ਸੰਯੁਕਤ ਕਿਸਾਨ ਮੋਰਚੇ ਨੇ 15 ਤੋਂ 25 ਸਤੰਬਰ ਤੱਕ ਦੇਸ਼ ਭਰ ‘ਚ ਅੰਦੋਲਨ ਕਰਨ ਦਾ ਲਿਆ ਫ਼ੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਦਾ ਦਿਨ ਲਖੀਮਪੁਰ ਖੀਰੀ ਕਤਲ ਦਿਵਸ ਵਜੋਂ ਮਨਾਇਆ ਜਾਵੇਗਾ। ਉਸ ਦਿਨ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਂਦਿਆਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਹ ਫ਼ੈਸਲਾ ਮੋਰਚੇ ਦੀ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੋਰਚੇ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ 15 ਤੋਂ 25 ਸਤੰਬਰ ਤੱਕ ਪੂਰੇ ਦੇਸ਼ ਵਿੱਚ ਬਲਾਕ ਅਤੇ ਤਹਿਸੀਲ ਪੱਧਰ ‘ਤੇ ਅੰਦੋਲਨ ਕਰਨ ਦਾ ਫੈਸਲਾ ਵੀ ਲਿਆ ਹੈ।
ਸੰਸਦ ਮੈਂਬਰਾਂ ਨੂੰ ਮਿਲ ਕੇ ਅਤੇ ਸੰਸਦ ਵਿੱਚ ਕਿਸਾਨ ਮੰਗਾਂ ਪੇਸ਼ ਕਰਨ ਲਈ ਦਬਾਅ ਪਾਉਣ ਵਾਸਤੇ ਹਰੇਕ ਰਾਜ ਵਿੱਚ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ ਅਤੇ 26 ਨਵੰਬਰ ਨੂੰ ਰਾਜਪਾਲਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ।
ਮੀਟਿੰਗ ਦੀ ਅਗਵਾਈ ਰੁਲਦੂ ਸਿੰਘ, ਤਜਿੰਦਰ ਸਿੰਘ ਵਿਰਕ, ਹਨਨ ਮੌਲਾ, ਦਰਸ਼ਨ ਪਾਲ ਅਤੇ ਰਾਕੇਸ਼ ਟਿਕੈਤ ਨੇ ਕੀਤੀ। ਮੀਟਿੰਗ ਦੌਰਾਨ ਕਾਰਵਾਈਆਂ ਦੀ ਇੱਕ ਸੰਖੇਪ ਰਿਪੋਰਟ ਵੀ ਰੱਖੀ ਗਈ। ਨਵੀਂ ਤਾਲਮੇਲ ਕਮੇਟੀ ਦਾ ਵਿਸਥਾਰ ਕਰਨ ਦਾ ਵੀ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਵਾਂ ਦੀ ਚੋਣ ਲਈ 11 ਮੈਂਬਰੀ ਡਰਾਫਟ ਕਮੇਟੀ ਬਣਾਈ ਗਈ ਹੈ। ਮੋਰਚੇ ਨੇ ਭਵਿੱਖ ਦੇ ਸੰਘਰਸ਼ਾਂ ਲਈ ਮੰਗਾਂ ਦਾ ਨਵਾਂ ਚਾਰਟਰ ਵੀ ਤਿਆਰ ਕੀਤਾ ਹੈ। ਇਸ ‘ਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਬਿਜਲੀ ਬਿੱਲ ਵਾਪਸ ਲੈਣ, ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਕਿਸਾਨਾਂ ਨੂੰ ਸਹੀ ਫਸਲ ਬੀਮਾ, ਪੈਨਸ਼ਨਾਂ, ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੇ ਗ੍ਰਿਫ਼ਤਾਰ ਕਰਨ, ਕਿਸਾਨਾਂ ‘ਤੇ ਦਰਜ ਝੂਠੇ ਕੇਸ ਵਾਪਸ ਲੈਣ, ਸ਼ਹੀਦ ਪਰਿਵਾਰਾਂ ਦੀ ਮਦਦ ਆਦਿ ਜਿਹੀਆਂ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ। ਤਾਲਮੇਲ ਕਮੇਟੀ ਦੇ ਮੈਂਬਰ ਯੋਗੇਂਦਰ ਯਾਦਵ ਨੇ ਮੋਰਚੇ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਉਹ ਹੋਰ ਕੰਮ ਕਰਨਾ ਚਾਹੁੰਦੇ ਹਨ ਜਿਸ ਨੂੰ ਸਵੀਕਾਰ ਕਰ ਲਿਆ ਗਿਆ।