Breaking News
Home / ਦੁਨੀਆ / ਇੰਡੋ-ਕੈਨੇਡੀਅਨ ਐਸੋਸੀਏਸ਼ਨ ਵਲੋਂ ਕਰਵਾਇਆ ਸ਼ਹੀਦੀ ਸਮਾਗਮ ਸਫਲ ਰਿਹਾ

ਇੰਡੋ-ਕੈਨੇਡੀਅਨ ਐਸੋਸੀਏਸ਼ਨ ਵਲੋਂ ਕਰਵਾਇਆ ਸ਼ਹੀਦੀ ਸਮਾਗਮ ਸਫਲ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਸੁਰਜੀਤ ਸਹੋਤਾ ਵਲੋਂ ਦਰਸ਼ਕਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਸਟੇਜ ਦੀ ਕਾਰਵਾਈ ਕੁਲਦੀਪ ਰੰਧਾਵਾ ਦੁਆਰਾ ਚਲਾਈ ਗਈ। ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਗੁਰੂ ਤੇਗ ਬਹਾਦਰ ਸਕੂਲ ਦੇ ਬੱਚਿਆਂ ਦੁਆਰਾ ‘ਓ ਕੈਨੇਡਾ’ ਗੀਤ ਨਾਲ ਕੀਤੀ ਗਈ। ਇਸ ਪਰੋਗਰਾਮ ਵਿੱਚ ਇਸ ਸਕੂਲ ਦੇ ਬੱਚਿਆਂ ਵਲੋਂ ‘ਹਮ ਹੋਂਗੇ ਕਾਮਯਾਬ’, ‘ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ’ ਕੋਰੀਓਗਰਾਫੀਆਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਭਗਤ ਸਿੰਘ ਦੇ ਜੀਵਣ ਨਾਲ ਸਬੰਧਤ ਨਾਟਕ ‘ਜ਼ਿੰਦਗੀ-ਨਾਮਾ ਭਗਤ ਸਿੰਘ’ ਖੇਡਿਆ ਗਿਆ। ਪ੍ਰੋ: ਜੰਗੀਰ ਸਿੰਘ ਕਾਹਲੋਂ ਨੇ ਸਮਾਗਮ ਵਿੱਚ ਹਾਜ਼ਰ ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਬਲਜੀਤ ਬੈਂਸ ਭਰਾਵਾਂ ਨੇ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ।
ਇਸੇ ਦੌਰਾਨ ਹਰਿੰਦਰ ਹੁੰਦਲ ਨੇ ਲੋਕਲ ਮਸਲਿਆਂ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਗਤ ਸਿੰਘ ਦਾ ਇਹ ਸੁਪਨਾ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਿਸਟਮ ਬਣਾਉਣਾ ਹੈ ਪਰੰਤੂ ਸਰਮਾਏਦਾਰੀ ਸਿਸਟਮ ਵਿੱਚ ਲੋਕਾਂ ਨੂੰ ਧਰਮ, ਜਾਤੀ, ਲਿੰਗ ਅਤੇ ਨਸਲੀ ਭੇਦ ਆਦਿ ਰਹੀਂ ਵੰਡ ਕੇ ਆਪਣੀ ਲੁੱਟ ਜਾਰੀ ਰੱਖਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਹ ਲੁੱਟ ਨੂੰ ਸਿਸਟਮ ਬਦਲ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਅੰਮ੍ਰਿਤ ਢਿੱਲੋ ਦੁਆਰਾ ਜਾਣ ਪਹਿਚਾਣ ਕਰਵਾਉਣ ਤੋਂ ਬਾਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਨੇ ਭਗਤ ਸਿੰਘ ਦੇ ਪਿਛੋਕੜ ਬਾਰੇ ਦਸਦਿਆਂ ਇਸ ਗੱਲ ਦਾ ਵਰਨਣ ਕੀਤਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਕਿਨ੍ਹਾਂ ਹਾਲਤਾਂ ਦੀ ਪੈਦਾਵਾਰ ਸੀ। ਉਨ੍ਹਾਂ ਇਹ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਸ ਵਿਚਾਰਧਾਰਾ ਤੇ ਚੱਲ ਕੇ ਹੀ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ। ਇਨ੍ਹਾਂ ਤੋਂ ਬਿਨਾਂ ਭਗਤ ਸਿੰਘ ਦੇ ਸਾਥੀ ਯਸ਼ਪਾਲ ਦੇ ਸਪੁੱਤਰ ਆਨੰਦ ਯਸ਼ਪਾਲ, ਕਮੇਟੀ ਆਫ ਪਰੋਗਰੈਸਿਵ ਪਾਕਿਸਤਾਨੀ ਕਨੇਡੀਅਨ ਵਲੋਂ ਫੋਜ਼ੀਆ ਤਨਵੀਰ, ਕਮਿਊਨਿਸਟ ਪਾਰਟੀ ਆਫ ਟਰਕੀ ਦੇ ਐਹਸਨ ਅਕਦਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਾਰੀ ਗੁਰੂ ਤੇਗ ਬਹਾਦਰ ਸਕੂਲ ਦੇ ਬੱਚਿਆਂ ਦਾ ਭੰਗੜਾ ਸੀ। ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ  ਨੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਕਲਚਰਲ ਪਰੋਗਰਾਮ ਦੀ ਪੇਸ਼ਕਾਰੀ ਲਈ ਬੱਚਿਆਂ ਨੂੰ ਇਨਾਮ ਦਿੱਤੇ ਗਏ। ਅੰਤ ਵਿੱਚ ਸੁਰਿੰਦਰ ਸੰਧੂ ਦੁਆਰਾ ਆਏ ਦਰਸ਼ਕਾਂ, ਸਪਾਂਸਰਾਂ ਅਤੇ ਮੀਡੀਏ ਦਾ ਧੰਨਵਾਦ ਕੀਤਾ ਗਿਆ। ਇਹ ਸਮਾਗਮ ਜਿੱਥੇ ਸੁਨੇਹਾ ਭਰਪੂਰ ਸੀ ਉੱਥੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਵੀ ਕਾਮਯਾਬ ਰਿਹਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ-ਪੱਖੀ ਸਾਹਿਤਕ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ ਜਿਸ ਦਾ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ।

Check Also

ਸਿੰਗਾਪੁਰ ‘ਚ ਭਾਰਤੀ ਮੂਲ ਦੇ ਜੱਜ ਨੇ ਸਹੁੰ ਚੁੱਕੀ

ਸਿੰਗਾਪੁਰ/ਬਿਊਰੋ ਨਿਊਜ਼ ਭਾਰਤੀ ਮੂਲ ਦੇ ਜੁਡੀਸ਼ੀਅਲ ਕਮਿਸ਼ਨਰ ਅਤੇ ਬੌਧਿਕ ਸੰਪਤੀ ਮਾਹਿਰ ਦੀਦਾਰ ਸਿੰਘ ਗਿੱਲ ਨੇ …