Breaking News
Home / ਦੁਨੀਆ / ਬਰਤਾਨੀਆ ‘ਚ ਸੱਤਾਧਾਰੀ ਕੰਸਰਵੇਟਿਵ ਪਾਰਟੀ ਦੀ ਜਿੱਤ

ਬਰਤਾਨੀਆ ‘ਚ ਸੱਤਾਧਾਰੀ ਕੰਸਰਵੇਟਿਵ ਪਾਰਟੀ ਦੀ ਜਿੱਤ

ਜੌਹਨਸਨ ਦੀ ਕੰਸਰਵੇਟਿਵ ਪਾਰਟੀ ਨੂੰ 364 ਅਤੇ ਲੇਬਰ ਪਾਰਟੀ ਨੂੰ ਮਿਲੀਆਂ 203 ਸੀਟਾਂ
ਭਾਰਤੀ ਮੂਲ ਦੇ 15 ਉਮੀਦਵਾਰ ਬਰਤਾਨੀਆ ‘ਚ ਬਣੇ ਸੰਸਦ ਮੈਂਬਰ
ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਨਾਇਟਿਡ ਕਿੰਗਡਮ (ਯੂਕੇ) ਦੇ ਦਹਾਕਿਆਂ ਦੇ ਇਤਿਹਾਸ ‘ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ ਹਨ। ਮੁਲਕ ‘ਚ ਸਿਆਸੀ ਭੰਬਲਭੂਸਾ ਹੁਣ ਮੁੱਕ ਗਿਆ ਹੈ ਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ‘ਚ ਬਰਤਾਨੀਆ ਯੂਰੋਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਦੇ ਮੰਤਵ ਨਾਲ ਦਾਖ਼ਲ ਹੋਵੇਗਾ। ਜੌਹਨਸਨ ਦੀ ਕੰਸਰਵੇਟਿਵ ਪਾਰਟੀ ਨੇ 364 ਸੀਟਾਂ ਜਿੱਤੀਆਂ ਹਨ। 650 ਮੈਂਬਰੀ ਬ੍ਰਿਟਿਸ਼ ਸੰਸਦ (ਹਾਊਸ ਆਫ਼ ਕਾਮਨਜ਼) ‘ਚ ਲੇਬਰ ਪਾਰਟੀ ਨੂੰ 203 ਸੀਟਾਂ ਹੀ ਮਿਲੀਆਂ ਹਨ। ਯੂਕੇ ਦੀ ਸੰਸਦ ਲਈ ਇਸ ਵਾਰ ਭਾਰਤੀ ਮੂਲ ਦੇ ਰਿਕਾਰਡ 15 ਸੰਸਦ ਮੈਂਬਰ ਚੁਣੇ ਗਏ ਹਨ। ਭਾਰਤੀ ਮੂਲ ਦੇ ਸਿਆਸਤਦਾਨਾਂ ਨੇ ਕੰਸਰਵੇਟਿਵ ਤੇ ਲੇਬਰ ਦੋਵਾਂ ਧਿਰਾਂ ਵੱਲੋਂ ਜਿੱਤ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੰਸਰਵੇਟਿਵ ਪਾਰਟੀ ਦੀ ਟਿਕਟ ‘ਤੇ ਵਿਥੈਮ ਹਲਕੇ ਤੋਂ ਮੁੜ ਚੁਣੀ ਗਈ ਹੈ। ਕੰਸਰਵੇਟਿਵ ਧਿਰ ਦੇ ਹੀ ਗਗਨ ਮੋਹਿੰਦਰਾ ਦੱਖਣ-ਪੱਛਮੀ ਹਰਟਫੋਰਡਸ਼ਾਇਰ ਤੋਂ ਚੁਣੇ ਗਏ ਹਨ। ਗੋਆ ਮੂਲ ਦੇ ਕੰਸਰਵੇਟਿਵ ਸੰਸਦ ਮੈਂਬਰ ਕਲੇਅਰ ਕੌਟੀਨ੍ਹੋ ਪੂਰਬੀ ਸਰੀ ਸੀਟ ਤੋਂ ਚੋਣ ਜਿੱਤੇ ਹਨ। ਨਵੇਂਦਰੂ ਮਿਸ਼ਰਾ ਲੇਬਰ ਧਿਰ ਲਈ ਤੇ ਮੁਨੀਰਾ ਵਿਲਸਨ ਲਿਬਰਲ ਡੇਮੋਕ੍ਰੇਟਸ ਲਈ ਪਹਿਲੀ ਵਾਰ ਚੋਣ ਜਿੱਤੇ ਹਨ। ਇਨਫ਼ੋਸਿਸ ਦੇ ਚੇਅਰਮੈਨ ਨਾਰਾਇਣ ਮੂਰਤੀ ਦੇ ਜਵਾਈ ਤੇ ਕੈਬਨਿਟ ਮੈਂਬਰ ਰਹੇ ਰਿਸ਼ੀ ਸੁਨਾਕ ਵੀ ਕੰਸਰਵੇਟਿਵ ਧਿਰ ਵੱਲੋਂ ਚੋਣ ਜਿੱਤੇ ਹਨ। ਕੰਸਰਵੇਟਿਵ ਅਲੋਕ ਸ਼ਰਮਾ ਰੀਡਿੰਗ ਵੈਸਟ ਤੋਂ ਚੋਣ ਜਿੱਤੇ ਹਨ। ਸ਼ੈਲੇਸ਼ ਵੜਾ ਉੱਤਰ ਪੱਛਮੀ ਕੈਂਬ੍ਰਿਜਸ਼ਾਇਰ ਸੀਟ ਤੋਂ ਅਤੇ ਗੋਆ ਮੂਲ ਦੇ ਸੁਏਲਾ ਬਰੇਵਰਮੈਨ ਵੀ ਫੇਅਰਹੈਮ ਤੋਂ ਚੋਣ ਜਿੱਤ ਗਏ ਹਨ। ਵੈਲੇਰੀ ਵਾਜ਼ ਵਾਲਸਾਲ ਦੱਖਣੀ ਸੀਟ ਤੋਂ ਚੋਣ ਜਿੱਤੀ ਹੈ। 1980 ਦੀ ਮਾਰਗ੍ਰੇਟ ਥੈਚਰ ਦੀ ਸਰਕਾਰ ਤੋਂ ਬਾਅਦ ਹੁਣ ਕਿਸੇ ਪਾਰਟੀ ਨੂੰ ਅਜਿਹਾ ਭਰਵਾਂ ਬਹੁਮਤ ਹਾਸਲ ਹੋਇਆ ਹੈ। ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਬੋਰਿਸ ਜੌਹਨਸਨ (55) ਨੇ ਕਿਹਾ ਕਿ ਬਰਤਾਨੀਆ ‘ਚ ‘ਨਵਾਂ ਸੂਰਜ’ ਚੜ੍ਹਿਆ ਹੈ ਤੇ ਬੇਸ਼ੱਕ ਇਸ ਨੇ ‘ਬ੍ਰੈਗਜ਼ਿਟ’ ਦੇ ਰਾਹ ‘ਚ ਬਣਿਆ ਅੜਿੱਕਾ ਖ਼ਤਮ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟਰਾਂ ਨੇ ਜੋ ਭਰੋਸਾ ਉਨ੍ਹਾਂ ‘ਚ ਪ੍ਰਗਟ ਕੀਤਾ ਹੈ, ਉਹ ਉਸ ਨੂੰ ਤੋੜਨਗੇ ਨਹੀਂ। ਲੋਕਾਂ ਨੇ ਇਸ ਮੌਕੇ ‘ਗੈੱਟ ਬ੍ਰੈਗਜ਼ਿਟ ਡਨ’ ਦੇ ਨਾਅਰੇ ਵੀ ਮਾਰੇ। ਜੌਹਨਸਨ ਨੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨਾਲ ਬਕਿੰਘਮ ਪੈਲੇਸ ਵਿਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ। ਲੇਬਰ ਪਾਰਟੀ ਦੀ ਕਾਰਗੁਜ਼ਾਰੀ ਦਹਾਕਿਆਂ ਬਾਅਦ ਐਨੀ ਮਾੜੀ ਰਹੀ ਹੈ ਤੇ ਆਗੂ ਜੈਰੇਮੀ ਕੌਰਬਿਨ (70) ਨੇ ਅਹੁਦਾ ਤਿਆਗਣ ਦਾ ਐਲਾਨ ਕੀਤਾ ਹੈ। ਹਾਰ ਲਈ ਕੌਰਬਿਨ ਦੀ ਅਗਵਾਈ ਤੇ ਬ੍ਰੈਗਜ਀ਿ ਲਈ ਕੋਈ ਠੋਸ ਫ਼ੈਸਲਾ ਨਾ ਲੈ ਸਕੇ ਜਾਣ ਨੂੰ ਜਾਇਜ਼ ਦੱਸਿਆ ਜਾ ਰਿਹਾ ਹੈ। ਯੂਕੇ ਦੇ ਭਾਰਤੀ ਭਾਈਚਾਰੇ ਨੇ ਜੌਹਨਸਨ ਦੀ ਜਿੱਤ ਦਾ ਸਵਾਗਤ ਕੀਤਾ ਹੈ। ਲੇਬਰ ਪਾਰਟੀ ਆਪਣੇ ਗੜ੍ਹਾਂ- ਉੱਤਰੀ ਇੰਗਲੈਂਡ, ਮਿਡਲੈਂਡਜ਼ ਤੇ ਵੇਲਸ ਵਿਚ ਹਾਰ ਗਈ ਹੈ।
ਜਿੱਤੇ ਪੰਜ ਪੰਜਾਬੀਆਂ ‘ਚੋਂ ਚਾਰ ਜਲੰਧਰੀਏ
ਜਲੰਧਰ : ਬਰਤਾਨੀਆ ਦੀ ਸੰਸਦ ਲਈ ਚੁਣੇ ਗਏ ਮੈਂਬਰਾਂ ‘ਚ ਪੰਜ ਜਣੇ ਪੰਜਾਬੀ ਮੂਲ ਦੇ ਹਨ। ਇਨ੍ਹਾਂ ‘ਚੋਂ ਚਾਰ ਲੇਬਰ ਪਾਰਟੀ ਨਾਲ ਤੇ ਇੱਕ ਕੰਸਰਵੇਟਿਵ ਪਾਰਟੀ ਨਾਲ ਸਬੰਧਤ ਹੈ। ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਪਹਿਲੀ ਸਿੱਖ ਬੀਬੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਮੁੜ ਚੋਣ ਜਿੱਤਣ ‘ਚ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਵਰਿੰਦਰ ਸ਼ਰਮਾ ਤੇ ਸੀਮਾ ਮਲਹੋਤਰਾ ਵੀ ਆਪਣੀਆਂ ਸੀਟਾਂ ਬਚਾਉਣ ਵਿਚ ਕਾਮਯਾਬ ਰਹੇ ਹਨ। ਇਨ੍ਹਾਂ ਸੰਸਦ ਮੈਂਬਰਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਨਾਲ ਹੈ। ਇਸੇ ਤਰ੍ਹਾਂ ਦਿੱਲੀ ਨਾਲ ਸਬੰਧਤ ਗਗਨ ਮੋਹਿੰਦਰਾ ਇੱਕਲੌਤਾ ਪੰਜਾਬੀ ਹੈ ਜੋ ਕੰਸਰਵੇਟਿਵ ਪਾਰਟੀ ਨਾਲ ਸਬੰਧਤ ਹੈ ਤੇ ਉਸ ਨੇ ਦੱਖਣੀ ਪੱਛਮੀ ਹਰਟਫੋਰਡਸ਼ਾਇਰ ਤੋਂ ਜਿੱਤ ਦਰਜ ਕੀਤੀ ਹੈ। ਬਰਤਾਨੀਆ ‘ਚ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਸਮਰਥਕਾਂ ਨੇ ਕਸ਼ਮੀਰ ਮੁੱਦੇ ‘ਤੇ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ ਅਤੇ ਸੀਮਾ ਮਲਹੋਤਰਾ ਦਾ ਜ਼ੋਰਦਾਰ ਵਿਰੋਧ ਕੀਤਾ ਸੀ, ਉੱਥੇ ਵੱਸਦੇ ਭਾਜਪਾ ਸਮਰਥਕਾਂ ਨੇ ਇਨ੍ਹਾਂ ਤਿੰਨਾਂ ਵਿਰੁੱਧ ਵੋਟ ਪਾਉਣ ਲਈ ਵੀ ਡੱਟ ਕੇ ਪ੍ਰਚਾਰ ਕੀਤਾ ਸੀ। ਢੇਸੀ ਤੇ ਪ੍ਰੀਤ ਗਿੱਲ ਦੋਵੇਂ ਆਪਸ ਵਿਚ ਨੇੜਲੇ ਰਿਸ਼ਤੇਦਾਰ ਵੀ ਹਨ। ਤਨਮਨਜੀਤ ਸਿੰਘ ਦਾ ਪਿੰਡ ਜਲੰਧਰ ਜ਼ਿਲ੍ਹੇ ਵਿਚ ਰਾਏਪੁਰ ਹੈ। ਪ੍ਰੀਤ ਗਿੱਲ ਜਮਸ਼ੇਰ ਖੈੜਾ ਪਿੰਡ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਦਲਜੀਤ ਸਿੰਘ ਸ਼ੇਰਗਿੱਲ 1962 ‘ਚ ਇੰਗਲੈਂਡ ਚਲੇ ਗਏ ਸਨ ਅਤੇ ਉੱਥੇ ਉਹ ਗੁਰਦੁਆਰਾ ਸਮੈਦਿਕ ਦੇ ਲੰਮੇ ਸਮੇਂ ਤੱਕ ਪ੍ਰਧਾਨ ਰਹੇ ਸਨ। ਦੋਵਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।
ਮੋਦੀ ਤੇ ਟਰੰਪ ਵੱਲੋਂ ਜੌਹਨਸਨ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਚੋਣਾਂ ਜਿੱਤਣ ਤੇ ਸੱਤਾ ‘ਚ ਪਰਤਣ ‘ਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਹ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਲਈ ਜੌਹਨਸਨ ਨਾਲ ਕੰਮ ਕਰਨ ਬਾਰੇ ਉਤਸ਼ਾਹਿਤ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਸੰਸਾਰ ਦੇ ਕਈ ਹੋਰ ਆਗੂਆਂ ਨੇ ਵੀ ਜੌਹਨਸਨ ਨੂੰ ਵਧਾਈ ਦਿੱਤੀ ਹੈ।

Check Also

ਕੋਰੋਨਾ ਵਾਇਰਸ ਤੋਂ ਬਾਅਦ ਹੁਣ ਹੰਤਾ ਵਾਇਰਸ ਨੇ ਚੀਨ ‘ਚ ਦਿੱਤੀ ਦਸਤਕ, ਇਕ ਮੌਤ

ਗੜ੍ਹਸ਼ੰਕਰ/ਬਿਊਰੋ ਨਿਊਜ਼ : ਚੀਨ ਅਜੇ ਤੱਕ ਕੋਰੋਨਾ ਵਾਇਰਸ ਦੀ ਜਕੜ ਵਿਚੋਂ ਨਿਕਲ ਨਹੀਂ ਸੀ ਪਾਇਆ, …