ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਮਹਿੰਗਾਈ ਦੇ ਮੁੱਦੇ ’ਤੇ ਘੇਰੀ ਮੋਦੀ ਸਰਕਾਰ
ਕਿਹਾ : ਦੇਸ਼ 20 ਫੀਸਦੀ ਗਰੀਬ ਲੋਕ ਝੱਲ ਰਹੇ ਨੇ ਮਹਿੰਗਾਈ ਦੀ ਸਭ ਤੋਂ ਵੱਧ ਮਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਅੱਜ ਮਹਿੰਗਾਈ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ 20 ਫੀਸਦੀ ਗਰੀਬ ਲੋਕ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਨਾ ਭਟਕਾ ਕੇ ਮਹਿੰਗਾਈ ਨੂੰ ਘਟਾਉਣ ਵੱਲ ਧਿਆਨ ਦੇਣ। ਮਲਿਕਾ ਅਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ ‘‘ਤੂ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਿਲਾ ਕਿਉਂ ਲੁਟਾ?’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਇੱਧਰ-ਉਧਰ ਦੀਆਂ ਗੱਲਾਂ ਕਰਕੇ ਜਨਤਾ ਦਾ ਧਿਆਨ ‘ਮਹਿੰਗਾਈ ਰਾਹੀਂ ਕੀਤੀ ਜਾ ਰਹੀ ਲੁੱਟ’ ਤੋਂ ਹਟਾਉਣਾ ਚਾਹੁੰਦੇ ਹਨ। ਮੋਦੀ ਸਰਕਾਰ ਦੀ ਇਸ ਲੁੱਟ ਦੇ ਚੱਲਦਿਆਂ ਮਹਿੰਗਾਈ ਦੀ ਸਭ ਤੋਂ ਵੱਧ ਮਾਰ 20 ਫੀਸਦੀ ਸਭ ਤੋਂ ਗਰੀਬ ਲੋਕਾਂ ਨੂੰ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਦੇਸ਼ ਦੇ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੀਆਂ ਮੁਸੀਬਤਾਂ ਦਾ ਇੱਕੋ-ਇੱਕ ਕਾਰਨ ਭਾਜਪਾ ਹੈ ਅਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ਸਬਕ ਸਿਖਾ ਕੇ ਇਸ ਦਾ ਬਦਲਾ ਜ਼ਰੂਰ ਲਵੇਗੀ। ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਮਹਿੰਗਾਈ ਦੇ ਮੁੱਦੇ ’ਤੇ ਜੁੜੇਗਾ ਭਾਰਤ, ਜਿੱਤੇਗਾ ਇੰਡੀਆ।