ਸੱਤਾ ‘ਚ ਆਉਣ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਗੈਸ ਸਿਲੰਡਰ 500 ਰੁਪਏ ‘ਚ ਦੇਣ ਤੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਕੀਤਾ ਵਾਅਦਾ
ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ‘ਚ ਆਪਣੀ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਸੂਬੇ ਦੇ ਹਰ ਕਿਸਾਨ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ, ਐੱਲਪੀਜੀ ਸਿਲੰਡਰ ਮੌਜੂਦਾ ਕੀਮਤ ਇੱਕ ਹਜ਼ਾਰ ਰੁਪਏ ਦੀ ਥਾਂ 500 ਰੁਪਏ ‘ਚ ਦੇਣ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ। ਗੁਜਰਾਤ ਵਿੱਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ ‘ਤੇ ‘ਪਰਿਵਰਤਨ ਸੰਕਲਪ ਰੈਲੀ’ ਵਿੱਚ ਕਾਂਗਰਸ ਦੇ ਬੂਥ ਪੱਧਰ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਆਮ ਖਪਤਕਾਰਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਕੀਤਾ।
ਉਨ੍ਹਾਂ 10 ਲੱਖ ਨਵੀਆਂ ਨੌਕਰੀਆਂ ਦੇਣ, ਅੰਗਰੇਜ਼ੀ ਮੀਡੀਅਮ ਦੇ ਤਿੰਨ ਹਜ਼ਾਰ ਸਕੂਲਾਂ ਦਾ ਨਿਰਮਾਣ ਕਰਨ, ਲੜਕੀਆਂ ਨੂੰ ਮੁਫਤ ਸਿੱਖਿਆ ਦੇਣ ਅਤੇ ਦੁੱਧ ਉਤਪਾਦਕਾਂ ਨੂੰ 5 ਰੁਪਏ ਪ੍ਰਤੀ ਲਿਟਰ ਸਬਸਿਡੀ ਦੇਣ ਸਮੇਤ ਕਈ ਵਾਅਦੇ ਕੀਤੇ।
ਰਾਹੁਲ ਗਾਂਧੀ ਨੇ ਸੂਬੇ ਦੀ ਭਾਜਪਾ ਸਰਕਾਰ ‘ਤੇ ਆਰੋਪ ਲਾਇਆ ਕਿ ਸੂਬਾ ਸਰਕਾਰ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਦਾ ਅਪਮਾਨ ਕਰ ਰਹੀ ਹੈ ਜੋ ਦੇਸ਼ ਵਿਚਲੇ ਕਿਸਾਨਾਂ ਦੀ ਆਵਾਜ਼ ਸਨ। ਉਨ੍ਹਾਂ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦਾਅਵਾ ਕੀਤਾ ਕਿ ਇੱਕ ਪਾਸੇ ਭਾਜਪਾ ਨੇ ਗੁਜਰਾਤ ‘ਚ ਸਰਦਾਰ ਵੱਲਭ ਭਾਈ ਪਟੇਲ ਦਾ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣਾਇਆ ਤੇ ਦੂਜੇ ਪਾਸੇ ਉਸ ਨੇ ਉਨ੍ਹਾਂ ਦਾ ਹੀ ਅਪਮਾਨ ਕੀਤਾ ਹੈ, ਜਿਨ੍ਹਾਂ ਦੇ ਲੇਖੇ ਸਰਦਾਰ ਪਟੇਲ ਨੇ ਸਾਰੀ ਜ਼ਿੰਦਗੀ ਲਗਾਈ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਇੱਥੋਂ ਦੀ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਵੱਡੇ ਸਨਅਤਕਾਰਾਂ ਦਾ ਕਰਜ਼ਾ ਮੁਆਫ਼ ਕਰੇਗੀ ਪਰ ਕੀ ਤੁਸੀਂ ਕਦੀ ਸੁਣਿਆ ਹੈ ਕਿ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ? ਮੈਂ ਗੁਜਰਾਤ ‘ਚ ਸੱਤਾ ‘ਚ ਆਉਣ ਮਗਰੋਂ ਹਰ ਕਿਸਾਨ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਦਾ ਹਾਂ।’
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਤੇ ਕਰਨਾਟਕ ‘ਚ ਵੀ ਕਿਸਾਨਾਂ ਦੇ ਕਰਜ਼ ਮੁਆਫ਼ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੂਬੇ ‘ਚ ਹਜ਼ਾਰਾਂ ਸਕੂਲ ਬੰਦ ਕੀਤੇ ਹਨ ਪਰ ਜੇਕਰ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਸੂਬੇ ਵਿੱਚ ਤਿੰਨ ਹਜ਼ਾਰ ਅੰਗਰੇਜ਼ੀ ਮੀਡੀਅਮ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਚੋਣਾਂ ਜਿੱਤਣ ‘ਤੇ ਸੂਬੇ ‘ਚ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …