21 ਵਿਅਕਤੀਆਂ ਦੀ ਹੋਈ ਮੌਤ, ਕਈ ਗੰਭੀਰ ਰੂਪ ’ਚ ਹੋਏ ਜ਼ਖਮੀ
ਟੈਕਸਸ/ਬਿਊਰੋ ਨਿਊਜ਼
ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੱਖਣੀ ਟੈਕਸਾਸ ਸੂਬੇ ਦੇ ਯੁਵਾਲਡੇ ਵਿਖੇ ਰਾਅਬ ਐਲੀਮੈਂਟਰੀ ਸਕੂਲ ਵਿਚ ਇਕ ਸਿਰਫਿਰੇ ਨੌਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ 21 ਵਿਅਕਤੀਆਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ 19 ਸਕੂਲੀ ਬੱਚੇ ਅਤੇ 2 ਅਧਿਆਪਕ ਸ਼ਾਮਲ ਹਨ। ਜਦਕਿ 13 ਸਕੂਲੀ ਬੱਚੇ, ਸਕੂਲ ਸਟਾਫ਼ ਦੇ ਕੁੱਝ ਮੈਂਬਰਾਂ ਸਮੇਤ ਕਈ ਪੁਲਿਸ ਕਰਮਚਾਰੀ ਇਸ ਗੋਲੀਬਾਰੀ ਦੌਰਾਨ ਗੰਭੀਰ ਵਿਚ ਰੂਪ ਜ਼ਖਮੀ ਹੋ ਗਏ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਵੀ ਮਾਰਿਆ ਗਿਆ। ਇਸ ਸਿਰਫਿਰੇ ਨੌਜਵਾਨ ਨੇ ਸਭ ਤੋਂ ਪਹਿਲੀ ਗੋਲੀ ਆਪਣੀ ਦਾਦੀ ਨੂੰ ਮਾਰੀ ਸੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਇਕ ਰਾਸ਼ਟਰ ਦੇ ਤੌਰ ’ਤੇ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਗੰਨ ਲਾਬੀ ਦੇ ਖਿਲਾਫ਼ ਅਸੀਂ ਕਦੋਂ ਖੜ੍ਹੇ ਹੋਵਾਂਗੇ। ਜੋ ਬਿਡੇਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਗੋਲੀਬਾਰੀ ਵਿਚ ਮਾਰੇ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਹੁਣ ਕਦੇ ਨਹੀਂ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਰ੍ਹੇਆਮ ਭਿਆਨਕ ਗੋਲੀਬਾਰੀ ਦੁਨੀਆ ਵਿਚ ਘੱਟ ਹੀ ਹੁੰਦੀ ਹੈ। ਬਿਡੇਨ ਨੇ ਕਿਹਾ ਕਿ ਉਹ ਹਥਿਆਰਾਂ ਦੀ ਪਾਬੰਦੀ ਨੂੰ ਲੈ ਕੇ ਬਹੁਤ ਚਿੰਤਤ ਹੋ ਗਏ ਹਨ ਅਤੇ ਹੁਣ ਸਖਤ ਕਾਰਵਾਈ ਕਰਨ ਦੀ ਲੋੜ ਹੈ।