Breaking News
Home / ਦੁਨੀਆ / ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਕਰਾਂਗਾ ਮੁਲਾਕਾਤ : ਡੋਨਲਡ ਟਰੰਪ

ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਕਰਾਂਗਾ ਮੁਲਾਕਾਤ : ਡੋਨਲਡ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦੀ ਦਿਸ਼ਾ ‘ਚ ਕਾਫੀ ਕੰਮ ਹੋਇਆ ਹੈ। ਟਰੰਪ 22 ਸਤੰਬਰ ਨੂੰ ਹਿਊਸਟਨ ‘ਚ ਹੋਣ ਵਾਲੇ ‘ਹਾਓਡੀ ਮੋਦੀ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਕਦੋਂ ਤੇ ਕਿੱਥੇ ਮੁਲਾਕਾਤ ਕਰਨਗੇ।
ਟਰੰਪ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਾਂਗਾ ਅਤੇ ਮੈਂ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ।’ ਕਸ਼ਮੀਰ ਮਸਲੇ ਜਾਂ ਦੋਵਾਂ ਦੱਖਣੀ ਏਸ਼ਿਆਈ ਮੁਲਕਾਂ ਵਿਚਾਲੇ ਚੱਲ ਰਹੇ ਤਣਾਅ ਦਾ ਜ਼ਿਕਰ ਕੀਤੇ ਬਿਨਾਂ ਟਰੰਪ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ‘ਚ ਕਾਫੀ ਕੰਮ ਹੋਇਆ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫਰਾਂਸ ‘ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕਸ਼ਮੀਰ ਮਸਲੇ ‘ਤੇ ਕਿਸੇ ਵੀ ਤੀਜੀ ਧਿਰ ਨੂੰ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ।
ਪਾਕਿਸਤਾਨ ਲਈ ਜਾਸੂਬੀ ਕਰਦਾ ਕਾਬੂ
ਗੁਰਦਾਸਪੁਰ : ਫੌਜ ਦੇ ਖੁਫੀਆ ਤੰਤਰ ਨੇ ਬੁੱਧਵਾਰ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਤਿੱਬੜੀ ਕੈਂਟ ਤੇ ਕਰਤਾਰਪੁਰ ਲਾਂਘੇ ਦੀਆਂ ਤਸਵੀਰਾਂ ਖਿੱਚ ਕੇ ਪਾਕਿ ਖੁਫੀਆ ਏਜੰਸੀਆਂ ਨੂੰ ਭੇਜਦਾ ਸੀ। ਇਸ ਕੰਮ ਲਈ 10 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਹ ਪੈਸਾ ਉਸ ਨੂੰ ਮਿਲ ਗਿਆ ਸੀ ਜਾਂ ਅਜੇ ਨਹੀਂ ਇਸਦੀ ਜਾਂਚ ਚੱਲ ਰਹੀ ਹੈ। ਮੁਲਜ਼ਮ ਕਦੋਂ ਤੋਂ ਜਾਸੂਸੀ ਕਰ ਰਿਹਾ ਸੀ ਇਸ ਬਾਰੇ ਫੌਜ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਨੌਜਵਾਨ 23-24 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਤਿੱਬੜੀ ਪਿੰਡ ਵਿਚ ਹੀ ਰਹਿੰਦਾ ਹੈ। ਫੌਜ ਨੇ ਜਾਣਕਾਰੀ ਪੁਲਿਸ ਨੂੰ ਦੇ ਕੇ ਦਿੱਤੀ ਹੈ, ਪਰ ਉਸ ਨੂੰ ਅਜੇ ਪੁਲਿਸ ਨੂੰ ਨਹੀਂ ਸੌਂਪਿਆ ਗਿਆ। ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੌਜ ਮੁਲਜ਼ਮ ਤੋਂ ਆਪਣੇ ਪੱਧਰ ‘ਤੇ ਪੁੱਛਗਿੱਛ ਕਰ ਰਹੀ ਹੈ। ਜਦੋਂ ਉਸ ਨੂੰ ਪੁਲਿਸ ਨੂੰ ਸੌਂਪਿਆ ਜਾਵੇਗਾ, ਉਦੋਂ ਕੇਸ ਦਰਜ ਕੀਤਾ ਜਾਵੇਗਾ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …