Breaking News
Home / ਦੁਨੀਆ / ਲੰਡਨ ‘ਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਾ ਬੁੱਤ

ਲੰਡਨ ‘ਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਾ ਬੁੱਤ

ਸੰਸਦ ਭਵਨ ਦੇ ਸਾਹਮਣੇ ਲੱਗਣ ਵਾਲੇ ਇਸ ਬੁੱਤ ‘ਤੇ ਦਰਜ ਹੋਵੇਗੀ ਰਾਜ ਕੁਮਾਰੀ ਸੋਫੀਆ ਦਲੀਪ ਸਿੰਘ ਦੀ ਜੀਵਨੀ
ਕੁਝ ਦਿਨ ਪਹਿਲਾਂ ਉਸਦੇ ਨਾਂ ‘ਤੇ ਯੂਕੇ ‘ਚ ਜਾਰੀ ਹੋ ਚੁੱਕਾ ਹੈ ਡਾਕ ਟਿਕਟ
ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਕੀਤਾ ਸੀ ਸੰਘਰਸ਼
ਜਲੰਧਰ : ਯੂਕੇ ਵਿਚ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਮਿਲਿਆਂ 100 ਸਾਲ ਹੋ ਗਏ ਹਨ। ਇਸ ਅਧਿਕਾਰ ਨੂੰ ਦਿਵਾਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਜਲਦ ਹੀ ਲੰਡਨ ਵਿਚ ਸੰਸਦ ਭਵਨ ਦੇ ਸਾਹਮਣੇ ਬੁੱਤ ਲਗਾਇਆ ਜਾਵੇਗਾ। ਇਸ ‘ਤੇ ਉਨ੍ਹਾਂ ਦੀ ਜੀਵਨੀ ਦਰਜ ਹੋਵੇਗੀ। ਉਥੇ ਯੂਕੇ ਸਰਕਾਰ ਨੇ ਉਨ੍ਹਾਂ ਦੇ ਨਾਮ ‘ਤੇ ਕੁਝ ਦਿਨ ਪਹਿਲਾਂ ਡਾਕ ਟਿਕਟ ਵੀ ਜਾਰੀ ਕੀਤਾ ਸੀ। ਪ੍ਰਧਾਨ ਮੰਤਰੀ ਦੀ ਕਾਰ ਅੱਗੇ ਲੇਟ ਕੇ ਕੀਤਾ ਸੀ ਪ੍ਰਦਰਸ਼ਨ : ਲੰਡਨ ਦੇ ਪਾਰਲੀਮੈਂਟ ਸਕੁਏਅਰ ਵਿਚ ਹੁਣ ਤੱਕ ਸਿਰਫ ਪੁਰਸ਼ਾਂ ਦੇ ਬੁੱਤ ਲੱਗੇ ਹਨ, ਜਿਨ੍ਹਾਂ ਵਿਚ ਮਹਾਤਮਾ ਗਾਂਧੀ ਦਾ ਬੁੱਤ ਵੀ ਸ਼ਾਮਲ ਹੈ। ਯੂਕੇ ਦੇ ਇਤਿਹਾਸ ਵਿਚ ਸੋਫੀਆ ਦਲੀਪ ਸਿੰਘ ਦੀ ਸੰਘਰਸ਼ ਭਰੀ ਦਾਸਤਾਂ ਹੈ। ਉਸ ਨੇ ਮਹਿਲਾਵਾਂ ਨਾਲ ਅੱਤਿਆਚਾਰ ਕਰਨ ਵਾਲੇ ਯੂਕੇ ਦੇ ਪੁਲਿਸ ਅਧਿਕਾਰੀਆਂ ਦਾ ਪੂਰਾ ਸਾਹਮਣਾ ਕੀਤਾ। ਉਸ ਨੇ ਯੂਕੇ ਦੀ ਜਨਤਾ ਵਿਚ ਇਹ ਲਹਿਰ ਪੈਦਾ ਕਰ ਦਿੱਤੀ ਕਿ ਜੇਕਰ ਵੋਟ ਨਹੀਂ ਤਾਂ ਟੈਕਸ ਵੀ ਨਹੀਂ। ਮਹਿਲਾਵਾਂ ਨੂੰ ਵੋਟ ਦਿਵਾਉਣ ਲਈ ਸੋਫੀਆ ਦਲੀਪ ਸਿੰਘ ਇੰਨਾ ਜ਼ਬਰਦਸਤ ਸੰਘਰਸ਼ ਕਰ ਰਹੀ ਸੀ ਕਿ ਉਸ ਨੇ ਇਕ ਵਾਰ ਪ੍ਰਧਾਨ ਮੰਤਰੀ ਦੀ ਕਾਰ ਦੇ ਅੱਗੇ ਲੇਟ ਕੇ ਇਸਦਾ ਪ੍ਰਦਰਸ਼ਨ ਕੀਤਾ ਸੀ। ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਦੀ ਸਾਰੀ ਸਟੋਰੀ ਯੂਕੇ ਦੇ ਇਤਿਹਾਸ ਵਿਚ ਦਰਜ ਹੈ।
ਸਰਕਾਰ ਦਾ ਸ਼ਲਾਘਾਯੋਗ ਕਦਮ : ਢੇਸੀ
ਯੂਕੇ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਸੋਫੀਆ ਦਲੀਪ ਸਿੰਘ ਦੀ ਜੀਵਨੀ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਦੇ ਨਾਮ ‘ਤੇ ਡਾਕ ਟਿਕਟ ਜਾਰੀ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ 100 ਸਾਲ ਪਹਿਲਾਂ ਸੋਫੀਆ ਦਲੀਪ ਸਿੰਘ ਨੇ ਮਹਿਲਾਵਾਂ ਲਈ ਕੀ ਕੀਤਾ ਸੀ। ਹੁਣ ਤੱਕ ਤਾਂ ਕਾਫੀ ਲੋਕ ਸੋਫੀਆ ਦੇ ਬਾਰੇ ਜਾਣਦੇ ਵੀ ਨਹੀਂ ਹਨ।
ਬ੍ਰਿਟੇਨ ਦੀ ਸੰਸਦ ‘ਚ ਵਧੀ ਮਹਿਲਾਵਾਂ ਦੀ ਸੰਖਿਆ
ਬ੍ਰਿਟੇਨ ਦੀ ਸੰਸਦ ਵਿਚ ਇਸ ਵਾਰ ਮਹਿਲਾ ਮੈਂਬਰਾਂ ਦੀ ਸੰਖਿਆ ਪਹਿਲਾਂ ਨਾਲੋਂ ਵਧੀ ਹੈ। ਇਹੀ ਨਹੀਂ ਇਸ ਸਮੇਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਵੀ ਇਕ ਮਹਿਲਾ ਹੀ ਹੈ। ਪਹਿਲੀ ਮਹਿਲਾ ਸਿੱਖ ਸੰਸਦ ਮੈਬਰ ਪ੍ਰੀਤ ਕੌਰ ਸ਼ੇਰਗਿੱਲ ਨੂੰ ਵੀ ਸ਼ੈਡੋ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਬ੍ਰਿਟਿਸ ਦੀ ਸੰਸਦ ਵਿਚ 208 ਮਹਿਲਾ ਮੈਂਬਰ ਹਨ, ਜਿਨ੍ਹਾਂ ਵਿਚ ਕੰਸਰਵੇਟਿਵ ਪਾਰਟੀ ਦੀਆਂ 67, ਲੇਬਰ ਪਾਰਟੀ ਦੀਆਂ 119, ਐਸਐਨਪੀ ਦੀਆਂ 12, ਲਿਬਰਲ ਡੈਮੋਕਰੇਟਿਕ ਪਾਰਟੀ ਦੀਆਂ 4, ਗਰੀਨ ਪਾਰਟੀ ਦੀ ਇਕ ਸੰਸਦ ਮੈਂਬਰ ਹੈ, ਜਦਕਿ ਉਚ ਸਦਨ ਹਾਊਸ ਆਫ ਲਾਰਡ ਵਿਚ ਵੀ 176 ਮਹਿਲਾ ਮੈਂਬਰ ਹਨ। ਮਹਿਲਾਵਾਂ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਲਈ ਸੋਫੀਆ ਦਾ ਬਹੁਤ ਅਹਿਮ ਯੋਗਦਾਨ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਯਾਦ ਵਿਚ ਇਹ ਸਭ ਕੀਤਾ ਜਾ ਰਿਹਾ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …