ਪੰਜਾਬ ਤੇ ਹਿਮਾਚਲ ’ਚ ਡੈਮਾਂ ਕਰਕੇ ਹੁਣ ਨਹੀਂ ਹੋਵੇਗਾ ਨੁਕਸਾਨ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕਈ ਖੇਤਰਾਂ ਵਿਚ ਤਬਾਹੀ ਦਾ ਕਾਰਨ ਬਣੇ ਬਿਜਲੀ ਪ੍ਰਾਜੈਕਟਾਂ ਲਈ ਬਣਾਏ ਗਏ ਡੈਮ ਪ੍ਰਬੰਧਨ ’ਤੇ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੀ ਸਰਕਾਰ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ’ਤੇ ਕਾਰਵਾਈ ਦੇ ਲਈ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਨੇ ਮਾਹਿਰਾਂ ਦੀ ਇਕ ਹਾਈ ਪਾਵਰ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਸੂਬੇਵਿਚ ਚੱਲ ਰਹੇ ਸਾਰੇ 23 ਡੈਮਾਂ ਦਾ ਨਿਰੀਖਣ ਕਰੇਗੀ। ਜਿਨ੍ਹਾਂ ਪ੍ਰੋਜੈਕਟਾਂ ਵਿਚ ਕਮੀਆਂ ਜਾਂ ਵਾਰਨਿੰਗ ਸਿਸਟਮ ਨਹੀਂ ਹੋਵੇਗਾ, ਉਸ ’ਤੇ ਕਮੇਟੀ ਸਰਕਾਰ ਨੂੰ ਕਾਰਵਾਈ ਦੀ ਸਿਫਾਰਸ਼ ਕਰੇਗੀ। ਦਰਅਸਲ ਪਿਛਲੇ ਦਿਨੀਂ ਮਾਨਸੂਨ ਦੇ ਮੌਸਮ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਪੰਡੋਹ, ਕੁੱਲੂ ਦੇ ਸੈਂਜ, ਕਾਂਗੜਾ ਦੇ ਫਹੇਤਪੁਰ ਅਤੇ ਪੰਜਾਬ ਦੇ ਕਈ ਖੇਤਰਾਂ ਵਿਚ ਡੈਮਾਂ ਵਿਚੋਂ ਵੱਡੀ ਮਾਤਰਾ ਵਿਚ ਪਾਣੀ ਛੱਡਣ ਕਰਕੇ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਪੰਜਾਬ ਵਿਚ ਕਿਸਾਨਾਂ ਦੀਆਂ ਫਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਬਹੁਤਾ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਡੈਮਾਂ ਅਤੇ ਭਾਖੜਾ ਡੈਮ ਵਿਚੋਂ ਪਾਣੀ ਛੱਡਣ ਕਰਕੇ ਹੋਇਆ ਸੀ।