ਦਹਾਕਿਆਂ ਪੁਰਾਣੀਆਂ ਹਨ ਸ਼ਿਲਾਂਗ ‘ਚ ਹੋਏ ਇਸ ਵਿਵਾਦ ਦੀਆਂ ਜੜ੍ਹਾਂ
ਸ਼ਿਲਾਂਗ : ਪੂਰਬ ਉਤਰ ਦਾ ਸਕਾਟਲੈਂਡ ਕਹਾਉਣ ਵਾਲੇ ਮੇਘਾਲਿਆ ਨੂੰ ਇਲਾਕੇ ਦੇ ਸੱਤ ਸੂਬਿਆਂ ਵਿਚੋਂ ਸਭ ਤੋਂ ਸ਼ਾਂਤ ਮੰਨਿਆ ਜਾਂਦਾ ਹੈ। ਪਰ ਪਿਛਲੇ ਵੀਰਵਾਰ ਤੋਂ ਇੱਥੇ ਇਤਿਹਾਸ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਰਾਜਧਾਨੀ ਸ਼ਿਲਾਂਗ ਵਿਚ ਇਕ ਸਿੱਖ ਲੜਕੀ ਨਾਲ ਹੋਈ ਛੇੜਛਾੜ ਅਤੇ ਉਸ ਤੋਂ ਬਾਅਦ ਆਰੋਪੀ ਨਾਲ ਮਾਰਕੁੱਟ ਦੀ ਘਟਨਾ ਨੇ ਸ਼ੋਸ਼ਲ ਮੀਡੀਆ ‘ਤੇ ਫੈਲੀਆਂ ਅਫਵਾਹਾਂ ਦੇ ਚੱਲਦਿਆਂ ਭਿਆਨਕ ਰੂਪ ਲੈ ਲਿਆ। ਪਰ ਹਕੀਕਤ ਵਿਚ ਇਸ ਵਿਵਾਦ ਦੀਆਂ ਜੜ੍ਹਾਂ ਲੰਬੇ ਸਮੇਂ ਤੋਂ ਸਥਾਨਕ ਖਾਸੀ ਭਾਈਚਾਰੇ ਅਤੇ ਸੌ ਸਾਲ ਤੋਂ ਵੀ ਲੰਬੇ ਸਮੇਂ ਤੋਂ ਇੱਥੇ ਰਹਿਣ ਵਾਲੇ ਸਿੱਖ ਭਾਈਚਾਰੇ ਵਿਚਕਾਰ ਜਾਤੀਵਾਦ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਵੀ ਦੋਵੇਂ ਭਾਈਚਾਰਿਆਂ ਵਿਚ ਕਦੀ-ਕਦੀ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਤਾਜ਼ਾ ਹਿੰਸਾ ਤੋਂ ਬਾਅਦ ਖਾਸੀ ਵਿਦਿਆਰਥੀ ਸੰਘ ਸਮੇਤ ਵੱਖ-ਵੱਖ ਸੰਗਠਨ ਇੱਥੇ ਪੰਜਾਬੀ ਲਾਈਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵਿਅਕਤੀ ਗੈਰਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੇ ਹਨ।
ਵੀਰਵਾਰ 31 ਮਈ ਦੀ ਘਟਨਾ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿਚ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ। ਫਿਰ ਸ਼ੋਸ਼ਲ ਮੀਡੀਆ ‘ਤੇ ਅਫਵਾਹ ਫੈਲ ਗਈ ਕਿ ਮਾਰਕੁੱਟ ਵਿਚ ਜ਼ਖ਼ਮੀ ਸਿੱਖ ਲੜਕੀ ਨਾਲ ਛੇੜਛਾੜ ਦੇ ਆਰੋਪੀ ਖਲਾਸੀ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਮਾਮਲੇ ਨੇ ਖਾਸੀ ਬਨਾਮ ਸਿੱਖ ਵਿਵਾਦ ਦਾ ਰੂਪ ਲੈ ਲਿਆ। ਖਾਸੀ ਨੌਜਵਾਨਾਂ ਨੇ ਪੰਜਾਬੀ ਲਾਈਨ ਪਹੁੰਚ ਕੇ ਭੰਨ-ਤੋੜ ਅਤੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਸੂਬੇ ਦੀ ਭਾਜਪਾ ਸਰਕਾਰ ਹਰਕਤ ਵਿਚ ਆਈ ਅਤੇ ਉਸ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਮੈਦਾਨ ਵਿਚ ਉਤਾਰਿਆ। ਰਾਜਧਾਨੀ ਵਿਚ ਮੋਬਾਇਲ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਪਰ ਵਿਵਾਦ ਰੁਕਣ ਦੀ ਬਜਾਏ ਲਗਾਤਾਰ ਵਧਦਾ ਗਿਆ। ਹਾਲਾਤ ਇੰਨੇ ਵਿਗੜ ਗਏ ਕਿ ਸਰਕਾਰ ਨੂੰ ਫੌਜ ਬੁਲਾਉਣੀ ਪਈ। ਵੱਖ-ਵੱਖ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ।
ਐਤਵਾਰ ਨੂੰ ਕਰਫਿਊ ਵਿਚ ਢਿੱਲ ਦੌਰਾਨ ਇਕ ਵਾਰ ਫਿਰ ਨਵੇਂ ਸਿਰੇ ਤੋਂ ਹਿੰਸਾ ਭੜਕ ਉਠੀ। ਹਿੰਸਾ ਅਤੇ ਅਗਜ਼ਨੀ ਦੀਆਂ ਘਟਨਾਵਾਂ ਨਾਲ ਦਹਿਸ਼ਤ ਵਿਚ ਆਏ ਸੈਂਕੜੇ ਸਿੱਖ ਪਰਿਵਾਰਾਂ ਨੇ ਸਥਾਨਕ ਗੁਰਦੁਆਰਿਆਂ ਵਿਚ ਸ਼ਰਣ ਲਈ ਹੈ।
ਰਾਜਧਾਨੀ ਦੇ ਪੰਜਾਬੀ ਲਾਈਨ ਮੁਹੱਲੇ ਵਿਚ ਲਗਭਗ ਢਾਈ ਸੌ ਸਿੱਖ ਪਰਿਵਾਰ ਰਹਿੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਅਕਤੀ ਸ਼ਿਲਾਂਗ ਨਗਰ ਪਾਲਿਕਾ ਵਿਚ ਕੰਮ ਕਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨਾਲ ਫੋਨ ‘ਤੇ ਗੱਲਬਾਤ ਕਰਕੇ ਸਿੱਖ ਪਰਿਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ। ਸੰਗਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸਦਾ ਭਰੋਸਾ ਵੀ ਦਿੱਤਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …