ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋਂ ਸੀਨੀਅਰਜ਼ ਨਾਲ ਬਦਸਲੂਕੀ ਦੀ ਸਮੱਸਿਆ ‘ਤੇ ਕਰਵਾਇਆ ਸੈਮੀਨਾਰ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਬਰੈਂਪਟਨ ਦੀਆ ਲੱਗਭਗ ਚਾਲੀ ਸੀਨੀਅਰ ਕਲੱਬਾਂ ਦੀ ਅਗਵਾਈ ਕਰਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਅਗਵਾਈ ਵਿੱਚ, ਗਰਮੀਆਂ ਦੇ ਸ਼ੁਰੂ ਹੋਣ ਤੋਂ ਹੀ ਸੀਨੀਅਰਜ਼ ਦੀ ਮਾਨਸਿਕ ਤੇ ਸਰੀਰਕ ਅਰੋਗਤਾ ਨਾਲ ਸਬੰਧਤ ਵਿਸ਼ਿਆਂ ‘ਤੇ ਲਗਾਤਾਰ ਸੈਮੀਨਾਰ ਕੀਤੇ ਜਾ ਰਹੇ ਹਨ, ਤੇ ਪਾਰਕਾਂ ਵਿੱਚ ਯੋਗਾ ਦੇ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਇਸੇ ਲੜੀ ਨੂੰ ਜਾਰੀ ਰਖਦੇ ਹੋਏ ਹੋਮ ਸਟਡ ਸੀਨੀਅਰਜ ਕਲੱਬ ਦੇ ਸਹਿਯੋਗ ਨਾਲ ਪਿਛਲੇ ਐਤਵਾਰ ਨੂੰ ਡਾਇਬਟੀਜ਼ ਦੀ ਵਧ ਰਹੀ ਸਮੱਸਿਆ ਬਾਰੇ ਸੀਨੀਅਰਜ਼ ਨੂੰ ਜਾਗਰੂਕ ਕਰਨ ਤੇ ਇਸ ਦੀ ਮਾਰ ਹੇਠ ਆਉਣ ਤੇ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਉਹਨਾਂ ਨੂੰ ਖਬਰਦਾਰ ਕਰਨ ਲਈ ਡਾਕਟਰ ਹਰਪ੍ਰੀਤ ਸਿੰਘ ਬਜਾਜ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ। ਪੂਰੀ ਦੁਨੀਆਂ ਦੀ ਵੱਡੀ ਬਹੁਗਿਣਤੀ, ਖਾਸਕਰ ਸਾਊਥ ਈਸਟ ਏਸ਼ੀਆਈ ਲੋਕ ਇਸ ਬਿਮਾਰੀ ਦੀ ਪਕੜ ਵਿਚ ਲਗਾਤਾਰ ਆ ਰਹੇ ਹਨ। ਇਸ ਦੇ ਨਾਲ ਹੀ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਐਮ ਪੀ ਸੋਨੀਆ ਸਿੱਧੂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਡਾਇਬਟੀਜ਼ ਬਾਰੇ ਸੈਮੀਨਾਰ ਵਿੱਚ ਕਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ, ਅੱਜ ਵਡਮੁੱਲੀ ਜਾਣਕਾਰੀ ਦੇਣ ਲਈ ਹਾਜ਼ਰ ਸਨ। ਉਹ ਕਨੇਡਾ ‘ਚ ਡਾਇਬਟੀਜ਼ ਬਾਰੇ ਸੰਸਥਾ ਦੇ ਚੇਅਰਪਰਸਨ ਵੀ ਹਨ। ਉਹਨਾਂ ਦੇ ਡਾਇਬਟੀਜ਼ ਬਾਰੇ ਪ੍ਰਾਈਵੇਟ ਬਿਲ ਨੇ ਕਨੋਡਾ ‘ਚ ਕਈ ਮਿਲੀਅਨ ਮਰੀਜ਼ਾਂ ਦੀ ਸਹਾਇਤਾ ਕਰਨ ਵਿੱਚ ਮਦਦ ਕੀਤੀ ਹੈ। ਡਾਕਟਰ ਹਰਪ੍ਰੀਤ ਬਜਾਜ ਕੋਲ ਡਾਇਬਟੀਜ਼ ਦੇ ਖੇਤਰ ਵਿੱਚ ਬਹੁਤ ਖੋਜ ਭਰਪੂਰ ਜਾਣਕਾਰੀ ਹੈ। ਉਹਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਨਾਲ ਇਸ ਵਿਸ਼ੇ ਵਾਰੇ ਸਵਾਲ ਜੁਆਬ ਕੀਤੇ ਤੇ ਉਹਨਾਂ ਦੇ ਸ਼ੰਕੇ ਨਮਿੱਰਤ ਕੀਤੇ। ਉਹਨਾਂ ਸਪੱਸ਼ਟ ਕੀਤਾ ਕਿ ਇਕ ਵਾਰ ਡਾਇਬਟੀਜ਼ ਹੋਣ ਤੇ ਕਿਸੇ ਵੀ ਦੇਸੀ ਜਾਂ ਅੰਗਰੇਜ਼ੀ ਦਵਾਈ ਨਾਲ ਸਰੀਰ ਇਸ ਬਿਮਾਰੀ ਤੋਂ ਪੂਰੀ ਤਰਾਂ ਮੁਕਤ ਨਹੀ ਹੋ ਸਕਦਾ। ਇਸ ਲਈ ਚੰਗੀ ਸਿਹਤਮੰਦ ਖੁਰਾਕ ਖਾਣ ਦੇ ਨਾਲ ਨਾਲ ਡਾਕਟਰ ਦੀ ਸਲਾਹ ਨਾਲ ਸਰੀਰਕ ਕਸਰਤ ਕਰਨੀ ਬੇਹੱਦ ਜਰੂਰੀ ਹੈ। ਸੋਨੀਆ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਾਰਿਆਂ ਨੂੰ ਖੁਰਾਕ ਦੀ ਸਹੀ ਚੋਣ ਕਰਨ ਦੀ ਸਲਾਹ ਦਿੱਤੀ ਤੇ ਤਲੀਆਂ ਤੇ ਜ਼ਿਆਦਾ ਮਿੱਠੇ ਵਾਲੀਆਂ ਵਸਤੂਆਂ ਤੋਂ ਪ੍ਰਹੇਜ ਕਰਨ ਦੀ ਸਲਾਹ ਦਿੱਤੀ।
ਮਹਿੰਦਰ ਸਿੰਘ ਮੋਹੀ ਨੇ ਵੀ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਲੋੜੀਂਦੀ ਸਰੀਰਕ ਕਸਰਤ ਤੇ ਰੋਜ਼ਾਨਾ ਨਿਸਚਿਤ ਕਦਮ ਪੈਦਲ ਤੁਰਨ ਨਾਲ, ਤੇ ਰਾਤ ਨੂੰ ਬੇਫਿਕਰ ਗੂੜੀ ਨੀਂਦ ਤੇ ਚੰਗੇ ਤਰਕ ਭਰਪੂਰ ਵਿਚਾਰ ਅਪਨਾਉਣ ਨਾਲ ਇਸ ਬਿਮਾਰੀ ਨੂੰ ਹੁਣ ਤਕ ਦੂਰ ਰੱਖਣ ਵਿੱਚ ਮੱਦਦ ਮਿਲੀ ਹੈ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਅਜਿਹੇ ਸਿਖਿਆਦਾਇਕ ਤੇ ਸਰੀਰਕ ਅਰੋਗਤਾ ਵਲ ਨੂੰ ਸੇਧ ਦੇਣ ਵਾਲੇ ਸੈਮੀਨਾਰ ਹੋਰ ਵੀ ਵੱਡੀ ਗਿਣਤੀ ਵਿੱਚ ਕਰਵਾਏ ਜਾਣਗੇ।
ਸਾਰਾ ਸਮਾਂ ਪ੍ਰੀਤਮ ਸਿੰਘ ਸਰਾਂ ਨੋ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਈ। ਅੰਤ ਵਿੱਚ ਹਰਪਿੰਦਰ ਸਿੰਘ ਗਦਰੀ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਸਿਹਤਮੰਦ ਤੇ ਮਿਠਾਸ ਰਹਿਤ ਭੋਜਨ ਨੂੰ ਸਵਾਦ ਨਾਲ ਛਕਣ ਦੀ ਬੇਨਤੀ ਕੀਤੀ। ਸੂਰਜ ਛਿਪਣ ਦੇ ਨਾਲ ਹੀ ਮੌਸਮ ਦਾ ਰੰਗ ਬਦਲਣ ਲਗਿਆ, ਠੰਡੀ ਸ਼ੀਤ ਹਵਾ ਕਣੀਆ ਦੀ ਹਲਕੀ ਭੂਰ ਵੀ ਨਾਲ ਲੈ ਆਈ। ਪਰ ਸੀਨੀਅਰਜ ਇਸ ਦੀ ਪ੍ਰਵਾਹ ਕੀਤੇ ਬਗੈਰ, ਨਿਵੇਕਲੀ ਕਿਸਮ ਦੇ ਸਿਹਤ ਲਈ ਗੁਣਕਾਰੀ ਭੋਜਨ ਦੀਆ ਪਲੇਟਾਂ ਭਰੀ, ਸੈਮੀਨਾਰ ਦੀਆ ਨਵੀਆਂ ਮਿਲੀਆਂ ਜਾਣਕਾਰੀਆਂ ਨੂੰ ਆਪਦੇ ‘ਤੇ ਲਾਗੂ ਕਰਨ ਦੀਆਂ ਸੌਹਾਂ ਖਾ ਰਹੇ ਸਨ। ਇਸ ਸੈਮੀਨਾਰ ਨੂੰ ਕਾਮਯਾਬ ਕਰਨ ਲਈ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨੂੰ ਸਹਿਯੋਗ ਦੇਣ ਵਿੱਚ ਹੋਮ ਸਟਡ ਸੀਨੀਅਰਜ ਕਲੱਬ ਦੇ ਪ੍ਰਧਾਨ ਖਜਾਨ ਸਿੰਘ ਮਾਂਗਟ, ਕੈਸ਼ੀਅਰ ਦਰਸ਼ਨ ਸਿੰਘ ਦਿਓਲ ਉਪ ਪ੍ਰਧਾਨ ਕੁਲਵੰਤ ਸਿੰਘ ਕੈਲੇ, ਸਕੱਤਰ ਨਛੱਤਰ ਸਿੰਘ, ਡਾਇਰੈਕਟਰ ਕੁਲਵਿੰਦਰ ਸਿੰਘ ਦਿਓਲ ਤੇ ਹਰਪਿੰਦਰ ਸਿੰਘ ਗਦਰੀ ਦਾ ਮੁੱਖ ਯੋਗਦਾਨ ਰਿਹਾ।
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਸੀਨੀਅਰਜ਼ ਦੀ ਸਰੀਰਕ ਤੇ ਮਾਨਸਿਕ ਅਰੋਗਤਾ ਨੂੰ ਬਰਕਰਾਰ ਰੱਖਣ ਲਈ, ਵੱਖ-ਵੱਖ ਵਿਸ਼ੇ ਦੇ ਮਾਹਿਰ ਪ੍ਰੋਫੈਸ਼ਨਲਜ਼ ਵਲੋਂ ਸੈਮੀਨਾਰ ਕਰਨ ਦੀ ਲੜੀ ਬੇਰੋਕ ਜਾਰੀ ਹੈ। ਜੰਗੀਰ ਸਿੰਘ ਸੈਂਬੀ ਦੀ ਅਗਵਾਈ ਵਿੱਚ ਅਤੇ ਸਾਰੇ ਅਗਜ਼ੈਕਟਿਵ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਬਰੈਂਪਟਨ ਦੇ ਲਗਭਗ ਸਾਰੇ ਖੇਤਰਾਂ ਵਿੱਚ ਹੋ ਰਹੇ ਇਹਨਾਂ ਸਮਾਗਮਾਂ ਨੂੰ ਸੀਨੀਅਰਜ਼ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਪਿਛਲੇ ਸ਼ਨਿਚਰਵਾਰ ਨੂੰ ਸੂਸਨ ਫੈਨਲ ਸਪੋਰਟਸ ਪਲੈਕਸ ਵਿੱਚ ਸੀਨੀਅਰਜ਼ ਨਾਲ, ਜੁਰਮ ਦੀ ਹਦ ਤੱਕ ਦੁਰਵਿਵਹਾਰ ਤੇ ਇਸਦੀ ਰੋਕਥਾਮ ਦੇ ਮਹੱਤਵਪੂਰਣ ਵਿਸ਼ੇ ‘ਤੇ ਸਫਲ ਸੈਮੀਨਾਰ ਹੋਇਆ। ਪੁਲਿਸ ਅਫਸਰ ਸਟੀਵ ਫੋਸਟਰ ਜੋ ਆਪਣੇ ਡਿਪਾਰਟਮੈਂਟ ਵਿੱਚ ਇਸ ਵਿਸ਼ੇ ਦੇ ਪ੍ਰਮੁੱਖ ਇੰਚਾਰਜ ਹਨ, ਨੇ ਭਾਸ਼ਾ ਤੇ ਟਰਾਂਸਲੇਸ਼ਨ ਦੀ ਮੁਸ਼ਕਿਲ ਕਾਰਨ, ਪੰਜਾਬੀ ਭਾਸ਼ਾ ‘ਚ ਨਿਪੁੰਨ ਪੁਲਿਸ ਅਫਸਰ ਲਵਜੀਤ ਸਿੰਘ ਬੈਂਸ ਨੂੰ ਗਾਈਡ ਲਾਈਨ ਦੇ ਕੇ ਸੈਮੀਨਾਰ ਵਿੱਚ ਸੀਨੀਅਰਜ ਦੀ ਇਸ ਸਮੱਸਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਨਿਯੁਕਤ ਕੀਤਾ। ਸਭ ਤੋਂ ਪਹਿਲਾ ਪ੍ਰੋ. ਨਿਰਮਲ ਸਿੰਘ ਧਾਰਨੀ ਨੇ ਆਪਣੇ ਤਜਰਬੇ ‘ਚੋਂ ਸੀਨੀਅਰਜ਼ ਨੂੰ ਇਕੱਲਤਾ ਨੂੰ ਦੂਰ ਕਰਨ ਤੇ ਡਿਪ੍ਰੈਸ਼ਨ ਤੋਂ ਬਚਣ ਲਈ ਚੰਗੇ ਸੂਝਵਾਨ ਲਿਖਾਰੀਆਂ ਦੀਆਂ ਸਹਿਤਕ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ। ਹਰਚੰਦ ਸਿੰਘ ਬਾਸੀ ਨੇ ਸੀਨੀਅਰਜ਼ ਨੂੰ ਹਾਂ-ਪੱਖੀ ਸੋਚ ਅਪਣਾਉਣ ਤੇ ਘਰਾਂ ‘ਚੋਂ ਬਾਹਰ ਨਿਕਲ ਕੇ ਸਰੀਰਕ ਤੇ ਮਾਨਸਿਕ ਤੌਰ ‘ਤੇ ਸਰਗਰਮ ਰਹਿਣ ਦੀ ਪਰੇਰਨਾਂ ਦਿੱਤੀ। ਇਸ ਤੋਂ ਪਿਛੋਂ ਮਹਿੰਦਰ ਸਿੰਘ ਮੋਹੀ ਜੋ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਸਨ, ਨੇ ਸੀਨੀਅਰਜ਼ ਨੂੰ ਪਾਰਕਾਂ ਤੇ ਹੋਰ ਪਬਲਿਕ ਥਾਵਾਂ ‘ਤੇ ਵਿਚਾਰ ਵਟਾਂਦਰਾ ਤਰਕ ਤੇ ਦਲੀਲ ਨਾਲ ਕਰਦਿਆਂ, ਦੂਜੇ ਦੇ ਵਿਚਾਰ ਵੀ ਧਿਆਨ ਨਾਲ ਸੁਣ ਕੇ, ਉਸਾਰੂ ਬਹਿਸ ਨਾਲ, ਆਮ ਸਹਿਮਤੀ ਵਾਲੇ ਫੈਸਲੇ ਕਰਨ ਵਾਲੇ ਪਾਸੇ ਤੁਰਨ ਲਈ ਕਿਹਾ। ਅਖੀਰ ਵਿੱਚ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪੁਲਿਸ ਅਫਸਰ ਲਵਜੀਤ ਸਿੰਘ ਬੈਂਸ ਦੀ ਬਾਰੀ ਆਈ, ਜਿਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੀਨੀਅਰਜ਼ ਉਤਸੁਕਤਾ ਨਾਲ ਉਡੀਕ ਰਹੇ ਸਨ। ਉਹਨਾਂ ਨੇ ਲੱਗਭਗ ਡੇਢ ਘੰਟਾ ਸੀਨੀਅਰਜ਼ ਨਾਲ ਬਦਸਲੂਕੀ, ਫਰਾਡ, ਸਰੀਰਕ ਤੇ ਮਾਨਸਿਕ ਤਸ਼ੱਦਦ ਬਾਰੇ ਆਪਣੇ ਡਿਪਾਰਟਮੈਂਟ ਵਿਚੋਂ ਉਦਾਹਰਣਾਂ ਦੇ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੀ ਇਸ ਗੰਭੀਰ ਸਮੱਸਿਆ ਬਾਰੇ ਪੇਸ਼ਕਾਰੀ ਸਚਮੁੱਚ ਕਮਾਲ ਦੀ ਸੀ ਜੋ ਇਕ ਤਰ੍ਹਾਂ ਨਾਲ ਸਰੋਤਿਆਂ ਨਾਲ ਸੰਵਾਦ ਰਚਾਉਣ ਵਾਂਗ ਸੀ। ਉਹਨਾਂ ਨੇ ਐਮਰਜੈਂਸੀ ਕਾਲ ਦੀ ਵਿਆਖਿਆ ਕਰਦਿਆਂ 911 ‘ਤੇ ਕਾਲ ਕਰਨ ਜਾਂ ਨਾ ਕਰਨ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ। ਉਹਨਾਂ ਨੇ ਸੀਨੀਅਰਜ਼ ਵਲੋਂ ਆਪਣੇ ਸ਼ੰਕੇ ਦੂਰ ਕਰਨ ਲਈ ਪੁੱਛੇ ਪ੍ਰਸ਼ਨਾਂ ਦੇ ਵਿਸਥਾਰ ਨਾਲ ਉਤਰ ਦੇ ਕੇ ਹਰ ਇਕ ਨੂੰ ਸੰਤੁਸ਼ਟ ਕੀਤਾ। ਇਸ ਤੋ ਇਲਾਵਾ ਆਰਥਿਕ ਅਪਰਾਧੀਆਂ ਵਲੋਂ ਫੋਨ ਰਾਹੀਂ ਫਰਾਡ ਕਰਨ ਤੋਂ ਬਚਣ ਲਈ ਨੁਕਤੇ ਸਾਂਝੇ ਕੀਤੇ। ਅਖੀਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਵਲੋਂ ਇਸ ਸੀਜਨ ਦੇ ਇਸ ਆਖਰੀ ਸੈਮੀਨਾਰ ਵਿੱਚ ਪਹੁੰਚਣ ‘ਤੇ ਸਾਰੀਆਂ ਸੀਨੀਅਰ ਕਲੱਬਾਂ ਦੇ ਸਮੂਹ ਪ੍ਰਧਾਨਾਂ, ਤੇ ਖਾਸਕਰ ਇਥੋਂ ਦੀ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਤੇ ਹੋਰ ਅਹੁਦੇਦਾਰਾਂ ਸਮੇਤ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ। ਸੁਆਦਲੇ ਪਰ ਬਿਨਾ ਤਲੇ, ਮਿਠਾਸ ਰਹਿਤ, ਹੈਲਥੀ ਭੋਜਨ ਦਾ ਅਨੰਦ ਮਾਣ ਰਹੇ ਸੀਨੀਅਰਜ਼, ਪ੍ਰਬੰਧਕਾਂ ਨੂੰ ਇਸ ਗਿਆਨ ਭਰਪੂਰ ਸੈਮੀਨਾਰ ਦਾ ਆਯੋਜਨ ਕਰਨ ਤੇ ਵਾਰ-ਵਾਰ ਵਧਾਈ ਦੇ ਰਹੇ ਸਨ। ਸੈਮੀਨਾਰ ਨੂੰ ਕਾਮਯਾਬ ਕਰਨ ਲਈ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ, ਉਪ ਪ੍ਰਧਾਨ ਰਣਜੀਤ ਸਿੰਘ ਤਗੜ, ਕੈਸ਼ੀਅਰ ਅਮਰੀਕ ਸਿੰਘ ਕੁਮਰੀਆ, ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ ਮੋਹੀ ਤੇ ਡਾਇਰੈਕਟਰ ਇਕਬਾਲ ਸਿੰਘ ਵਿਰਕ ਲਗਾਤਾਰ ਹਾਜ਼ਰ ਰਹੇ।