4.1 C
Toronto
Thursday, November 6, 2025
spot_img
Homeਦੁਨੀਆਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ 'ਚ ਬਣਾਉਣ ਦਾ ਐਲਾਨ

ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ‘ਚ ਬਣਾਉਣ ਦਾ ਐਲਾਨ

ਅੰਮ੍ਰਿਤਸਰ : ਪਾਕਿਸਤਾਨ ‘ਚ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਖੋਲ੍ਹੇ ਜਾਣ ਦਾ ਫਿਰ ਤੋਂ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਸਾਦਿਕ-ਉੱਲ-ਫ਼ਾਰੂਕ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਐਲਾਨ ਕੀਤਾ ਗਿਆ। ਫ਼ਾਰੂਕ ਨੇ ਕਿਹਾ ਕਿ ਬਹੁਤ ਜਲਦ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ‘ਚ ਕਾਇਮ ਕਰਕੇ ਉਸ ਵਿਚ 16 ਵੱਖ-ਵੱਖ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਭ ਦੇ ਚੱਲਦਿਆਂ 4 ਸਾਲ ਦੇ ਬੀ.ਐੱਸ. ਤੋਂ ਬਾਅਦ 2 ਸਾਲ ਦੇ ਐੱਮ.ਐੱਸ. ਕੋਰਸ ਦੀ ਪੜ੍ਹਾਈ ਲਈ ਸਟਾਫ਼ ਰੱਖਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਰੂਕ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ ‘ਚ ਸ਼ੁਰੂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ 18ਵੀਂ ਸੋਧ ਦੇ ਆਧਾਰ ‘ਤੇ ਫੈਡਰਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖ ਦਫ਼ਤਰਾਂ ਦਾ ਇਸਲਾਮਾਬਾਦ ਵਿਚ ਸਥਾਪਿਤ ਕੀਤਾ ਜਾਣਾ ਲਾਜਮੀ ਹੈ ਤੇ ਐੱਮਫਿਲ ਦੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਉੱਥੇ ਹੀ ਜਾਣਾ ਹੋਵੇਗਾ। ਅਜਿਹਾ ਨਾ ਕਰਨ ‘ਤੇ ਯੂਨੀਵਰਸਿਟੀ ਸੂਬਾਈ ਅਦਾਰਾ ਹੋਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਵਧੇਰੇ ਲਾਭ ਪ੍ਰਾਪਤ ਨਹੀਂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਮੁੱਖ ਦਫ਼ਤਰਾਂ ਤੇ ਐੱਮ.ਫਿਲ. ਦੀਆਂ ਕਲਾਸਾਂ ਲਈ ਇਸਲਾਮਾਬਾਦ ਵਿਚਲੇ ਮੈਡੀਏਟ ਹੋਟਲ ਦੇ ਨਾਲ ਲਗਦੇ ਮਹਿਕਮਾ ਓਕਾਫ਼ ਦਫ਼ਤਰ ਦੀਆਂ ਉੱਪਰਲੀਆਂ ਚਾਰ ਮੰਜ਼ਿਲਾਂ ਹੁਣ ਤੋਂ ਹੀ ਖ਼ਾਲੀ ਕਰਵਾ ਲਈਆਂ ਗਈਆਂ ਹਨ। ਬੈਠਕ ‘ਚ ਐੱਮ.ਐੱਨ.ਏ.ਰਮੇਸ਼ ਸਿੰਘ ਅਰੋੜਾ, ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਮੰਤਰੀ ਚੌਧਰੀ ਬਰਜੀਸ਼ ਤਾਹਿਰ, ਐੱਮ.ਐੱਨ.ਏ. ਡਾ. ਸ਼ਿਜਰਾ ਮਨਸਬ, ਐੱਮ.ਪੀ.ਏ.ਰਾਣਾ ਅਰਸ਼ਦ, ਮਲਿਕ ਜ਼ੁਲਕਰ ਨੈਣ ਡੋਗਰ, ਰਾਣਾ ਜ਼ਮੀਲ ਹੱਸਣ, ਮਲਿਕ ਮੁਹੰਮਦ ਤਾਹਿਰ, ਕਰਿਆਨਾ ਐਸੋਸੀਏਸ਼ਨ ਦੇ ਜਨ. ਸਕੱਤਰ ਮੁਹੰਮਦ ਰਿਜ਼ਵਾਨ ਸ਼ੇਖ਼ ਆਦਿ ਹਾਜ਼ਰ ਸਨ।

 

RELATED ARTICLES
POPULAR POSTS