ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਸਾਲ ਦੀ ਪਹਿਲੀ ਮੀਟਿੰਗ ‘ਸ਼ੇਰਗਿੱਲ ਲਾਅ ਆਫ਼ਿਸ’ ਦੇ ਮੀਟਿੰਗ ਹਾਲ ਵਿਚ ਲੰਘੇ ਐਤਵਾਰ 27 ਜਨਵਰੀ ਨੂੰ ਹੋਈ। ਮੀਟਿੰਗ ਦਾ ਮੁੱਖ ਏਜੰਡਾ ਉੱਘੇ ਪੰਜਾਬੀ ਲੇਖਕ ਸਾਥੀ ਲੁਧਿਆਣਵੀ ਨੂੰ ਯਾਦ ਕਰਨਾ ਸੀ ਜੋ ਪਿਛਲੇ ਦਿਨੀਂ ਪੰਜਾਬੀ ਸਾਹਿਤ ਨੂੰ ਅਚਾਨਕ ਵਿਛੋੜਾ ਦੇ ਗਏ ਹਨ। ਡਾ.ਅਮਰਜੀਤ ਘੁੰਮਣ, ਬਲਰਾਜ ਚੀਮਾ ਤੇ ਪੂਰਨ ਪਾਂਧੀ ਦੀ ਪ੍ਰਧਾਨਗੀ ਹੇਠ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਨੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਰਸਮੀ ਸੁਆਗਤ ਲਈ ਕਿਹਾ ਜਿਨ੍ਹਾਂ ਨੇ ਬੜੇ ਖ਼ੂਬਸੂਰਤ ਸ਼ਬਦਾਂ ਨਾਲ ਸਾਰਿਆਂ ਨੂੰ ‘ਜੀ ਆਇਆਂ’ ਕਿਹਾ। ਇਸ ਦੇ ਨਾਲ ਹੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਕਵੀ ਤੇ ਵਾਰਤਕ ਲੇਖਕ ਸਾਥੀ ਲੁਧਿਆਣਵੀ ਅਤੇ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਉਪਰੰਤ, ਕੁਲਜੀਤ ਮਾਨ ਨੇ ਸਾਥੀ ਜੀ ਬਾਰੇ ਆਪਣੇ ਭਾਵ-ਪੂਰਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੀਵਨ ਵਿਚ ‘ਹਾਂ-ਪੱਖ’ ਅਸੀਂ ਇਕੱਲੇ ਨਹੀਂ ਉਸਾਰ ਸਕਦੇ, ਕਿਉਂਕਿ ਇਹ ਇਕ ਫ਼ੈਸਲਾ ਹੁੰਦਾ ਹੈ ਜਿਸ ਵਿਚ ਅਸੀਂ ਤੁਸੀਂ ਇਕੱਲੇ ਨਹੀਂ ਹੁੰਦੇ। ਭਾਵਨਾਵਾਂ ਪਿਆਰ ਨਹੀਂ ਹੁੰਦੀਆਂ ਜਦ ਕਿ ਇਹ ਪਿਆਰ ਪੈਦਾ ਕਰਨ ਵਿਚ ਸਹਾਈ ਜ਼ਰੂਰ ਹੁੰਦੀਆਂ ਹਨ। ਭਾਵਨਾਵਾਂ ਤਾਂ ਇਕ ਵੇਲ ਵਾਂਗ ਹਨ ਜਿਸ ਨੇ ਵੱਧਣਾ ਫੁੱਲਣਾ ਹੁੰਦਾ ਹੈ ਤੇ ਜੋ ਵੱਧਦਾ ਹੈ ਉਸਨੇ ਇਕ ਦਿਨ ਪੂਰਾ ਵਧ ਜਾਣਾ ਹੈ। ਇਹ ਵੇਖਣਾ ਪਵੇਗਾ ਕਿ ਇਹ ਵੇਲ ਕਿਤੇ ਗਮਲੇ ਵਿਚ ਤਾਂ ਨਹੀ ਲੱਗੀ ਹੋਈ? ਉਨ੍ਹਾਂ ਦੱਸਿਆ ਕਿ ਸਾਥੀ ਲੁਧਿਆਣਵੀ ਦੀ ਜ਼ਮੀਨ ਬਹੁਤ ਵਿਸ਼ਾਲ ਸੀ ਅਤੇ ਇਹੋ ਕਾਰਣ ਹੈ ਕਿ ਸਾਨੂੰ ਉਨ੍ਹਾਂ ਦੀ ਦੇਣ ਨੂੰ ਅਪਨਾਉਣ ਦੀ ਲੋੜ ਹੈ।
ਸਾਡਾ ਵਰਤਮਾਨ, ਨੈਤਿਕਤਾ ਪੱਖੋਂ ਕਾਫ਼ੀ ਪਛੜ ਗਿਆ ਹੈ ਅਤੇ ਅਸੀਂ ਅਕਸਰ ਹੋਈਆਂ ਬੀਤੀਆਂ ਗੱਲਾਂ, ਘਟਨਾਵਾਂ ਤੇ ਸਭਿਆਚਾਰਕ ਕਦਰਾਂ-ਕੀਮਤਾਂ ਦੀ ਹੀ ਗੱਲ ਕਰਦੇ ਹਾਂ। ਅੱਜ ਇਨਸਾਨ ਨਾਲੋਂ ਵਸਤੂ ਦੀ ਚੜ੍ਹਤ ਹੋ ਗਈ ਹੈ ਅਤੇ ਇਹ ਨਾਂਹ-ਪੱਖੀ ਵਰਤਾਰਾ ਸਾਡੇ ਸਾਰੇ ਸਮਾਜ ਨੂੰ ਹੀ ਖੋਰਾ ਲਾ ਰਿਹਾ ਹੈ। ਇਸ ਪੱਖੋਂ ਸਾਥੀ ਜੀ ਦੀ ਜੀਵਨ-ਜਾਚ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਇਹ ਉਹ ਸ਼ਾਰ-ਅੰਸ਼ ਸੀ ਜੋ ਤਕਰੀਬਨ ਹਰ ਵਕਤੇ ਨੇ ਹੀ ਸਾਂਝਾ ਕੀਤਾ। ਸੁਰਜੀਤ ਕੌਰ ਨੇ ਇਸ ਨਾਲ ਸਬੰਧਿਤ ਆਪਣੀ ਕਵਿਤਾ ‘ਵਰਤਮਾਨ ਵਿਚ ਰਹਿੰਦਾ ਬੰਦਾ ਹੀ ਖੁਸ਼ ਰਹਿ ਸਕਦਾ ਹੈ’ ਪੇਸ਼ ਕੀਤੀ। ਕੁਲਜੀਤ ਜੰਜੂਆ ਨੇ ਸਾਥੀ ਜੀ ਦੀ ਕਵਿਤਾ ‘ਇਨਸਾਨ ਵਿਚੋਂ ਇਨਸਾਨ ਮਨਫ਼ੀ ਹੋ ਗਿਆ’ ਤਰੰਨਮ ਵਿਚ ਪੇਸ਼ ਕੀਤੀ। ਜਗਮੋਹਨ ਸਿੰਘ ਸੰਘਾ ਨੇ ਇੰਗਲੈਂਡ ਰਹਿੰਦਿਆਂ ਸਾਥੀ ਜੀ ਨਾਲ ਬਿਤਾਏ ਪਲਾਂ ਦੀ ਯਾਦ ਬੜੇ ਭਾਵਕ ਸ਼ਬਦਾਂ ਨਾਲ ਬਿਆਨ ਕੀਤੀ। ਸੁੰਦਰਪਾਲ ਰਾਜਾਸਾਂਸੀ ਨੇ ਆਪਣੀ ਕਵਿਤਾ ਰਾਹੀਂ ਸਾਥੀ ਲੁਧਿਆਣਵੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਕਬਾਲ ਬਰਾੜ ਨੇ ਆਪਣੇ ਕਰੀਬੀ ਦੋਸਤ ਸਾਥੀ ਜੀ ਨਾਲ ਆਪਣੀਆਂ ਮਿਲਣੀਆਂ, ਫੋਨ-ਸੰਦੇਸ਼ਾਂ ਤੇ ਉਸ ਖੁਸ਼ਬੋ ਦੀ ਗੱਲ ਕੀਤੀ ਜੋ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਮਹਿਸੂਸ ਕੀਤੀ ਅਤੇ ਜਿਸ ਦੀ ਅੱਜ ਸਮਾਜ ਨੂੰ ਡਾਹਡੀ ਲੋੜ ਹੈ। ਗਿਆਨ ਸਿੰਘ ਦਰਦੀ ਨੇ ਆਪਣੇ ਜਾਤੀ ਵਿਰਾਗ ਦੀ ਗੱਲ ਕਰਦਿਆਂ ਗਜ਼ਲ ਪੇਸ਼ ਕੀਤੀ। ਛੋਟੀ ਉਮਰ ਦੀ ਕਵਿੱਤਰੀ ਗੁਰਅੰਜਨ ਕੌਰ ਜੋ ਮੀਟਿੰਗ ਵਿਚ ਹਾਜ਼ਰੀ ਵਾਸਤੇ ਏਜੈਕਸ ਤੋਂ ਉਚੇਚੇ ਆਉਂਦੇ ਹਨ, ਨੇ ਆਪਣੀ ਨਵੀ ਨਜ਼ਮ ਸਾਂਝੀ ਕੀਤੀ। ਹਰਦਿਆਲ ਸਿੰਘ ਝੀਤਾ ਨੇ ਅਜੋਕੇ ਮਨੁੱਖੀ ਤਣਾਅ ਦੀ ਗੱਲ ਕਰਦਿਆਂ ਆਪਣੀ ਕਵਿਤਾ ਪੇਸ਼ ਕੀਤੀ। ਹਰਜਸਪ੍ਰੀਤ ਕੌਰ ਗਿੱਲ ਨੇ ਬੜੇ ਭਾਵਕ ਹੋ ਕੇ ਕਿਹਾ ਕਿ ਲੇਖਕ ਦੀ ਲੇਖਣੀ ਤੇ ਉਸਦੀ ਜੀਵਨ-ਜਾਚ ਵਿਚ ਅੰਤਰ ਨਹੀ ਹੋਣਾ ਚਾਹੀਦਾ ਅਤੇ ਉਸ ਦੀ ਛਵੀ, ਸਮਾਜ ‘ਤੇ ਡੂੰਘਾ ਅਸਰ ਪਾਉਂਦੀ ਹੈ।
ਸਤਿਕਾਰਤ ਪੂਰਨ ਸਿੰਘ ਪਾਂਧੀ ਜੀ ਦੀ ਸਾਂਝ, ਸਾਥੀ ਜੀ ਨਾਲ ਬੇਸ਼ਕ ਨਿੱਜੀ ਸੀ ਪਰ ਉਨ੍ਹਾਂ ਨੇ ਨਿੱਜ ਤੋਂ ਉੱਪਰ ਉੱਠ ਕੇ ਸਾਥੀ ਜੀ ਦੀ ਸਮਾਜ ਨੂੰ ਬੜੇ ਭਾਵ-ਪੂਰਤ ਸ਼ਬਦਾਂ ਵਿਚ ਬਿਆਨਿਆ। ਉਨ੍ਹਾਂ ਨੇ ਗੁਰਬਖ਼ਸ਼ ਸਿੰਘ ‘ਕਾਲਾ ਅਫ਼ਗਾਨਾ’ ਜੋ ਪਿਛਲੇ ਦਿਨੀ ਵਿਛੋੜਾ ਦੇ ਗਏ ਹਨ, ਦੀ ਸਿੱਖੀ ਨੂੰ ਦੇਣ ਬਾਰੇ ਵੀ ਵਿਸਤਾਰ ਨਾਲ ਗੱਲ ਕੀਤੀ। ਅਖ਼ੀਰ ਵਿਚ ਬਲਰਾਜ ਚੀਮਾ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਮੀਟਿੰਗ ਦੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ। ਇਸ ਦੌਰਾਨ ਰਮਿੰਦਰ ਵਾਲੀਆ ਨੇ ਸਮੁੱਚੀ ਕਾਰਵਾਈ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …