
ਈਰਾਨ ਨੇ ਵੀ ਜਵਾਬ ’ਚ ਮਿਜ਼ਾਈਲਾਂ ਕੀਤੀਆਂ ਤੈਨਾਤ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ’ਤੇ ਕਿਸੇ ਸਮਝੌਤੇ ’ਤੇ ਨਹੀਂ ਪਹੁੰਚਦਾ ਤਾਂ ਅਮਰੀਕਾ ਉਸ ’ਤੇ ਬੰਬਾਰੀ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਈਰਾਨ ’ਤੇ ਸੈਕੰਡਰੀ ਟੈਰਿਫ ਲਗਾਉਣ ਦੀ ਵੀ ਧਮਕੀ ਦਿੱਤੀ ਹੈ। ਟਰੰਪ ਨੇ ਅੱਗੇ ਕਿਹਾ ਕਿ ਈਰਾਨ ਕੋਲ ਇਕ ਮੌਕਾ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਉਨ੍ਹਾਂ ’ਤੇ ਚਾਰ ਸਾਲ ਪਹਿਲਾਂ ਵਾਂਗ ਸੈਕੰਡਰੀ ਟੈਰਿਫ ਲਗਾਵਾਂਗਾ। ਨਿਊਕਲੀਅਰ ਪ੍ਰੋਗਰਾਮ ’ਤੇ ਅਮਰੀਕੀ ਅਤੇ ਈਰਾਨੀ ਅਧਿਕਾਰੀ ਗੱਲਬਾਤ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ। ਇਸ ਦੌਰਾਨ ਈਰਾਨ ਦੀ ਫੌਜ ਨੇ ਕਿਸੇ ਵੀ ਅਮਰੀਕੀ ਹਮਲੇ ਦਾ ਜਵਾਬ ਦੇਣ ਦੇ ਲਈ ਆਪਣੀਆਂ ਮਿਜ਼ਾਈਲਾਂ ਨੂੰ ਤੈਨਾਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਈਰਾਨ ਨੂੰ ਸਿੱਧੀ ਗੱਲਬਾਤ ਕਰਨ ਲਈ ਇਕ ਚਿੱਠੀ ਵੀ ਲਿਖੀ ਸੀ।