ਨਵਜੋਤ ਸਿੱਧੂ ਨੇ ਸਾਧਿਆ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਨਿਸ਼ਾਨਾ
ਕਿਹਾ : ਸ਼ਰਾਬ ਘੁਟਾਲੇ ਨਾਲ ਜੁੜੇ ਸਵਾਲਾਂ ਦਾ ਜਵਾਬ ਕੇਜਰੀਵਾਲ ਨੇ ਨਹੀਂ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਸ਼ਰਾਬ ਪਾਲਿਸੀ ਦੇ ਬਹਾਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸ਼ਰਾਬ ਪਾਲਿਸੀ ਸਬੰਧੀ ਅੰਕੜੇ ਪੇਸ਼ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਆਰਟੀਆਈ ਯੋਧਾ ਚੋਰੀ ਦੇ ਮਾਸਟਰ ’ਚ ਬਦਲ ਗਿਆ ਹੈ। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਦਿੱਲੀ ਸ਼ਰਾਬ ਘੋਟਾਲੇ ਨਾਲ ਜੁੜੇ ਮੇਰੇ ਸਵਾਲਾਂ ਦਾ ਜਵਾਬ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਨਹੀਂ ਦਿੱਤਾ। ਕੇਜਰੀਵਾਲ ਦੀ ਇਹ ਚੁੱਪੀ ਉਨ੍ਹਾਂ ਦੇ ਸਿਧਾਂਤਾਂ ਦੇ ਪ੍ਰਤੀ ਵਿਸ਼ਵਾਸਘਾਤ ਹੈ ਜਿਨ੍ਹਾਂ ਦੀ ਉਹ ਵਕਾਲਤ ਕਰਦੇ ਹਨ। ਸਿੱਧੂ ਨੇ ਸ਼ੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਇਕ ਵੀਡੀਓ ’ਚ ਦੱਸਿਆ ਕਿ ਜਦੋਂ ਦਿੱਲੀ ’ਚ ਐਕਸਾਈਜ਼ ਪਾਲਿਸੀ ਆਈ ਤਾਂ ਉਸ ਨੂੰ ਤਿੰਨ ਮਹੀਨਿਆਂ ਮਗਰੋਂ ਹੀ ਸਰਕਾਰ ਨੇ ਵਾਪਸ ਲੈ ਲਿਆ ਸੀ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਦਾਲ ਵਿਚ ਜ਼ਰੂਰ ਕੁੱਝ ਕਾਲਾ ਸੀ। ਕਿਉਂਕਿ ਕੋਈ ਵੀ ਕਾਰ ਕੰਪਨੀ ਆਪਣੀ ਕਾਰ ਨੂੰ ਮਾਰਕੀਟ ਵਿਚੋਂ ਉਦੋਂ ਹੀ ਵਾਪਸ ਲੈਂਦੀ ਹੈ ਜਦੋਂ ਮੈਨੂੰਫੈਕਚਰਿੰਗ ਦੌਰਾਨ ਉਸ ’ਚ ਕੋਈ ਦਿੱਕਤ ਰਹਿ ਗਈ ਹੋਵੇ। ਇਸੇ ਤਰ੍ਹਾਂ ਕੇਜਰੀਵਾਲ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ’ਚ ਕੋਈ ਨਾ ਕੋਈ ਕਮੀ ਜ਼ਰੂਰ ਸੀ, ਜਿਸ ਦੇ ਚਲਦਿਆਂ ਇਸ ਨੂੰ ਵਾਪਸ ਲਿਆ ਗਿਆ ਸੀ।