਰਾਂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਹੋਈਆਂ ਸਿੱਖ ਵਿਰਾਸਤੀ ਮਹੀਨੇ ਬਾਰੇ ਵਿਚਾਰਾਂ

ਪੰਜਾਬ ਤੋਂ ਪਰਤੇ ਪ੍ਰੋ.ਤਲਵਿੰਦਰ ਮੰਡ ਤੇ ਡਾ. ਜਗਮੋਹਨ ਸੰਘਾ ਨੇ ਪੰਜਾਬ ਦੇ ਅਜੋਕੇ ਸਿਆਸੀ ਤੇ ਸਮਾਜਿਕ ਹਾਲਾਤ ਬਿਆਨ ਕੀਤੇ
ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਦੇ ਲੰਮੇਂ ਸਮੇਂ ਤੱਕ ਚੱਲੇ ਮਾਰੂ ਅਸਰ ਤੋਂ ਬਾਅਦ ਮਿਲੀ ਰਾਹਤ ਪਿੱਛੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗਮ ਮਰੋਕ ਲਾਅ ਆਫ਼ਿਸ ਸਥਿਤ ‘ਪੰਜਾਬੀ ਭਵਨ ਟੋਰਾਂਟੋ’ ਦੇ ਹਾਲ ਵਿਚ ਲੰਘੇ ਐਤਵਾਰ 17 ਅਪ੍ਰੈਲ ਨੂੰ ਵਿਅੱਕਤੀਗ਼ਤ ਰੂਪ ਵਿਚ ਆਯੋਜਿਤ ਕੀਤਾ ਗਿਆ। ਪਿਛਲੇ ਦੋ ਸਾਲ ਦੌਰਾਨ ਸਭਾ ਦੇ ਇਹ ਸਮਾਗ਼ਮ ਜ਼ੂਮ-ਮਾਧਿਅਮ ਰਾਹੀਂ ਹੀ ਸੰਭਵ ਹੋ ਸਕੇ ਸਨ। ਪ੍ਰਸਿੱਧ ਵਿਦਵਾਨ ਪੂਰਨ ਸਿੰਘ ਪਾਂਧੀ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਕੈਨੇਡਾ ਸਰਕਾਰ ਵੱਲੋਂ ਕਰਾਰ ਦਿੱਤੇ ਗਏ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਅਤੇ ਅਮੀਰ ਸਿੱਖ ਵਿਰਾਸਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸਭਾ ਦੇ ਸਰਗ਼ਰਮ ਮੈਂਬਰ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਜੋ ਪਿਛਲੇ ਦਿਨੀੰ ਹੀ ਪੰਜਾਬ ਤੋਂ ਪਰਤੇ ਹਨ, ਵੱਲੋਂ ਪੰਜਾਬ ਵਿਚ ਮਾਰਚ ਮਹੀਨੇ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਬਦਲੇ ਹੋਏ ਸਿਆਸੀ ਅਤੇ ਸਮਾਜਿਕ ਹਾਲਾਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਬੀਤੇ ਦਿਨੀਂ ਸਭਾ ਦੇ ਮੈਂਬਰਾਂ ਸੁਰਿੰਦਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ਅਤੇ ਹਰਜਸਪ੍ਰੀਤ ਗਿੱਲ ਦੇ ਪਿਤਾ ਜੀ ਹਰਦਿਆਲ ਸਿੰਘ ਦੇ ਅਚਾਨਕ ਅਕਾਲ-ਚਲਾਣੇ ‘ਤੇ ਸ਼ੋਕ-ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨ ਵੱਲੋਂ ਇਕ ਮਿੰਟ ਦਾ ਮੋਨ ਰੱਖ ਕੇ ਪ੍ਰਵਾਨਗੀ ਦਿੱਤੀ ਗਈ। ਸਮਾਗ਼ਮ ਦੀ ਰੂਪ-ਰੇਖਾ ਬਾਰੇ ਦੱਸਣ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਬਰੈਂਪਟਨ ਦੇ ਪ੍ਰਸਿੱਧ ਵਿਦਵਾਨ ਪੂਰਨ ਸਿੰਘ ਪਾਂਧੀ ਨੂੰ ਸਿੱਖ ਹੈਰੀਟੇਜ ਮੰਥ ਅਤੇ ਸਿੱਖ ਵਿਰਾਸਤ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ 1469 ਈ. ਤੋਂ ਲੈ ਕੇ 1708 ਈ. ਤੱਕ ਦੇ ਗੁਰੂ-ਕਾਲ ਦੇ ਸਮੁੱਚੇ ਇਤਿਹਾਸ ਨੂੰ ਸੀਮਤ ਸਮੇਂ ਵਿਚ ‘ਕੁੱਜੇ ਵਿਚ ਸਮੁੰਦਰ’ ਵਾਂਗ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਮਹਾਨ ਫ਼ਲਸਫ਼ੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਗੁਰੂ ਸਾਹਿਬ ਨੇ ਆਪਣੀਆਂ ਚਾਰ ਮਹਾਨ ਉਦਾਸੀਆਂ ਦੌਰਾਨ ਚਾਲੀ ਹਜ਼ਾਰ ਮੀਲ ਦਾ ਲੰਮਾ ਸਫ਼ਰ ਪੈਦਲ ਤੈਅ ਕਰਕੇ ਕੇਵਲ ਭਾਰਤ ਹੀ ਨਹੀਂ, ਸਗੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪ੍ਰਚਾਰਿਆ।
ਪੰਜਾਬ ਤੋਂ ਬੀਤੇ ਦਿਨੀਂ ਪਰਤੇ ਪ੍ਰੋ. ਤਲਵਿੰਦਰ ਮੰਡ ਨੇ ਦੱਸਿਆ ਕਿ ਅਸੈਂਬਲੀ ਚੋਣਾਂ ਤੋਂ ਬਾਅਦ ਬਣੀ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਤੋਂ ਲੋਕ ਬਹੁਤ ਜਲਦੀ ਵੱਡੇ ਬਦਲਾਅ ਦੀ ਆਸ ਰੱਖ ਰਹੇ ਹਨ ਜੋ ਏਨੇ ਥੋੜ੍ਹੇ ਸਮੇਂ ਵਿਚ ਸੰਭਵ ਨਹੀਂ ਹੈ, ਕਿਉਂਕਿ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਫ਼ਸਰ ਤਾਂ ਓਹੀ ਹੀ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਰਾਜ-ਪ੍ਰਬੰਧ ਨੂੰ ਚਲਾਉਣ ਅਤੇ ਕਾਨੂੰਨੀ ਅਵਸਥਾ ਨੂੰ ਸਹੀ ਰੱਖਣ ਦੀ ਹੈ ਅਤੇ ਜਿੰਨਾਂ ਚਿਰ ਇਨ੍ਹਾਂ ਅਧਿਕਾਰੀਆਂ ਦੀ ਸੋਚ ਵਿਚ ਤਬਦੀਲੀ ਨਹੀਂ ਆਉਂਦੀ, ਓਨਾ ਚਿਰ ਇਹ ਤਬਦੀਲੀ ਸੰਭਵ ਨਹੀ ਹੋ ਸਕਦਾ। ਉਂਜ ਵੀ ਇਸ ਸਰਕਾਰ ਨੂੰ ਆਇਆਂ ਅਜੇ ਤਾਂ ਇਕ ਮਹੀਨਾ ਹੀ ਹੋਇਆ ਹੈ ਅਤੇ ਸਾਨੂੰ ਨੇੜ ਭਵਿੱਖ ਵਿਚ ਇਸ ਤੋਂ ਰਾਜ ਪ੍ਰਬੰਧ ਵਿਚ ਤਬਦੀਲੀ ਦੀ ਆਸ ਰੱਖਣੀ ਚਾਹੀਦੀ ਹੈ। ਅਸੀਂ ਪ੍ਰਦੇਸਾਂ ਵਿਚ ਬੈਠੇ ਪ੍ਰਵਾਸੀ ਪੰਜਾਬ ਦੀ ਖੁਸ਼ਹਾਲੀ ਲਈ ਹਮੇਸ਼ਾ ਦੁਆ ਮੰਗਦੇ ਹਾਂ ਅਤੇ ਇਸ ਦੇ ਲਈ ਯਤਨਸ਼ੀਲ ਵੀ ਹਾਂ, ਪਰ ਉੱਥੇ ਪੂਰੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਦੀ ਇਸ ਗੱਲ ਨੂੰ ਅੱਗੇ ਤੋਰਦਿਆਂ ਡਾ. ਜਗਮੋਹਨ ਸੰਘਾ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਪੈਸੇ ਦੇ ਕੇ ਕੰਮ ਹੋ ਜਾਂਦੇ ਸਨ ਪਰ ਹੁਣ ਨਵੀਂ ਸਰਕਾਰ ਤੋਂ ਡਰਦਾ ਕੋਈ ਪੈਸੇ ਨਹੀ ਲੈਂਦਾ ਪਰ ਲੋਕਾਂ ਦੇ ਕੰਮ ਵੀ ਨਹੀਂ ਹੋ ਰਹੇ। ਇਸ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਆਪਣੇ ਨਾਲ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਉੱਥੇ ਸਿਸਟਮ ਵਿਚ ਤਬਦੀਲੀ ਆਏ ਅਤੇ ਪੰਜਾਬ ਦੀ ਨਵੀਂ ਸਰਕਾਰ ਤੋਂ ਇਸ ਦੀ ਉਮੀਦ ਰੱਖਦੇ ਹਾਂ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਰੂਬੀ ਕਰਤਾਰਪੁਰੀ ਦੀ ਪੁਸਤਕ ‘ਯਾਦਾਂ’ ਸਭਾ ਦੀ ਕਾਰਕਾਰਨੀ ਦੇ ਮੈਂਬਰਾਂ ਅਤੇ ਪ੍ਰਧਾਨਗੀ-ਮੰਡਲ ਵੱਲੋਂ ਮਿਲ ਕੇ ਲੋਕ-ਅਰਪਿਤ ਕੀਤੀ ਗਈ। ਅਖ਼ੀਰ ‘ਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਕਿਹਾ ਕਿ ਦੋ ਸੋਂ ਵਧੇਰੇ ਲੰਮੇਂ ਅਰਸੇ ਤੋਂ ਬਾਅਦ ਸਭਾ ਦੇ ਇਸ ਸਮਾਗ਼ਮ ‘ਚ ਇਕ ਦੂਸਰੇ ਦੇ ਨਾਲ ਬੈਠ ਕੇ ਇਸ ਦਾ ਅਨੰਦ ਮਾਣਦਿਆਂ ਹੋਇਆਂ ਸੱਭਨਾਂ ਨੂੰ ਬਹੁਤ ਖ਼ੁਸ਼ੀ ਦਾ ਅਹਿਸਾਸ ਹੋਇਆ ਹੈ ਤੇ ਆਸ ਕਰਦੇ ਹਾਂ ਕਿ ਸਭਾ ਦੇ ਅਗਲੇ ਸਮਾਗ਼ਮ ਵੀ ਇੰਜ ਹੀ ਹੁੰਦੇ ਰਹਿਣਗੇ।

ਮਹਿੰਦਰ ਸਿੰਘ ਤਤਲਾ ਦਾ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਕੀਤਾ ਸਨਮਾਨ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਮਹੀਨਾਵਾਰ ਮੀਟਿੰਗ ਤਕਰੀਬਨ ਦੋ ਸਾਲ ਦੇ ਵਕਫੇ ਬਾਅਦ ਕੋਸੋ ਹਾਲ ਵਿੱਚ ਹੋਈ। ਕਰੋਨਾ ਮਹਾਂਮਾਰੀ ਦਰਮਿਆਨ ਸਭਾ ਦੀਆਂ ਮੀਟਿੰਗਾ ਨਿਰਵਿਘਨ ਜ਼ੂਮ ਦੇ ਮਾਧਿਅਮ ਰਾਹੀਂ ਹੋਈਆਂ ਪਰ ਫਰਵਰੀ 2020 ਤੋ ਬਾਅਦ ਅਪਰੈਲ 2022 ਦੀ ਕੋਸੋ ਹਾਲ ਵਿੱਚ ਇਹ ਮੀਟਿੰਗ ਬਹੁਤ ਹੀ ਪ੍ਰਭਾਵਸ਼ਾਲੀ ਰਹੀ।ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ, ਕਹਾਣੀਕਾਰ ਨਾਵਲਕਾਰ ਮਹਿੰਦਰ ਸਿੰਘ ਤਤਲਾ ਤੇ ਜੁਝਾਰੂ ਲੇਖਿਕਾ ਰਜਿੰਦਰ ਕੋਰ ਚੌਹਕਾ ਨੂੰ ਹਾਜ਼ਰੀਨ ਦੀਆਂ ਤਾੜੀਆਂ ਵਿੱਚ ਸੱਦਾ ਦਿੱਤਾ ਤੇ ਅਪਰੈਲ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਤੇ ਦਿਨਾ ਦਾ ਮਹੱਤਵ ਵੀ ਸਾਂਝਾ ਕੀਤਾ। ਅਖੀਰ ਵਿਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ ਕਿ ਇੱਕੀ ਮਈ ਦਿਨ ਸ਼ਨੀਵਾਰ ਹੈ,ਵਿੱਚ ਸ਼ਾਮਲ ਹੋਣ ਲਈ ਸਭ ਨੂੰ ਅਪੀਲ ਕੀਤੀ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …