ਟੋ਼ਰਾਂਟੋ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਸਤੰਬਰ ਮਹੀਨੇ ਦੀ ਮੀਟਿੰਗ ਜ਼ੂਮ ਮਾਧਿਅਮ ਰਾਹੀਂ ਬਹੁਤ ਹੀ ਭਾਵਪੂਰਤ ਰਹੀ। ਇਸ ਮੀਟਿੰਗ ਵਿੱਚ ਜਿੱਥੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖਿਲਾਫ ਭਰਪੂਰ ਗੱਲਬਾਤ ਹੋਈ ਓਥੇ ‘ਸ਼ਾਇਰੀ: ਸਿਰਜਣਾ ਅਤੇ ਸਰੋਤ’ ਅਤੇ ਕਵਿਤਾ ਦੇ ਮਿਆਰ ‘ਤੇ ਵੀ ਲੰਮੀਂ ਗੱਲਬਾਤ ਕੀਤੀ ਗਈ। ਕਿਸਾਨ ਮਸਲੇ ‘ਤੇ ਕੁਲਵਿੰਦਰ ਖਹਿਰਾ ਨੇ ਕਾਫਲੇ ਵੱਲੋਂ ਬਿਆਨ ਸਾਂਝਾ ਕਰਦਿਆਂ ਕਿਹਾ ਕਿ ઠਸਰਕਾਰ ਵੱਲੋਂ ਪੇਸ਼ ਕੀਤੇ ਗਏ ਇਹ ਆਰਡੀਨੈਂਸ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਹੋਰ ਵੀ ਮੌਤ ਦੇ ਮੂੰਹ ਵਿੱਚ ਧੱਕਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਰੋਨਾ ਦੀ ਆੜ ਹੇਠ ਸਭ ਕੁਝ ਨਿੱਜੀ ਅਦਾਰਿਆਂ ਦੇ ਹੱਥ ਦੇਣ ਦੀਆਂ ਚਾਲਾਂ ਚੱਲੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਸਤਾਏ ਹੋਏ ਕਿਸਾਨ ਮੌਤ ਦੀ ਪਰਵਾਹ ਨਾ ਕਰਦੇ ਹੋਏ ਸੜਕਾਂ ‘ਤੇ ਆ ਗਏ ਨੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਲਈ ਇਹ ਬਿੱਲ ਜ਼ਿੰਦਗੀ-ਮੌਤ ਦਾ ਸਵਾਲ ਨੇ। ਉਨ੍ਹਾਂ ਕਿਹਾ ਕਿ ਲੇਖਕ ਦਾ ਕੰਮ ਬਿਹਤਰ ਸਮਾਜ ਦੀ ਸਿਰਜਣਾ ਲਈ ਲਿਖਣਾ ਅਤੇ ਸਮਾਜ ਨੂੰ ਸੇਧ ਦੇਣਾ ਹੁੰਦਾ ਹੈ ਅਤੇ ਇਨ੍ਹਾਂ ਹੀ ਅਸੂਲਾਂ ਦੇ ਆਧਾਰ ‘ਤੇ ਹੋਂਦ ਵਿਚ ਆਇਆ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਅੱਜ ਭਾਰਤ ਦੇ ਕਿਸਾਨਾਂ ਦੀ ਜੰਗ ਵਿੱਚ ਉਨ੍ਹਾਂ ਦਾ ਸਮਰਥਨ ਕਰਦਾ ਹੋਇਆ ਆਪਣਾ ਫ਼ਰਜ਼ ਨਿਭਾਉਣ ਦਾ ਅਹਿਦ ਕਰਦਾ ਹੈ। ਪਰਮਜੀਤ ਦਿਓਲ ਨੇ ਕਿਹਾ ਕਿ ਇਹ ਬਿੱਲ ਕਰੋਨਾ ਬਿਮਾਰੀ ਤੋਂ ਵੀ ਭੈੜਾ ਹੈ ਕਿਉਂਕਿ ਕਰੋਨਾ ਬਿਮਾਰੀ ਤੋਂ ਤਾਂ ਬਚਿਆ ਜਾ ਸਕਦਾ ਹੈ ਪਰ ਇਸ ਬਿੱਲ ਨਾਲ਼ ਕਿਸਾਨ ਰੋਜ਼ ਮਰਨਗੇ। ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਇਹ ਆਰਡੀਨੈਂਸ ਤਿਆਰ ਕਰਦਿਆਂ ਸਰਕਾਰ ਵੱਲੋਂ ਕਿਸਾਨਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ ਹੈ ਤੇ ਉਨ੍ਹਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਾਈ ਗਈ। ਰਛਪਾਲ ਕੌਰ ਗਿੱਲ ਨੇ ਕੁੱਦੋਵਾਲ ਦੇ ਵਿਚਾਰਾਂ ਦੀ ਪਰੋੜ੍ਹਤਾ ਕੀਤੀ ਜਦਕਿ ਹਰਮੋਹਨ ਲਾਲ ਛਿੱਬੜ ਹੁਰਾਂ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਨੂੰ ਵੱਧ ਮੌਕੇ ਪ੍ਰਦਾਨ ਕਰਦਾ ਹੈ ਪਰ ਇਸ ਨੂੰ ਕਿਸਾਨਾਂ ਅੱਗੇ ਸਹੀ ਢੰਗ ਨਾਲ਼ ਪੇਸ਼ ਨਹੀਂ ਕੀਤਾ ਜਾ ਰਿਹਾ। ਕਮਲਜੀਤ ਢਿੱਲੋਂ ਨੇ ਕਿਹਾ ਕਿ ਸਾਨੂੰ ਇਸ ਮਸਲੇ ‘ਤੇ ਕੋਈ ਵਿਸ਼ੇਸ਼ ਸਮਾਗਮ ਉਲੀਕ ਕੇ ਇਸ ਮਸਲੇ ਨਾਲ਼ ਜੁੜੇ ਮਾਹਿਰਾਂ ਦੀ ਰਾਇ ਲੈ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਸਕੀਏ।
ਕਵਿਤਾ ਦੀ ਸਿਰਜਣਾ ਅਤੇ ਸਰੋਤ ਦੀ ਗੱਲ ਕਰਦਿਆਂ ਭੁਪਿੰਦਰ ਦੁਲੈ ਨੇ ਕਿਹਾ ਮਨੁੱਖ ਅੰਦਰ ਬਹੁਤ ਸਾਰੇ ਕਲਾਤਮਕ ਗੁਣ ਹਨ ਜਿਨ੍ਹਾਂ ਸਦਕਾ ਉਹ ਬਹੁਤ ਸਾਰੀਆਂ ਕਲਾਵਾਂ ਨੂੰ ਛੋਹ ਸਕਦਾ ਹੈ ਪਰ ਇਹ ਉਸਦੀ ਲਗਨ ਅਤੇ ਪ੍ਰਤੀਬੱਧਤਾ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕੁ ਡੂੰਘਾਈ ਤੱਕ ਜਾ ਸਕਦਾ ਹੈ। ਸਰੋਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਲੇਖਕ ਨੂੰ ਭਾਸ਼ਾ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਜਣਾ ਲਈ ਇੱਕ ਖਾਸ ਅਨੁਭਵ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿ ਅੱਜ ਦੇ ਸ਼ਾਇਰ ਦਾ ਦੁਖਾਂਤ ਹੀ ਇਹੋ ਹੈ ਕਿ ਉਹ ਪੜ੍ਹਦਾ ਬਿਲਕੁਲ ਨਹੀਂ ਹੈ। ਫੇਸਬੁੱਕੀ ਪ੍ਰਸੰਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਸਾਹਿਤ ਦੇ ਕੱਦ ਦਾ ਪ੍ਰਮਾਣ ਨਹੀਂ ਹੈ ਬਲਕਿ ਇਹ ਸਾਹਿਤ ਨੂੰ ਨਿਘਾਰ ਵੱਲ ਲਿਜਾ ਰਹੀ ਹੈ ਜਿਸ ਨਾਲ਼ ਅਸਾਹਿਤਕ ਲੋਕਾਂ ਦਾ ਬੋਲਬਾਲਾ ਵਧ ਰਿਹਾ ਹੈ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …