ਰਈਆ : ਪਿਛਲੇ ਇੱਕ ਸਾਲ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਉਪ ਮੰਡਲ ਬਾਬਾ ਬਕਾਲਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਤਿੰਨ ਨੌਜਵਾਨਾਂ ਸਬੰਧੀ ਇੱਕ ਸਾਲ ਲੰਘਣ ਪਿੱਛੋਂ ਵੀ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਇਹ ਨੌਜਵਾਨ ਦੁਬਈ ਤੋਂ ਸਾਊਦੀ ਅਰਬ ਤਕ ਟਰਾਲਾ ਚਲਾਉਂਦੇ ਸਨ। ਪੀੜਤ ਪਰਿਵਾਰਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਬੱਚਿਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬਲਜਿੰਦਰ ਸਿੰਘ (25) ਪੁੱਤਰ ਜਗਤਾਰ ਸਿੰਘ ਅਤੇ ਕਰਨੈਲ ਸਿੰਘ (37) ਪੁੱਤਰ ਸ਼ਿਵ ਸਿੰਘ ਦੋਵੇਂ ਵਾਸੀ ਗੱਗੜ ਭਾਣਾ ਅਤੇ ਅਮਨਦੀਪ ਸਿੰਘ (30) ਪੁੱਤਰ ਪਰਮਜੀਤ ਸਿੰਘ ਰਜਾਦੇਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨੇਂ ਨੌਜਵਾਨ 8 ਅਪਰੈਲ 2016 ਨੂੰ ਦੁਬਈ ਤੋਂ ਸਾਊਦੀ ਅਰਬ ਟਰਾਲੇ ਰਾਹੀਂ ਕੰਮ ‘ਤੇ ਜਾ ਰਹੇ ਸਨ ਕਿ ਸਾਊਦੀ ਅਰਬ ਦੀ ਪੁਲਿਸ ਨੇ ਵਾਪਸੀ ਮੌਕੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 12 ਅਪਰੈਲ ਨੂੰ ਤਿੰਨਾਂ ਨੂੰ ਕਥਿਤ ਤੌਰ ‘ਤੇ ਨਾਜਾਇਜ਼ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਨਹੀਂ ਮਿਲ ਰਹੀ। ਅਮਨਦੀਪ ਸਿੰਘ ਦਾ ਇੱਕ ਲੜਕਾ (ਢਾਈ ਸਾਲ) ਅਤੇ ਕਰਨੈਲ ਸਿੰਘ ਦੇ ਦੋ ਬੱਚੇ ਹਨ, ਜਦਕਿ ਬਲਜਿੰਦਰ ਸਿੰਘ ਅਜੇ ਕੁਆਰਾ ਹੈ