ਪੰਜਾਬੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਨਿਵੇਕਲੇ ਢੰਗ ਨਾਲ ਸਮਝਾਇਆ
ਬਰੈਂਪਟਨ/ਪਰਮਜੀਤ ਢਿੱਲੋਂ, ਡਾ.ਝੰਡ
ਲੰਘੇ ਐਤਵਾਰ 17 ਫਰਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਐੱਫ਼.ਬੀ.ਆਈ. ਸਕੂਲ ਵਿਚ ਹੋਈ। ਇਸ ਮੌਕੇ ਹੋਏ ਸਮਾਗਮ ਨੂੰ ‘ਅੰਤਰਰਾਸ਼ਟਰੀ ਭਾਸ਼ਾ-ਦਿਵਸ’ ਵਜੋਂ ਮਨਾਉਂਦੇ ਹੋਏ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤਾ ਗਿਆ। ਸੱਭ ਤੋਂ ਪਹਿਲਾਂ ਕਨੈਡੀਅਨ ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਸਾਰਿਆਂ ਨੂੰ ‘ਜੀ ਆਇਆਂ’ ਕਿਹਾ ਗਿਆ। ਇਸ ਸਮਾਗਮ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਤਿਕਾਰਯੋਗ ਪ੍ਰੋਫੈਸਰ ਰਾਮ ਸਿੰਘ ਨੇ ਪੰਜਾਬੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਸਮਝਾਇਆ। ਉਦਾਹਰਣ ਵਜੋਂ, ਉਨ੍ਹਾਂ ਦੱਸਿਆ ਕਿ ”ਹੂੰ” ਲਫ਼ਜ਼ ਨੂੰ ਅਲੱਗ-ਅਲੱਗ ਲਹਿਜੇ ਨਾਲ ਬੋਲਣ ਨਾਲ ਉਸ ਦੇ ਅਰਥ ਕਿਵੇਂ ਬਦਲਦੇ ਹਨ। ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਨ ਲਈ ਉਨ੍ਹਾਂ ਕਈ ਹੋਰ ਮਹੱਤਵਪੂਰਨ ਉਦਾਹਰਣਾਂ ਦਿੱਤੀਆਂ। ਇਸ ਤਰ੍ਹਾਂ ਸਮਾਗਮ ਦੀ ਸ਼ੁਰੂਆਤ ਇਸ ਦਾ ਸ਼ਿੰਗਾਰ ਹੋ ਨਿੱਬੜੀ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਪ੍ਰੋਫੈਸਰ ਰਾਮ ਸਿੰਘ ਹੋਰਾਂ ਦੀ ਤਹਿ ਦਿਲੋਂ ਧੰਨਵਾਦੀ ਹੈ।
ਤਲਵਿੰਦਰ ਮੰਡ ਨੇ ਇਸ ਸਮਾਗਮ ਨੂੰ ਅਗਾਂਹ ਤੋਰਦੇ ਹੋਏ ਸਰੋਤਿਆਂ ਨੂੰ ਸਵਾਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਿਸ ਵਿਚ ਕੁਲਜੀਤ ਮਾਨ, ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਚਿੰਤਾ ਪ੍ਰਗਟ ਕੀਤੀ। ਕੁਝ ਹੋਰ ਸਰੋਤਿਆਂ ਨੇ ਭਾਸ਼ਾ ਸਬੰਧੀ ਸਵਾਲ ਕਰਨ ਦੀ ਬਜਾਏ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ। ਸਤਿਕਾਰਿਤ ਸ਼ਖ਼ਸੀਅਤ ਬਲਰਾਜ ਚੀਮਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਭਾਸ਼ਾ ਦੇ ਸੰਖੇਪ ਗੁਣਾਂ ਭਰਪੂਰ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਪਰੰਤ, ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਕੁਲਜੀਤ ਮਾਨ, ਗਿਆਨ ਸਿੰਘ ਦਰਦੀ, ਡਾਲਵੀ ਸਾਹਿਬ, ਹਰਜਸਪ੍ਰੀਤ ਕੌਰ ਗਿੱਲ, ਪਰਮਜੀਤ ਗਿੱਲ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਸੁੰਦਰ ਪਾਲ ਰਾਜਾਸਾਂਸੀ, ਸੁਰਜੀਤ ਕੌਰ, ਰਮਿੰਦਰ ਵਾਲੀਆ, ਅਮਰਜੀਤ ਕੌਰ ਪੰਛੀ, ਡਾਕਟਰ ਕ੍ਰਿਸ਼ਨ ਜੀ ਅਤੇ ਤਲਵਿੰਦਰ ਮੰਡ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਂ ਬੰਨ੍ਹਿਆ।
ਸਟੇਜ ਤੋਂ ਸਮਾਗਮ ਦੇ ਦੂਸਰੇ ਭਾਗ ਦੀ ਕਾਰਵਾਈ ਪਰਮਜੀਤ ਢਿੱਲੋਂ ਨੇ ਨਿਭਾਈ। ਕੁਝ ਨਵੇਂ ਮਹਿਮਾਨਾਂ ਵੱਲੋਂ ਵੀ ਇਸ ਸਮਾਗ਼ਮ ਵਿਚ ਸ਼ਿਰਕਤ ਕੀਤੀ ਗਈ ਜਿਸ ਲਈ ਮੰਚ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਅਖ਼ੀਰ ਵਿੱਚ ਬਲਰਾਜ ਚੀਮਾ ਹੋਰਾਂ ਦੇ ਧੰਨਵਾਦੀ ਸ਼ਬਦਾਂ ਨਾਲ ਇਹ ਯਾਦਗਾਰੀ ਸਮਾਗ਼ਮ ਸੰਪੰਨ ਹੋਇਆ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਫ਼ਰਵਰੀ ਸਮਾਗ਼ਮ ‘ਅੰਤਰ-ਰਾਸ਼ਟਰੀ ਭਾਸ਼ਾ-ਦਿਵਸ’ ਨੂੰ ਸਮੱਰਪਿਤ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …