Home / ਕੈਨੇਡਾ / ਬਰੈਂਪਟਨ ‘ਚ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਸਿਖਰਾਂ ‘ਤੇ

ਬਰੈਂਪਟਨ ‘ਚ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਸਿਖਰਾਂ ‘ਤੇ

ਆਪ ਮੁਹਾਰੇ ਸਹਿਯੋਗ ਲਈ ਕਮਿਊਨਿਟੀ, ਮੀਡੀਆ ਅਤੇ ਸੰਸਥਾਵਾਂ ਦਾ ਕੀਤਾ ਧੰਨਵਾਦ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਹੋਣ ਵਾਲੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਬੁਲੰਦੀ ਉਪਰ ਪੁੱਜੀ ਹੋਈ ਜਾਪਦੀ ਹੈ ਅਤੇ ਭਾਈਚਾਰੇ ਵਲੋਂ ਉਨ੍ਹਾਂ ਦਾ ਆਪ ਮੁਹਾਰੇ ਸਾਥ ਦਿੱਤਾ ਜਾਣਾ ਜਾਰੀ ਹੈ। ਬੀਤੇ ਦਿਨੀਂ ਜੌਹਲ ਨੇ ਚੋਣ ਪ੍ਰਚਾਰ ਦੌਰਾਨ ਵਾਰਡ 9 ਅਤੇ 10 ਵਿੱਚ ਵੱਖ-ਵੱਖ ਭਾਈਚਾਰਿਆਂ ਦੀਆਂ ਚੋਣ ਰੈਲੀਆਂ ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਭਰਵਾਂ ਸਾਥ ਦੇਣ ਲਈ ਕਮਿਊਨਿਟੀ, ਸੰਸਥਾਵਾਂ, ਆਗੂਆਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਲੋਕਾਂ ਦੀਆਂ ਵਿਦਿਅਕ ਸਿਸਟਮ ਅਤੇ ਸਕੂਲਾਂ ਨਾਲ ਸਬੰਧਿਤ ਮੁਸ਼ਕਿਲਾਂ ਸੁਣ ਕੇ ਆਪਣੇ ਚੋਣ ਮਨੋਰਥ ਪੱਤਰ ਨੂੰ ਆਖਰੀ ਰੂਪ ਦਿੱਤਾ ਸੀ ਜਿਸ ਕਰਕੇ ਲੋਕਾਂ ਦਾ ਮੰਨਣਾ ਹੈ ਕਿ ਸਤਪਾਲ ਸਿੰਘ ਜੌਹਲ ਦਾ ਸਾਥ ਦੇਣਾ ਸਮੇਂ ਦੀ ਲੋੜ ਹੈ। ਇਹ ਵੀ ਕਿ ਬੀਤੇ ਸਮੇਂ ਵਿੱਚ ਜੌਹਲ ਵਲੋਂ ਕਮਿਊਨਿਟੀ ਦੇ ਹਿੱਤ ਵਿੱਚ ਕੀਤੇ ਗਏ ਕਾਰਜਾਂ ਅਤੇ ਕੱਢੇ ਗਏ ਉਸਾਰੂ ਸਿੱਟਿਆਂ ਤੋਂ ਵੀ ਲੋਕ ਪ੍ਰਭਾਵਿਤ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਕਮਿਊਨਿਟੀ ਵੀ ਆਪਣਾ ਫਰਜ਼ ਸਮਝਦੇ ਹੋਏ ਸਤਪਾਲ ਸਿੰਘ ਜੌਹਲ ਦੇ ਨਾਲ਼ ਹੈ।
ਮਿਲੀ ਜਾਣਕਾਰੀ ਅਨੁਸਾਰ 24 ਅਕਤੂਬਰ ਨੂੰ ਪੋਲਿੰਗ ਸਟੇਸ਼ਨ ਸਵੇਰੇ 10 ਵਜੇ ਖੁੱਲ੍ਹ ਜਾਣਗੇ ਅਤੇ ਰਾਤ 8 ਵਜੇ ਤੱਕ ਵੋਟਾਂ ਪਾਈਆਂ ਜਾ ਸਕਦੀਆਂ ਹਨ। ਪੰਜ ਦਿਨਾਂ ਦੀ ਐਡਵਾਂਸ ਪੋਲਿੰਗ ਦੌਰਾਨ ਵਾਰਡ 9 ਅਤੇ 10 ਵਿੱਚ 5800 ਤੋਂ ਵੱਧ ਵੋਟਾਂ ਪੋਲ ਹੋ ਚੁੱਕੀਆਂ ਹਨ ਪਰ ਪਬਲਿਕ ਸਕੂਲ ਬੋਰਡ ਵਾਸਤੇ ਅਜੇ ਵੀ ਲੱਗਭੱਗ 60,000 ਰਜਿਸਟਰਡ ਵੋਟਰ ਵੋਟ ਪਾ ਸਕਦੇ ਹਨ ਜਿਨ੍ਹਾਂ ਕੋਲ਼ 24 ਅਕਤੂਬਰ ਨੂੰ ਮੌਕਾ ਹੋਵੇਗਾ। ਜੌਹਲ ਨੇ ਕਿਹਾ ਕਿ ਚੋਣ ਵਿੱਚ ਸਫਲਤਾ ਮਿਲਣ ਤੋਂ ਬਾਅਦ ਸਕੂਲ ਟਰੱਸਟੀ ਵਜੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਉਨ੍ਹਾਂ ਦਾ ਜੀਵਨ ਸੌਖਾ ਕਰਨ ਲਈ ਨਿੱਠ ਕੇ ਕੰਮ ਕੀਤਾ ਜਾਵੇਗਾ।

Check Also

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …