ਬਰੈਂਪਟਨ : ਬਰੇਅਡਨ ਸੀਨੀਅਰ ਕਲੱਬ ਨੇ ਹਰੇ ਕ੍ਰਿਸ਼ਨਾ ਸੈਂਟਰ ਦੁਆਰਾ ਆਯੋਜਿਤ ਸੈਂਟਰ ਆਈਲੈਂਡ ਵਿਖੇ ‘ਫੈਸਟੀਵਲ ਆਫ ਇੰਡੀਆ’ ਦਾ ਬੜਾ ਮਨੋਰੰਜਕ ਟੂਰ ਲਾਇਆ। ਗੁਰਦੇਵ ਸਿੰਘ ਸਿੱਧੂ, ਤਾਰਾ ਸਿੰਘ ਗਰਚਾ ਅਤੇ ਬਲਬੀਰ ਸਿੰਘ ਸੈਣੀ ਦੇ ਯੋਗ ਪ੍ਰਬੰਧ ਹੇਠ ਇਸ ਟੂਰ ਲਈ ਦੋ ਬੱਸਾਂ ਕੀਤੀਆਂ ਗਈਆਂ। ਟ੍ਰੀਲਾਈਨ ਸਕੂਲ ਤੋਂ 9.45 ਤੇ ਚੱਲਣ ਉਪਰੰਤ ਲਗਭਗ ਗਿਆਂਰਾਂ ਕੁ ਵਜੇ ਡਾਊਨ ਟਾਊਨ ਫੈਰੀ ਟਰਮੀਨਲ ਪਹੁੰਚ ਗਏ। ਇੱਥੋਂ ਸ਼ਿਪ ‘ਚ ਸਵਾਰ ਹੋ ਪੌਣੇ ਬਾਰਾਂ ਦੇ ਕਰੀਬ ਸੈਂਟਰ ਆਈਲੈਂਡ ਅਪੜ ਗਏ। ਇੱਥੇ ਦੀਆਂ ਰੌਣਕਾਂ ਦਾ ਸਭ ਮੈਂਬਰਾਂ ਬੜਾ ਅਨੰਦ ਮਾਣਿਆ। ਨਾਲ ਲਿਆਂਦਾ ਭੋਜਨ ਦਰੱਖਤਾਂ ਦੀ ਠੰਡੀ ਛਾਂ ਹੇਠ ਲੱਗੇ ਬੈਂਚਾਂ ‘ਤੇ ਬੈਠ ਖਾਧਾ ਗਿਆ ਅਤੇ ਹਰੇ ਕ੍ਰਿਸ਼ਨਾ ਮਿਸ਼ਨ ਦੁਆਰਾ ਲਾਏ ਲੰਗਰ ਦਾ ਵੀ ਸਵਾਦ ਦੇਖਿਆ ਗਿਆ। ਕਈ ਕਲਾਸੀਕਲ ਨ੍ਰਿਤ ਅਤੇ ਹੋਰ ਭਜਨ ਕੀਰਤਨ ਦੇ ਪ੍ਰੋਗਰਾਮ ਦੇਖੇ ਗਏ। ਕ੍ਰਿਸ਼ਨ ਭਗਤਾਂ ਦਾ ਉਤਸਾਹ ਦੇਖਣਾ ਇੱਕ ਵਿਲੱਖਣ ਅਨੁਭਵ ਸੀ ਜਿਸ ਵਿੱਚ ਹਿੰਦੂ ਸਭਿਅਤਾ ਦਾ ਪਿਆਰ ਸੰਦੇਸ਼ ਪ੍ਰਗਟ ਹੋ ਰਿਹਾ ਸੀ। ਬੀਬੀਆਂ ਨੇ ਗਿੱਧਾ ਅਤੇ ਬੋਲੀਆਂ ਨਾਲ ਮਨੋਰੰਜਨ ਕੀਤਾ। ਸ਼ਾਮ 4 ਕੁ ਵਜੇ ਵਾਪਸੀ ਦਾ ਸਫਰ ਸ਼ੁਰੂ ਹੋਇਆ। ਇੱਕ ਵਾਰ ਫੇਰ ਲੇਕ ‘ਚ ਸ਼ਿਪ ਦੀ ਰਾਈਡ ਦਾ ਨਜਾਰਾ ਲਿਆ ਗਿਆ ਅਤੇ ਲਗਭਗ 6 ਕੁ ਵਜੇ ਵਾਪਸ ਪਰਤ ਆਏ। ਪ੍ਰਬੰਧਕਾਂ ਇਸ ਸਫਲ ਟੂਰ ਲਈ ਸਭ ਮੈਂਬਰਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ।
ਬਰੇਅਡਨ ਕਲੱਬ ਨੇ ‘ਫੈਸਟੀਵਲ ਆਫ ਇੰਡੀਆ’ ਦਾ ਟੂਰ ਲਾਇਆ
RELATED ARTICLES

