Breaking News
Home / ਭਾਰਤ / ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਜ਼ਬਰਦਸਤ ਟਰੈਕਟਰ ਮਾਰਚ

ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਜ਼ਬਰਦਸਤ ਟਰੈਕਟਰ ਮਾਰਚ

50 ਹਜ਼ਾਰ ਤੋਂ ਵੱਧ ਟਰੈਕਟਰ ਦਿੱਲੀ ਦੀ ਹਿੱਕ ‘ਤੇ ਚੜ੍ਹੇ
ਭਲਕੇ 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਫਿਰ ਹੋਵੇਗੀ ਗੱਲਬਾਤ
ਨਵੀਂ ਦਿੱਲੀ, ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਨੂੰ ਅੱਜ 43ਵਾਂ ਦਿਨ ਹੈ। ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੇ ਅੱਜ ਦਿੱਲੀ ਦੇ ਚਾਰੇ ਪਾਸੇ ਟਰੈਕਟਰ ਮਾਰਚ ਵੀ ਕੀਤਾ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਇਸ ਮਾਰਚ ਵਿਚ ਕਿਸਾਨ 50 ਹਜ਼ਾਰ ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਲ ਹੋਏ। ਇਹ ਮਾਰਚ ਸਿੰਘੂ ਬਾਰਡਰ ਤੋਂ ਟਿੱਕਰੀ, ਟਿੱਕਰੀ ਤੋਂ ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਤੋਂ ਗਾਜ਼ੀਪੁਰ ਤੱਕ ਕੀਤਾ ਗਿਆ ਅਤੇ ਇਸ ਮਾਰਚ ਵਿਚ ਬੀਬੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨਾ ਮੰਨੀ ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਹੋਵੇਗੀ ਅਤੇ ਅੱਜ ਦਾ ਟਰੈਕਟਰ ਮਾਰਚ ਤਾਂ ਇਕ ਰਿਹਰਸਲ ਹੀ ਸੀ। ਜ਼ਿਕਰਯੋਗ ਹੈ ਕਿ ਭਲਕੇ 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਦੇ ਮੰਤਰੀਆਂ ਨਾਲ ਫਿਰ ਮੀਟਿੰਗ ਹੋਣੀ ਹੈ। ਧਿਆਨ ਰਹੇ ਕਿ ਸਰਕਾਰ ਦੇ ਮੰਤਰੀਆਂ ਦੀਆਂ ਪਹਿਲਾਂ ਜਿੰਨੀਆਂ ਵੀ ਮੀਟਿੰਗਾਂ ਕਿਸਾਨਾਂ ਨਾਲ ਹੋਈਆਂ ਹਨ, ਉਹ ਸਾਰੀਆਂ ਬੇਸਿੱਟਾ ਹੀ ਰਹੀਆਂ ਹਨ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …