ਟੋਰਾਂਟੋ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਫੈਡਰਲ ਐੱਮਪੀ ਏਰਿਨ ਵੇਅਰ ਨੂੰ ਉਤਪੀੜਨ ਦੇ ਦੋਸ਼ਾਂ ‘ਤੇ ਪਾਰਟੀ ਦੇ ਕਾਕਸ ਤੋਂ ਬਾਹਰ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਨਹੀਂ ਲੈਣਗੇ। ਉਨ੍ਹਾਂ ਕਿਹਾ, ‘ਮੈਂ ਇਸਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਫੈਸਲਾ ਅੰਤਿਮ ਹੈ। ਮੈਂ ਇੱਕ ਸੁਰੱਖਿਅਤ ਕੰਮਕਾਜੀ ਸਥਾਨ ਬਣਾਉਣਾ ਸੁਨਿਸ਼ਚਤ ਕਰਦਾ ਹਾਂ। ਇਸ ਲਈ ਮੈਂ ਆਪਣੇ ਫੈਸਲੇ ‘ਤੇ ਕਾਇਮ ਹਾਂ।’ ਉਹ ਸਰੀ, ਬੀ.ਸੀ. ਵਿਖੇ ਤਿੰਨ ਰੋਜ਼ਾ ਐੱਨਡੀਪੀ ਕਾਕਸ ਰਿਟਰੀਟ ਨੂੰ ਸਬੰਧੋਨ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ੇਸ਼ ਅਧਿਕਾਰ ਦੀ ਸਥਿਤੀ ਪ੍ਰਾਪਤ ਲੋਕ ਮੈਨੂੰ ਇਹ ਫੈਸਲਾ ਬਦਲਣ ਲਈ ਡਰਾਉਣਾ ਚਾਹੁੰਦੇ ਹਨ, ਪਰ ਮੇਰਾ ਫੈਸਲਾ ਅੰਤਿਮ ਹੈ।
ਉਨ੍ਹਾਂ ਨੂੰ ਕੌਣ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਬੰਧੀ ਪੁੱਛਣ ‘ਤੇ ਉਨ੍ਹਾਂ ਸਸਕੇਚਵਾਨ ਦੇ ਕੁਝ ਵਿਅਕਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ‘ਤੇ ਇਸ ਫੈਸਲੇ ਨੂੰ ਬਦਲਣ ਲਈ ਦਬਾਅ ਪਾ ਰਹੇ ਹਨ। ਜ਼ਿਕਰਯੋਗ ਹੈ ਕਿ ਸਸਕੇਚਵਾਨ ਦੇ 68 ਐੱਨਡੀਪੀ ਨੇਤਾਵਾਂ ਵੱਲੋਂ ਉਨ੍ਹਾਂ ‘ਤੇ ਫੈਸਲਾ ਬਦਲਣ ਦਾ ਦਬਾਅ ਪਾਇਆ ਜਾ ਰਿਹਾ ਹੈ।
ਮਹਿਲਾ ਐੱਨਡੀਪੀ ਵਰਕਰਾਂ ਨੇ ਏਰਿਨ ਵੇਅਰ ‘ਤੇ ਰੋਕ ਦਾ ਸਵਾਗਤ ਕੀਤਾ : ਐੱਨਡੀਪੀ ਦੀਆਂ ਮਹਿਲਾਂ ਵਰਕਰਾਂ ਨੇ ਜਗਮੀਤ ਸਿੰਘ ਵੱਲੋਂ ਐੱਮਪੀ ਏਰਿਨ ਵੇਅਰ ‘ਤੇ ਅਗਲੀ ਚੋਣ ਲੜਨ ‘ਤੇ ਲਗਾਈ ਗਈ ਰੋਕ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਨ੍ਹਾਂ ਮਹਿਲਾਂ ਵਰਕਰਾਂ ਵੱਲੋਂ ਸਾਬਕਾ ਉਮੀਦਵਾਰਾਂ ਅਤੇ ਉੱਚ ਪੱਧਰੀ ਆਯੋਜਕਾਂ ਵੱਲੋਂ ਹਸਤਾਖਰ ਕੀਤਾ ਗਿਆ ਇੱਕ ਪੱਤਰ ਫੇਸਬੁੱਕ ‘ਤੇ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਗਮੀਤ ਸਿੰਘ ਨੇ ਇਹ ਕਰਕੇ ਦਿਖਾਇਆ ਹੈ ਕਿ ਉਹ ਸੁਰੱਖਿਅਤ ਕੰਮਕਾਜੀ ਸਥਾਨ ਪ੍ਰਦਾਨ ਕਰਨ ਲਈ ਆਪਣੀ ਕਾਨੂੰਨੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਇਸ ਲਈ ਉਨ੍ਹਾਂ ਨੇ ਵੇਅਰ ਖਿਲਾਫ਼ ਸ਼ਿਕਾਇਤਾਂ ਮਿਲਣ ‘ਤੇ ਉਨ੍ਹਾਂ ਨੂੰ ਤੁਰੰਤ ‘ਕਾਕਸ’ ਤੋਂ ਹਟਾ ਦਿੱਤਾ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਸਕੇਚਵਾਨ ਐੱਮਪੀ ਨੂੰ ਮੁੜ ਤੋਂ ਚੋਣ ਨਹੀਂ ਲੜਾਈ ਜਾਏਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …