Home / ਭਾਰਤ / ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਭਾਜਪਾ ਅਤੇ ਕਾਂਗਰਸ ਵਿਚਕਾਰ ਹੈ ਅੰਦਰਖਾਤੇ ਗੱਠਜੋੜ : ਕੇਜਰੀਵਾਲ
ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) 2022 ‘ਚ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ‘ਚ ਵੈਸ਼ਨਵ ਮੰਦਰ ਦੇ ਦੌਰੇ ਮੌਕੇ ਇਹ ਐਲਾਨ ਕੀਤਾ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਨਗਰ ‘ਚ ਉਨ੍ਹਾਂ ‘ਤੇ ਸਿੱਧਾ ਸਿਆਸੀ ਹਮਲਾ ਕਰਨ ਤੋਂ ਗੁਰੇਜ਼ ਕਰਦਿਆਂ ਲੋਕਾਂ ਦੀ ਤਰਸਯੋਗ ਹਾਲਤ ਲਈ ਹੁਕਮਰਾਨ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ‘ਤੇ ਦੋਸ਼ ਲਾਏ। ਸ਼ਹਿਰ ਦੇ ਇਕ ਦਿਨੀਂ ਦੌਰੇ ‘ਤੇ ਪਹੁੰਚੇ ‘ਆਪ’ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ‘ਚ ਭਾਜਪਾ ਅਤੇ ਕਾਂਗਰਸ ਦਾ ਅਸਲ ਬਦਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਾਜਪਾ ਅਤੇ ਕਾਂਗਰਸ ਵਿਚਕਾਰ ਅੰਦਰਖਾਤੇ ਗੱਠਜੋੜ ਹੈ। ‘ਭਾਜਪਾ ਪਿਛਲੇ 27 ਵਰ੍ਹਿਆਂ ਤੋਂ ਸੂਬੇ ‘ਚ ਰਾਜ ਕਰ ਰਹੀ ਹੈ। ਮੈਂ ਲੋਕਾਂ ਨੂੰ ਆਖਦੇ ਸੁਣਿਆ ਹੈ ਕਿ ਕਾਂਗਰਸ ਤਾਂ ਭਾਜਪਾ ਦੀ ਜੇਬ ‘ਚ ਹੈ ਅਤੇ ਦੋਵੇਂ ਪਾਰਟੀਆਂ ਇਕੋ ਨਾਲ ਦੀਆਂ ਹਨ। ਦੋਵੇਂ ਪਾਰਟੀਆਂ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਸਮੇਂ ਤੱਕ ਗੁਜਰਾਤ ਦੀ ਸੱਤਾ ‘ਤੇ ਕਾਬਜ਼ ਰਹੀਆਂ ਪਰ ਲੋਕ ਜਾਣਦੇ ਹਨ ਕਿ ਉਨ੍ਹਾਂ ਕੀ ਕੁਝ ਕੀਤਾ ਹੈ। ਕਿਸਾਨ 75 ਸਾਲ ਮਗਰੋਂ ਵੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।’ ਪ੍ਰੈੱਸ ਕਾਨਫਰੰਸ ਦੌਰਾਨ ਗੁਜਰਾਤੀ ਨਿਊਜ਼ ਚੈਨਲ ਦਾ ਸਾਬਕਾ ਮੁਖੀ ਇਸੂਦਾਨ ਗੜਵੀ ਵੀ ‘ਆਪ’ ਵਿਚ ਸ਼ਾਮਲ ਹੋ ਗਿਆ। ਕੇਜਰੀਵਾਲ ਨੇ ਦਿੱਲੀ ‘ਚ ਮੁਫ਼ਤ ਬਿਜਲੀ, ਵਧੀਆ ਹਸਪਤਾਲਾਂ ਅਤੇ ਸਕੂਲਾਂ ਦਾ ਹਵਾਲਾ ਦਿੱਤਾ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਗੁਜਰਾਤ ‘ਚ ‘ਦਿੱਲੀ ਮਾਡਲ’ ਲਾਗੂ ਕਰਨਾ ਚਾਹੁਣਗੇ ਤਾਂ ‘ਆਪ’ ਮੁਖੀ ਨੇ ਕਿਹਾ ਕਿ ਵਿਕਾਸ ਦੇ ਮਾਡਲ ਦਾ ਫ਼ੈਸਲਾ ਗੁਜਰਾਤ ਦੇ ਛੇ ਕਰੋੜ ਲੋਕ ਲੈਣਗੇ। ਮੋਦੀ ਅਤੇ ਸ਼ਾਹ ਨਾਲ ਗੁਜਰਾਤ ‘ਚ ਟਾਕਰੇ ਦੀ ਰਣਨੀਤੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ‘ਆਪ’ ਕਿਸੇ ਇਕ ਪਾਰਟੀ ਜਾਂ ਵਿਅਕਤੀ ਖਿਲਾਫ ਲੜਨ ਦੀ ਬਜਾਏ ਗੁਜਰਾਤ ਦੇ ਲੋਕਾਂ ਲਈ ਲੜੇਗੀ। ਜ਼ਿਕਰਯੋਗ ਹੈ ਕਿ ‘ਆਪ’ ਨੇ ਸੂਰਤ ਮਿਉਂਸਿਪਲ ਕਾਰਪੋਰੇਸ਼ਨ ਦੀਆਂ 120 ‘ਚੋਂ 27 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।

Check Also

ਬੀਬੀਆਂ ਨੇ ਚਲਾਈ ‘ਕਿਸਾਨ ਸੰਸਦ’

ਜੰਤਰ-ਮੰਤਰ ’ਤੇ ਦਿਸੀ ਬੀਬੀਆਂ ਦੀ ਸ਼ਕਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ …