ਜਪਾਨ ਦੇ ਇਸ਼ਕਾਵਾ ’ਚ ਆਏ ਭੂਚਾਲ ਕਾਰਨ 30 ਵਿਅਕਤੀਆਂ ਦੀ ਗਈ ਜਾਨ
ਥਾਂ-ਥਾਂ ਅੱਗ ਲੱਗਣ ਕਾਰਨ 200 ਇਮਾਰਤਾਂ ਸੜ ਕੇ ਹੋਈਆਂ ਸੁਆਹ
ਇਸ਼ਕਾਵਾ/ਬਿਊਰੋ ਨਿਊਜ਼ :
ਜਪਾਨ ਦੇ ਸ਼ਹਿਰ ਇਸ਼ਕਾਵਾ ’ਚ ਆਏ ਭੂਚਾਲ ਕਾਰਨ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੇਜ ਭੂਚਾਲ ਤੋਂ ਬਾਅਦ ਇਥੇ ਭੂਚਾਲ ਦੇ 50 ਝਟਕੇ ਹੋਰ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 3.4 ਤੋਂ ਲੈ ਕੇ 4.6 ਦੇ ਦਰਮਿਆਨ ਦਰਜ ਕੀਤੀ ਗਈ। ਇਸ਼ਕਾਵਾ ’ਚ ਥਾਂ-ਥਾਂ ’ਤੇ ਅੱਗ ਲੱਗਣ ਕਾਰਨ 200 ਇਮਾਰਤਾਂ ਵੀ ਸੜ ਕੇ ਸੁਆਹ ਹੋ ਗਈਆਂ ਜਦਕਿ 32 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਵੀ ਗੁੱਲ ਹੈ। ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਕੰਟਰੋਲ ਰੂਮ ਬਣਾਇਆ ਹੈ। ਸ਼ੋਸ਼ਲ ਮੀਡੀਆ ਪਲੇਟ ਫਾਰਮ ‘ਐਕਸ’ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਈ ਵੀ ਵਿਅਕਤੀ ਇਥੇ ਆ ਕੇ ਮਦਦ ਮੰਗ ਸਕਦਾ ਹੈ। ਜਪਾਨ ਦੇ ਰੱਖਿਆ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਲਬੇ ਹੇਠਾਂ ਦਬੇ ਲੋਕਾਂ ਨੂੰ ਕੱਢਣ ਦੇ ਲਈ ਇਕ ਹਜ਼ਾਰ ਤੋਂ ਵੱਧ ਫੌਜੀ ਤਾਇਨਾਤ ਕੀਤੇ ਗਏ ਹਨ ਜਦਕਿ 8 ਹਜ਼ਾਰ ਤੋਂ ਜ਼ਿਆਦਾ ਸੈਨਿਕਾਂ ਨੂੰ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ਼ਕਾਵਾ ਸ਼ਹਿਰ ਦੇ 19 ਹਸਪਤਾਲਾਂ ’ਚ ਵੀ ਬਿਜਲੀ ਬੰਦ ਹੈ ਜਿਸ ਕਾਰਨ ਲੋਕਾਂ ਦੇ ਇਲਾਜ਼ ਸਮੇਂ ਵੀ ਪ੍ਰੇਸ਼ਾਨੀ ਆ ਰਹੀ ਹੈ।