ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 3 ਅਗਸਤ 2019, ਦਿਨ ਸ਼ਨਿਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੁੱਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਸਵੇਰੇ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ ਸਵੇਰੇ 10 ਤੋਂ 11 ਵਜੇ ਤੱਕ ਪਾਈਆਂ ਜਾਣਗੀਆਂ, ਅਤੇ ਐਂਟਰੀ ਫੀਸ 10 ਡਾਲਰ ਹੋਵੇਗੀ। ਪ੍ਰੋਗਰਾਮ ਸਮੇਂ ਕਮੇਟੀ ਵਲੋਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਦੇ ਖੂੰਢਾਂ ਤੋਂ ਕੈਨੇਡਾ ਦੇ ਕਮਿਊਨਿਟੀ ਸੈਂਟਰਾਂ ਵਿਚਕਾਰ ਦੇ ਬਦਲ ਨੂੰ ਨਵੇਂ ਆਏ ਪੰਜਾਬੀ ਬਜ਼ੁਰਗ ਅਪਣੇ ਹੱਡੀਂ ਹੰਢਾਉਂਦੇ ਹਨ। ਬੇਸ਼ੱਕ ਸਾਰੇ ਸੰਗੀ ਸਾਥੀ ਜੋ ਉਹ ਛੱਡ ਕੇ ਆਏ ਹੁੰਦੇ ਹਨ, ਇਨ੍ਹਾਂ ਸੈਂਟਰਾਂ ਵਿਚ ਨਹੀਂ ਮਿਲਦੇ, ਪਰ ਸੀਨੀਅਰ ਕਲੱਬਾਂ ਵਿਚ ਰੱਲ ਮਿਲ ਉਹ, ਜਿਸ ਮੁਹੌਲ ਨੂੰ ਜੋ ਕਦੇ ਪੰਜਾਬ ਵਿਚ ਮਾਣਦੇ ਸੀ, ਸਿਰਜਣ ਲਈ ਅਪਣਾ ਪੂਰਾ ਤਾਣ ਲਾਉਂਦੇ ਹਨ। ਘਰ ਦੇ ਅਪਣੇ ਜਿੰਮੇ ਲੱਗੇ ਕੰਮਾਂ ਕਾਰਾਂ ਨੂੰ ਨਿਪਟਾ ਅਕਸਰ ਵੱਡੀ ਗਿਣਤੀ ਵਿਚ, ਬਜ਼ੁਰਗ, ਇਨ੍ਹਾਂ ਕਲੱਬਾਂ ਵਿਚ ਦੁਪਿਹਰ ਦਾ ਸਮਾਂ ਇਕੱਠੇ ਬੈਠ ਮਾਣਨ ਲਈ ਆਉਂਦੇ ਹਨ।
ਹੋਰ ਮਨੋਰੰਜਨ ਤੋਂ ਇਲਾਵਾ, ਤਾਸ਼ ਦੀ ਬਾਜ਼ੀ, ਬਹੁਤਿਆਂ ਦੇ ਮਨ ਪ੍ਰਚਾਵੇ ਦਾ ਸਾਧਨ ਬਣਦੀ ਹੈ ਅਤੇ ਕਈ ਉਸ ਵਿਚਲੀ ਮੁਹਾਰਤ ਵਿਚ ਮਾਣ ਮਹਿਸੂਸ ਕਰਦੇ ਹਨ। ਇਸੇ ਮੁਹਾਰਤ ਦੇ ਮੁਕਾਬਲੇ ਕਰਵਾਉਣ ਲਈ, ਵੱਖ ਵੱਖ ਕਲੱਬਾਂ ਵਲੋਂ ਹਰ ਸਾਲ ਗਰਮੀ ਦੇ ਦਿਨੀ ਤਾਸ਼ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਗੱਲ ਨੂੰ ਮੁੱਖ ਰਖਕੇ, ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਇਹ ਮੁਕਾਬਲੇ ਅਪਣੇ ਵੱਲੋਂ ਪੂਰੀ ਤਨ ਦੇਹੀ ਨਾਲ ਕਰਵਾਏ ਜਾ ਰਹੇ ਹਨ, ਤਾਂ ਜੋ ਇਸ ਵਿਚ ਸ਼ਾਮਿਲ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਪੂਰਾ ਮਨਪ੍ਰਚਾਵਾ ਕੀਤਾ ਜਾ ਸਕੇ।
ਇਸ ਸਮੇਂ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਜੇਤੂ ਖਿਡਾਰੀਆਂ ਨੂੰ ਚੰਗੇ ਇਨਾਮਾਂ ਦਾ ਇੰਤਜਾਮ ਵੀ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਦਸਦਿਆਂ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ, ਕਲੱਬ ਦੇ ਨਾਮਜਦ ਮੈਂਬਰ ਰੈਫਰੀਆਂ ਦੀ ਜਿਮੇਵਾਰੀ ਨਿਭਾਉਣਗੇ ਅਤੇ ਕਿਸੇ ਵਿਵਾਦ ਦੀ ਸੂਰਤ ਵਿਚ ਕਮੇਟੀ ਦਾ ਫੈਸਲਾ ਅੰਤਿਮ ਮੰਨਿਆਂ ਜਾਵੇਗਾ। ਇਸ ਕਲੱਬ ਬਾਰੇ ਜਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਰਣਜੀਤ ਸਿੰਘ ਜੋਸਨ (647 444 2005) ਜਾਂ ਨਗਿੰਦਰ ਸਿੰਘ (647 407 4308) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪਾਕਿਸਤਾਨੀ ਪੰਜਾਬ ਦੀ ਮੰਤਰੀ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ
ਕਿਹਾ : ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਕਾਰਨ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ …