ਫਰਾਂਸ ’ਚ ਵੀ ਇਸਤੇਮਾਲ ਕੀਤੇ ਜਾ ਸਕਣਗੇ ਭਾਰਤੀ ਯੂਪੀਆਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੋ ਦਿਨਾਂ ਦੌਰੇ ’ਤੇ ਪਹੁੰਚੇ ਅਤੇ ਉਥੇ ਪੈਰਿਸ ਦੇ ਪ੍ਰੈਜੀਡੈਂਟ ਪੈਲੇਸ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਉਨ੍ਹਾਂ ਨੂੰ ਦੇਸ਼ ਦੇ ਸਰਵਉਚ ਸਨਮਾਨ ‘ਦਿ ਗਰੈਂਡ ਕ੍ਰਾਸ ਆਫ ਦ ਲੀਜ਼ਨ ਆਫ ਔਨਰ’ ਨਾਲ ਨਿਵਾਜਿਆ। ਨਰਿੰਦਰ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਪੀਐਮ ਮੋਦੀ ਨੇ ਫਰਾਂਸ ਵਿਚ ਵਸਦੇ ਪਰਵਾਸੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਫਰਾਂਸ ਅਤੇ ਭਾਰਤ ਦੇ ਵਿਚਕਾਰ ਡਿਜੀਟਲ ਪੇਮੈਂਟ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸਦੇ ਤਹਿਤ ਫਰਾਂਸ ਵਿਚ ਭਾਰਤ ਦੇ ਯੂਪੀਆਈ ਨਾਲ ਪੇਮੈਂਟ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਸਦੀ ਸ਼ੁਰੂਆਤ ਏਫਿਲ ਟਾਵਰ ਤੋਂ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਲਾਅ ਸੀਨ ਮਿਊਜ਼ੀਕਲ ਵਿਚ ਪਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਫਰਾਂਸ ਆਉਣਾ ਘਰ ਆਉਣ ਵਰਗਾ ਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਜਿੱਥੇ ਵੀ ਜਾਂਦੇ ਹਨ ਮਿੰਨੀ ਇੰਡੀਆ ਬਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਹਰ ਅੰਤਰਰਾਸ਼ਟਰੀ ਏਜੰਸੀ ਕਹਿ ਰਹੀ ਹੈ ਕਿ ਭਾਰਤ ਅੱਗੇ ਵਧ ਰਿਹਾ ਹੈ।

