ਪ੍ਰਵੀਨ ਕੁਮਾਰ ਦੀ ਲਾਸ਼ 8 ਮਹੀਨੇ ਤੋਂ ਪਈ ਹੈ ਮੁਰਦਾਘਰ ‘ਚ
ਮਿਲਾਨ : ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ, ਜਿਥੇ ਸਭ ਤੋਂ ਵੱਧ ਕੁਦਰਤ ਤਬਾਹੀ ਮਚਾਈ ਰੱਖਦੀ ਹੈ, ਜਦੋਂਕਿ ਦੂਜੇ ਪਾਸੇ ਇਸ ਸਾਲ ਖੇਤ ਮਜ਼ਦੂਰਾਂ ਤੇ ਡੇਅਰੀ ਫਾਰਮ ਮਜ਼ਦੂਰਾਂ ਨੂੰ ਮਿਹਨਤ ਕਰਨ ਦੇ ਬਦਲੇ ਗੋਲੀਆਂ ਅਤੇ ਧੱਕੇ ਮਿਲੇ। ਇਟਲੀ ਵਿਚ ਭਾਰਤੀ ਭਾਈਚਾਰੇ ਲਈ ਵੀ ਇਹ ਸਾਲ ਕਿਸੇ ਮੁਸੀਬਤ ਤੋਂ ਘੱਟ ਨਹੀਂ ਰਿਹਾ, ਕਿਉਂਕਿ ਇਹ ਸਾਲ ਕਈ ਭਾਰਤੀ ਨੌਜਵਾਨਾਂ ਲਈ ਕਾਲ ਬਣਕੇ ਆਇਆ। ਸਾਲ ਦੇ ਆਖਰਲੇ ਮਹੀਨੇ ਕੁਝ ਪੰਜਾਬੀ ਭਾਰਤੀ ਨੌਜਵਾਨਾਂ ਦੀ ਹੋਣੀ ਵਾਲੇ ਸਾਬਤ ਹੋਏ ਜਿਨ੍ਹਾਂ ਦੌਰਾਨ ਵੱਖ-ਵੱਖ ਘਟਨਾਵਾਂ ‘ਚ 5 ਪੰਜਾਬੀਆਂ ਦੀ ਡੇਅਰੀ ਫਾਰਮ ‘ਚ ਦਰਦਨਾਕ ਮੌਤ ਹੋਈ ਪਰ ਦੁੱਖ ਵਾਲੀ ਗੱਲ ਇਹ ਵੀ ਰਹੀ ਹੈ ਕਿ ਕਈ ਭਾਰਤੀ ਨੌਜਵਾਨਾਂ ਨੇ ਘਰੇਲੂ ਤੰਗੀਆਂ-ਤੁਰਸ਼ੀਆਂ ਜਾਂ ਨਸ਼ਿਆਂ ਕਾਰਨ ਆਪਣੀ ਜੀਵਨ ਦੀ ਲੀਲ੍ਹਾ ਆਪ ਹੀ ਸਮਾਪਤ ਕਰ ਲਈ।
ਇਸ ਸਾਲ ਦੀ ਸਭ ਤੋਂ ਮੰਦਭਾਗੀ ਘਟਨਾ ਇਹ ਰਹੀ ਕਿ ਮਈ ਮਹੀਨੇ ਵਿਚ ਪ੍ਰਵੀਨ ਕੁਮਾਰ ਉਰਫ਼ ਭੀਮਾ ਪੁੱਤਰ ਸਤਪਾਲ ਵਾਸੀ ਲੱਖਪੁਰ ਨੇੜੇ ਬੰਗਾ ਜਿਹੜਾ ਕਿ ਕਰੀਬ ਪਿਛਲੇ ਇਕ ਦਹਾਕੇ ਤੋਂ ਇਟਲੀ ਰਹਿੰਦਾ ਸੀ, ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ ਪਰ ਹੁਣ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਟਲੀ ਦੇ ਇਕ ਲਾਸ਼ਘਰ ਵਿਚ ਪਈ ਮਿਬਕ ਪ੍ਰਵੀਨ ਕੁਮਾਰ ਦੀ ਲਾਸ਼ ਆਪਣੇ ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ। ਮ੍ਰਿਤਕ ਪ੍ਰਵੀਨ ਕੁਮਾਰ ਦੇ ਇਕ ਰਿਸ਼ਤੇਦਾਰ (ਜੋ ਇਟਲੀ ਰਹਿੰਦਾ ਹੈ) ਨੇ ਕਿਹਾ 8 ਮਹੀਨੇ ਲੰਘ ਜਾਣ ਦੇ ਬਾਅਦ ਵੀ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਜਾਣ ਦੀ ਇਟਾਲੀਅਨ ਪ੍ਰਸ਼ਾਸਨ ਵਲੋ ਇਜ਼ਾਜਤ ਨਹੀਂ ਦਿੱਤੀ ਜਾ ਰਹੀ, ਜਦੋਂਕਿ ਉਨ੍ਹਾਂ ਵਕੀਲ ਵੀ ਕੀਤਾ ਹੋਇਆ ਹੈ। ਇਸ ਸਾਲ ਪੰਜਾਬੀ ਮੁਟਿਆਰਾਂ ਨਾਲ ਵੀ ਸਹੁਰੇ ਪਰਿਵਾਰਾਂ ਦੇ ਤਸ਼ੱਦਦ ਵਧੇ ਹਨ, ਜਿਹੜਾ ਕਿ ਸਮੁੱਚੇ ਭਾਰਤੀ ਸਮਾਜ ਖਾਸਕਰ ਪੰਜਾਬੀ ਭਾਈਚਾਰੇ ਲਈ ਗੰਭੀਰ ਤੇ ਵਿਚਾਰਨਯੋਗ ਮੁੱਦਾ ਹੈ। ਸਾਲ 2019 ਇਟਲੀ ਦੀਆਂ ਸਿੱਖ ਸੰਗਤਾਂ ਲਈ ਵੀ ਨਿਰਾਸ਼ਾ ਵਾਲਾ ਰਿਹਾ, ਕਿਉਂਕਿ ਇਸ ਸਾਲ ਵੀ ਉਨ੍ਹਾਂ ਦੀ ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ, ਉਲਟਾ ਕਰੀਬ 10 ਹੋਰ ਸਿੱਖਾਂ ਉਪਰ ਸਿਰੀ ਸਾਹਿਬ ਜਨਤਕ ਥਾਂ ਉਪਰ ਪਹਿਨਣ ਕਾਰਨ ਕੇਸ ਦਰਜ ਹੋ ਗਏ। ਇਸ ਸਾਲ ਵੀ ਇਟਲੀ ਦੇ ਸਿੱਖ ਆਗੂਆਂ ਨੇ ਧਰਮ ਦੇ ਰਜਿਸਟਰਡ ਕਰਵਾਉਣ ਵਾਲੇ ਮੁੱਦੇ ਉਪਰ ਸੰਗਤਾਂ ਨੂੰ ਗੱਲਾਂ ਦਾ ਹੀ ਕੜਾਹ ਦਿੱਤਾ। ਇਟਲੀ ਦੇ ਸਿੱਖ ਆਗੂ ਇਕ-ਦੋ ਬੇਗੈਰਤ ਪੰਜਾਬੀ ਕਲਾਕਾਰਾਂ ਲਈ ਬੇਸ਼ੱਕ ਇਕ ਸੁਰ ਹੋਏ ਦੇਖੇ ਗਏ ਪਰ ਅਫ਼ਸੋਸ ਪੰਥ ਦੇ ਮਹਾਨ ਕਾਰਜਾਂ ਲਈ ਆਪਸੀ ਸਾਂਝ ਤੇ ਏਕਤਾ ਲਈ ਕਿਧਰੇ ਦੂਰ-ਦੂਰ ਤੱਕ ਨਜ਼ਰੀ ਨਹੀਂ ਪੈਂਦੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …