Breaking News
Home / ਦੁਨੀਆ / ਆਸਕਰ ‘ਚ ਭਾਰਤ ਨੇ ਜਿੱਤੇ ਦੋ ਐਵਾਰਡ

ਆਸਕਰ ‘ਚ ਭਾਰਤ ਨੇ ਜਿੱਤੇ ਦੋ ਐਵਾਰਡ

ਨਾਟੂ ਨਾਟੂ ਨੂੰ ਬੈਸਟ ਓਰੀਜ਼ਨਲ ਸੌਂਗ ਅਤੇ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਡਾਕੂਮੈਂਟਰੀ ਆਸਕਰ ਪੁਰਸਕਾਰ
ਲਾਸ ਏਂਜਲਸ : ਆਸਕਰ ‘ਚ ਭਾਰਤ ਨੇ ਪਹਿਲੀ ਵਾਰ ਦੋ ਪੁਰਸਕਾਰ ਹਾਸਲ ਕਰਕੇ ਇਤਿਹਾਸ ਰਚਿਆ ਹੈ। 95ਵੇਂ ਆਸਕਰ ਸਮਾਰੋਹ ਦੌਰਾਨ ਫਿਲਮ ‘ਆਰ.ਆਰ.ਆਰ.’ ਦੇ ਗੀਤ ‘ਨਾਟੂ-ਨਾਟੂ’ ਨੂੰ ਬਿਹਤਰੀਨ ਗੀਤ ਜਦਕਿ ‘ਦਾ ਐਲੀਫੈਂਟ ਵਿਸਪਰਰਸ’ ਨੂੰ ਬਿਹਤਰੀਨ ਦਸਤਾਵੇਜ਼ੀ ਲਘੂ ਫਿਲਮ ਵਜੋਂ ਆਸਕਰ ਪੁਰਸਕਾਰ ਮਿਲਿਆ ਹੈ।
‘ਨਾਟੂ-ਨਾਟੂ’ ਨੂੰ ਇਸ ਤੋਂ ਪਹਿਲਾਂ ਗੋਲਡਨ ਗਲੋਬ ਐਵਾਰਡ ‘ਚ ਬਿਹਤਰੀਨ ਗੀਤ ਦਾ ਪੁਰਸਕਾਰ ਮਿਲ ਚੁੱਕਾ ਹੈ। ਆਸਕਰ ਸਮਾਰੋਹ ਦੌਰਾਨ ‘ਨਾਟੂ-ਨਾਟੂ’ ਗੀਤ ਲਿਖਣ ਵਾਲੇ ਚੰਦਰਬੋਸ ਤੇ ਕੰਪੋਜ਼ਰ ਐਮ.ਐਮ. ਕਿਰਵਾਨੀ ਨੇ ਟਰਾਫੀ ਹਾਸਿਲ ਕੀਤੀ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਵੀ ਹਾਜ਼ਰ ਸਨ।
ਬਿਹਤਰੀਨ ਸ਼ਾਰਟ ਦਸਤਾਵੇਜ਼ੀ ਫਿਲਮ ਚੁਣੀ ਗਈ ‘ਦਾ ਐਲੀਫੈਂਟ ਵਿਸਪਰਰਸ’ ਦੀ ਨਿਰਦੇਸ਼ਕ ਕਾਰਤਿਕੀ ਗੋਂਸਾਲਵੇਸ ਤੇ ਨਿਰਮਾਤਾ ਗੁਨੀਤ ਮੋਂਗਾ ਨੇ ਪੁਰਸਕਾਰ ਪ੍ਰਾਪਤ ਕੀਤਾ। ਇਸ ਦੌਰਾਨ ਉਥੇ ਪੇਸ਼ਕਰਤਾ ਵਜੋਂ ਮੌਜੂਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਭਾਵੁਕ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਫਿਲਮ ‘ਆਰ.ਆਰ.ਆਰ.’ ਤੇ ‘ਦਾ ਐਲੀਫੈਂਟ ਵਿਸਪਰਰਸ’ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਾਧਾਰਨ ‘ਨਾਟੂ-ਨਾਟੂ’ ਦੀ ਲੋਕਪ੍ਰਿਯਤਾ ਕੌਮਾਂਤਰੀ ਪੱਧਰ ‘ਤੇ ਵਧ ਗਈ ਹੈ। ਇਹ ਇਕ ਅਜਿਹਾ ਗੀਤ ਹੈ, ਜਿਸ ਨੂੰ ਆਉਣ ਵਾਲੇ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਸ ਸਨਮਾਨ ਲਈ ਐਮ.ਐਮ. ਕਿਰਵਾਨੀ ਤੇ ਚੰਦਰਬੋਸ ਸਮੇਤ ਪੂਰੀ ਟੀਮ ਨੂੰ ਵਧਾਈ। ਭਾਰਤ ਪ੍ਰਫੁੱਲਿਤ ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸੇ ਦੌਰਾਨ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਵੀ ਦੋਵਾਂ ਫਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਹੁਣ ਜਲਦ ਹੀ ਭਾਰਤੀ ਫਿਲਮਾਂ ਦਾ ਡੰਕਾ ਵਿਸ਼ਵ ਭਰ ‘ਚ ਵੱਜੇਗਾ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਦੋਵਾਂ ਫਿਲਮਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ।

 

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …