ਅਦਾਲਤੀ ਕੰਪਲੈਕਸ ਦੇ ਬਾਹਰ ਭੰਨ੍ਹ-ਤੋੜ ਤੇ ਪੁਲਿਸ ਕਰਮੀਆਂ ‘ਤੇ ਹਮਲੇ ਦਾ ਆਰੋਪ
ਇਸਲਾਮਾਬਾਦ : ਇਸਲਾਮਾਬਾਦ ਅਦਾਲਤ ਕੰਪਲੈਕਸ ਦੇ ਬਾਹਰ ਹੰਗਾਮਾ ਕਰਨ ਅਤੇ ਸੁਰੱਖਿਆ ਕਰਮੀਆਂ ‘ਤੇ ਹਮਲਾ, ਭੰਨ੍ਹ-ਤੋੜ ਕਰਨ ਦੇ ਆਰੋਪਾਂ ਤਹਿਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅੱਤਵਾਦ ਦਾ ਕੇਸ ਦਰਜ ਕੀਤਾ ਗਿਆ ਹੈ। ਕੁਝ ਪੀਟੀਆਈ ਆਗੂਆਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਸ਼ਨਿਚਰਵਾਰ ਨੂੰ ਇਮਰਾਨ ਆਪਣੇ ਸਮਰਥਕਾਂ ਨਾਲ ਭ੍ਰਿਸ਼ਟਾਚਾਰ ਦੇ ਕੇਸ ਵਿਚ ਸੁਣਵਾਈ ਲਈ ਜੁਡੀਸ਼ੀਅਲ ਕੰਪਲੈਕਸ ਪਹੁੰਚੇ ਸਨ। ਦੱਸਣਯੋਗ ਹੈ ਕਿ ਲਾਹੌਰ ਤੋਂ ਜਦ ਇਮਰਾਨ ਤੋਸ਼ਾਖਾਨਾ ਕੇਸ ਦੀ ਸੁਣਵਾਈ ਲਈ ਇਸਲਾਮਾਬਾਦ ਪਹੁੰਚੇ ਤਾਂ ਕੰਪਲੈਕਸ ਦੇ ਬਾਹਰ ਟਕਰਾਅ ਹੋ ਗਿਆ। ਇਸ ਹਿੰਸਕ ਟਕਰਾਅ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਈ ਵਰਕਰ ਤੇ ਪੁਲਿਸ ਕਰਮੀ ਫੱਟੜ ਹੋ ਗਏ ਸਨ। ਇਸ ਕਾਰਨ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੂੰ ਸੁਣਵਾਈ 30 ਮਾਰਚ ਤੱਕ ਮੁਲਤਵੀ ਕਰਨੀ ਪਈ। ਇਸਲਾਮਾਬਾਦ ਪੁਲਿਸ ਵੱਲੋਂ ਕੀਤੀ ਐਫਆਈਆਰ ਵਿਚ 17 ਪਾਰਟੀ ਆਗੂਆਂ ਦਾ ਨਾਂ ਦਰਜ ਕੀਤਾ ਗਿਆ ਹੈ। ਐਫਆਈਆਰ ਮੁਤਾਬਕ ਗ੍ਰਿਫ਼ਤਾਰ ਪਾਰਟੀ ਵਰਕਰਾਂ ਨੇ ਪੁਲਿਸ ਨਾਕੇ ਤੇ ਜੁਡੀਸ਼ੀਅਲ ਕੰਪਲੈਕਸ ਦੇ ਮੁੱਖ ਗੇਟ ਨੂੰ ਤੋੜ ਦਿੱਤਾ। ਭੰਨ੍ਹ-ਤੋੜ ਦੇ ਮਾਮਲੇ ਵਿਚ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਸ ਮੁਤਾਬਕ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਸੀ। ਇਸੇ ਦੌਰਾਨ ਪੀਟੀਆਈ ਦੇ ਆਗੂ ਫਵਾਦ ਚੌਧਰੀ ਨੇ ਕਿਹਾ ਕਿ ਇਮਰਾਨ ਖਾਨ ਦੀ ਲਾਹੌਰ ਸਥਿਤ ਰਿਹਾਇਸ਼ ਵਿਚ ‘ਗੈਰਕਾਨੂੰਨੀ ਕਾਰਵਾਈ’ ਤੇ ਹਿੰਸਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਉਹ ਕੇਸ ਦਰਜ ਕਰਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਮਰਾਨ ਦੀ ਰਿਹਾਇਸ਼ ਵਿਚ ਦਾਖਲ ਹੋ ਕੇ ਲਾਹੌਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਹ ਇਸ ਸਬੰਧੀ ਆਪਣੀ ਲੀਗਲ ਟੀਮ ਨਾਲ ਮੀਟਿੰਗ ਕਰ ਕੇ ਫ਼ੈਸਲਾ ਲੈਣਗੇ।
ਰਿਹਾਇਸ਼ ‘ਚ ਦਾਖਲ ਹੋਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ: ਇਮਰਾਨ
ਲਾਹੌਰ : ਸਾਬਕਾ ਪ੍ਰਧਾਨ ਮੰਤਰੀ ਤੇ ‘ਪੀਟੀਆਈ’ ਚੇਅਰਮੈਨ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ ਜੋ ਉਨ੍ਹਾਂ ਦੀ ਲਾਹੌਰ ਸਥਿਤ ਰਿਹਾਇਸ਼ ਵਿਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਪੁਲਿਸ ਵੱਲੋਂ ਕੁੱਟਮਾਰ ਵੀ ਕੀਤੀ ਗਈ ਹੈ। ਹਾਲਾਂਕਿ ਖਾਨ ਦੇ ਸਮਰਥਕਾਂ ਨੇ ਮੁੜ ਉਨ੍ਹਾਂ ਦੀ ਲਾਹੌਰ ਸਥਿਤ ਰਿਹਾਇਸ਼ ਦਾ ਕਬਜ਼ਾ ਆਪਣੇ ਹੱਥਾਂ ਵਿਚ ਲੈ ਲਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …